ਸ੍ਰੀਨਗਰ/ ਚੰਡੀਗੜ੍ਹ: ਕਸ਼ਮੀਰ ਵਿਚ ਜਾਰੀ ਪ੍ਰਦਰਸ਼ਨਾਂ ਅਤੇ ਰੋਸ ਮੁਜਾਹਰਿਆਂ ਤੋਂ ਬਾਅਦ ਸਰਕਾਰ ਨੇ ਕਸ਼ਮੀਰ ਵਿਚ ਅਖ਼ਬਾਰ ਅਤੇ ਕੇਬਲ ਟੀ.ਵੀ. ਦੀਆਂ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਛੇ ਸਾਲਾਂ ਵਿਚ ਪਹਿਲੀ ਵਾਰ ਜੰਮੂ ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ਦੇ ਸਾਰੇ ਅਖ਼ਬਾਰ ਬੰਦ ਕਰ ਦਿੱਤੇ ਹਨ। ਪੁਲਿਸ ਨੇ ਅੱਧੀ ਰਾਤ ਨੂੰ ਦੋ ਪ੍ਰਮੁੱਖ ਰੋਜ਼ਾਨਾ ਅਖ਼ਬਾਰਾਂ ਦੀਆਂ ਪ੍ਰਿੰਟਿੰਗ ਪ੍ਰੈਸਾਂ ‘ਤੇ ਛਾਪੇ ਮਾਰੇ ਅਤੇ ਸਾਰੀਆਂ ਕਾਪੀਆਂ ਅਤੇ ਪ੍ਰਿੰਟਿੰਗ ਪਲੇਟਾਂ ਜ਼ਬਤ ਕਰ ਲਈਆਂ ਅਤੇ ਧਮਕੀਆਂ ਜਾਰੀ ਕੀਤੀਆਂ ਕਿ ਜਦੋਂ ਤਕ ਉੱਚ ਅਧਿਕਾਰੀ ਵਲੋਂ ‘ਇਜਾਜ਼ਤ’ ਨਹੀਂ ਮਿਲ ਜਾਂਦੀ ਉਦੋਂ ਤਕ ਅਖ਼ਬਾਰਾਂ ਨਾ ਛਾਪੀਆਂ ਜਾਣ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, “ਅਧਿਕਾਰੀਆਂ ਨੇ ਸ਼ਨੀਵਾਰ ਨੂੰ ਅਖ਼ਬਾਰਾਂ ਦੀ ਛਪਾਈ ਤਿੰਨ ਦਿਨਾਂ ਲਈ ਬੰਦ ਕਰ ਦਿੱਤੀ ਹੈ।
ਸਟੇਟ ਟਾਈਮਸ ਦੀ ਰਿਪੋਰਟ ਮੁਤਾਬਕ, “ਦੋ ਪ੍ਰਮੁੱਖ ਅੰਗ੍ਰੇਜ਼ੀ ਅਖ਼ਬਾਰਾਂ ਗ੍ਰੇਟਰ ਕਸ਼ਮੀਰ ਅਤੇ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕਾਂ ਫੈਯਾਜ਼ ਅਹਿਮਦ ਕਾਲੂ ਅਤੇ ਸ਼ੁਜਾਤ ਬੁਖਾਰੀ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ਦੇ ਹੁਮਹਮਾ ਪੁਲਿਸ ਨੇ ਉਨ੍ਹਾਂ ਦੀ ਰੰਗਰੇਟ ਅਤੇ ਹੁਮਹਮਾ ਪਿੰ੍ਰਟਿੰਗ ਪ੍ਰੈਸਾਂ ‘ਤੇ ਛਾਪੇ ਮਾਰੇ। ਗ੍ਰੇਟਰ ਕਸ਼ਮੀਰ ਦੀ ਸਹਿਯੋਗੀ ਉਰਦੂ ਅਖ਼ਬਾਰ ‘ਕਸ਼ਮੀਰ ਉਜ਼ਮਾ’ ਦੇ ਸਾਰੇ ਬੰਡਲ ਜ਼ਬਤ ਕਰ ਲਏ ਅਤੇ ਗ੍ਰੇਟਰ ਕਸ਼ਮੀਰ ਜੋ ਛਪਣ ਦੀ ਤਿਆਰੀ ਵਿਚ ਸੀ, ਦੀਆਂ ਪਲੇਟਾਂ ਜ਼ਬਤ ਕਰ ਲਈਆਂ ਅਤੇ ਅਖ਼ਬਾਰ ਦੇ 4 ਮੁਲਾਜ਼ਮਾਂ ਸਣੇ ਮੈਨੇਜਰ ਨੂੰ ਆਪਣੇ ਨਾਲ ਲੈ ਗਏ ਅਤੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸਵੇਰੇ ਛੱਡਿਆ।
ਸਟੇਟ ਟਾਈਮਸ ਦੀ ਰਿਪੋਰਟ ਮੁਤਾਬਕ ਜਨਾਬ ਬੁਖਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਛਾਪਾ ਮਾਰਿਆ ਉਦੋਂ ਅਖ਼ਬਾਰ ਛਪ ਚੁਕਿਆ ਸੀ ਅਤੇ ਵੰਡਣ ਲਈ ਪ੍ਰੈਸ ਤੋਂ ਚਲਿਆ ਗਿਆ ਸੀ। ਪੁਲਿਸ ਨੇ ਪ੍ਰੈਸ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਿੱਥੇ ਬੰਡਲ ਪਏ ਸੀ ਉਥੋਂ ਜ਼ਬਤ ਕਰ ਲਏ ਅਤੇ ਹੁਮਹਮਾ ਪੁਲਿਸ ਡਿਵੀਜ਼ਨ ਵਿਚ ਡੰਪ ਕਰ ਲਏ।
ਦੋ ਹੋਰ ਅੰਗ੍ਰੇਜ਼ੀ ਅਖ਼ਬਾਰਾਂ ਕਸ਼ਮੀਰ ਰੀਡਰ ਅਤੇ ਕਸ਼ਮੀਰ ਆਬਜ਼ਰਵਰ ਦੇ ਸੰਪਾਦਕਾਂ ਨੇ ਦੱਸਿਆ ਕਿ ਪੁਲਿਸ ਨੇ ਡਿਸਟ੍ਰੀਬਿਊਟਰ ਅਤੇ ਹਾਕਰਾਂ ਕੋਲੋਂ ਬੰਡਲ ਖੋਹ ਲਏ।
ਸੰਪਾਦਕਾਂ ਅਤੇ ਪੱਤਰਕਾਰਾਂ ਨੇ ਹੱਥਾਂ ਵਿਚ ਪਲੇਕਾਰਡ, ਤਖਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸਨੂੰ “ਪ੍ਰੈਸ ਐਮਰਜੈਂਸੀ” ਕਰਾਰ ਦਿੱਤਾ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/29Gtlsr