ਫ਼ਤਹਿਗੜ੍ਹ ਸਾਹਿਬ: 23 ਜੂਨ 1985 ਨੂੰ ਹੋਏ ਕਨਿਸਕ ਹਵਾਈ ਜਹਾਜ ਹਾਦਸੇ ਲਈ ਭਾਰਤੀ ਖੂਫੀਆ ਅਜੈਂਸੀਆਂ ਨੂੰ ਜਿੰਮੇਵਾਰ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਯੂਨਿਟ ਵਲੋਂ 23 ਜੂਨ ਦੇ ਦਿਹਾੜੇ ਨੂੰ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਅਖਬਾਰੀ ਬਿਆਨ ਜਾਰੀ ਕਰਦਿਆਂ ਕਿਹਾ “ਜਦੋਂ ਕੈਨੇਡਾ ਵਿਚ 23 ਜੂਨ 1985 ਨੂੰ ਕਨਿਸਕਾ ਹਵਾਈ ਜਹਾਜ ਕਾਂਡ ਵਾਪਰਿਆ ਸੀ, ਉਸ ਸਮੇਂ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਖ਼ਾਲਿਸਤਾਨ ਦੀ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਵੀ ਪੂਰਨ ਸਿੱਖਰਾਂ ਤੇ ਸੀ । ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ ਅਤੇ ਰਾਅ ਵੱਲੋਂ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸਕਾ ਹਵਾਈ ਕਾਂਡ ਕਰਵਾਉਣ ਦੀ ਸਾਜਿ਼ਸ ਰਚੀ ਗਈ ਸੀ । ਤਾਂ ਕਿ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਸਿੱਖ ਕੌਮ ਉਪਰ ਥੋਪ ਕੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ ।”

ਉਨ੍ਹਾਂ ਕਿਹਾ ਕਿ ਜੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਈਸਟ ਕੈਨੇਡਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਆਉਣ ਵਾਲੇ ਕੱਲ੍ਹ 23 ਜੂਨ ਦੇ ਦਿਹਾੜੇ ਨੂੰ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਸਿੱਖ ਕੌਮ ਨੂੰ ਇੰਡੀਅਨ ਖੂਫੀਆ ਏਜੰਸੀਆ ਵੱਲੋਂ ਕੀਤੀ ਗਈ ਸਾਜਿ਼ਸ ਤੋਂ ਸਰੂਖਰ ਕਰਨ ਅਤੇ ਇਸ ਵਿਚ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਵੀ ਸਮੂਲੀਅਤ ਨਾ ਹੋਣ ਨੂੰ ਪ੍ਰਤੱਖ ਕਰਨ ਲਈ ਅਤੇ ਉਨ੍ਹਾਂ 329 ਜਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਨਾਇਆ ਜਾ ਰਿਹਾ ਹੈ । ਜੋ ਬਿਲਕੁਲ ਦਰੁਸਤ ਅਤੇ ਸਲਾਹੁਣਯੋਗ ਉਦਮ ਹੈ । ਉਨ੍ਹਾਂ ਕਿਹਾ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਦੀ ਸਾਜਿ਼ਸ ਉਸ ਵੇਲੇ ਪ੍ਰਤੱਖ ਹੋ ਜਾਂਦੀ ਹੈ ਕਿ ਜਦੋਂ ਇਹ ਕਨਿਸਕ ਹਵਾਈ ਜਹਾਜ ਨੇ ਕੈਨੇਡਾ ਦੀ ਧਰਤੀ ਤੋਂ ਉਡਾਨ ਭਰਨੀ ਸੀ ਤਾਂ ਇਸ ਉਡਾਨ ਵਿਚ ਓਟਾਵਾ ਅਤੇ ਟਰਾਟੋਂ ਦੇ ਇੰਡੀਆਂ ਦੇ ਦੋ ਉੱਚ ਦਰਜੇ ਦੇ ਹਾਈਕਮਿਸ਼ਨਰਾਂ ਨੇ ਵੀ ਇਸ ਉਡਾਨ ਵਿਚ ਇੰਡੀਆ ਆਉਣਾ ਸੀ । ਲੇਕਿਨ ਆਖਰੀ ਸਮੇਂ ਤੇ ਉਪਰੋਕਤ ਦੋਵੇ ਇੰਡੀਆਂ ਦੇ ਹਾਈਕਮਿਸ਼ਨਰਾਂ ਨੇ ਆਪਣੀਆ ਟਿਕਟਾਂ ਇਸ ਲਈ ਰੱਦ ਕਰਵਾ ਲਈਆ ਸਨ ਕਿਉਂਕਿ ਇਨ੍ਹਾਂ ਨੂੰ ਜਾਣਕਾਰੀ ਸੀ ਕਿ ਇਸ ਜਹਾਜ ਦੀ ਉਡਾਨ ਭਰਨ ਉਪਰੰਤ ਵਿਸਫੋਟ ਹੋਣਾ ਹੈ । ਦੂਸਰਾ ਕੈਨੇਡਾ ਦੀ ਹਕੂਮਤ ਨੇ ਕੈਨੇਡਾ ਵਿਚ ਸਥਿਤ ਦੋ ਇੰਡੀਅਨ ਇੰਨਟੈਲੀਜੈਸ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਸੀ, ਜਦੋਂਕਿ ਕੈਨੇਡਾ ਵਿਚ ਅੱਜ ਤੱਕ ਅਜਿਹਾ ਪਹਿਲਾ ਕਦੇ ਨਹੀਂ ਸੀ ਹੋਇਆ । ਕਿਉਂਕਿ ਇਨ੍ਹਾਂ ਇੰਨਟੈਲੀਜੈਸ ਅਫ਼ਸਰਾਂ ਦੀ ਕਨਿਸ਼ਨਾਂ ਕਾਂਡ ਵਿਚ ਭੂਮਿਕਾ ਸ਼ੱਕ ਦੇ ਘੇਰੇ ਵਿਚ ਸੀ ।
ਸ. ਮਾਨ ਨੇ ਇਸ ਸਾਜਿ਼ਸ ਦੇ ਪਹਿਲੂਆ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਤਲਵਿੰਦਰ ਸਿੰਘ ਪਰਮਾਰ ਉਤੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੇ ਕਨਿਸ਼ਕ ਕਾਂਡ ਕਰਨ ਦਾ ਦੋਸ਼ ਇਸ ਕਰਕੇ ਲਗਾਇਆ ਸੀ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਖ਼ਾਲਿਸਤਾਨੀ ਲਹਿਰ ਨੂੰ ਸੱਟ ਮਾਰੀ ਜਾ ਸਕੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਅਦ ਵਿਚ ਸ. ਪਰਮਾਰ ਨੂੰ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਇਸ ਕਨਿਸਕ ਕਾਂਡ ਦੀ ਜਾਂਚ ਕੈਨੇਡਾ ਦੇ ਮੇਜਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ । ਜਦੋਂ ਸ. ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤਾਂ ਕਨਿਸਕ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਅਤੇ ਉਪਰੋਕਤ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾਣ ਹਿੱਤ ਇੰਡੀਆਂ ਹਕੂਮਤ ਦਾ ਇਹ ਫਰਜ ਬਣਦਾ ਸੀ ਕਿ ਸ. ਪਰਮਾਰ ਨੂੰ ਹਵਾਲਗੀ ਸੰਧੀ ਰਾਹੀ ਕੈਨੇਡਾ ਦੇ ਹਵਾਲੇ ਕੀਤਾ ਜਾਂਦਾ ਅਤੇ ਮੇਜਰ ਜਾਂਚ ਕਮਿਸ਼ਨ ਉਸ ਨੂੰ ਜਾਂਚ ਵਿਚ ਸਾਮਿਲ ਕਰਦਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਸਾਜਿ਼ਸਕਾਰੀਆ ਨੇ ਸ. ਪਰਮਾਰ ਨੂੰ ਇਸ ਲਈ ਕਤਲ ਕਰ ਦਿੱਤਾ ਕਿ ਕਨਿਸਕ ਕਾਂਡ ਦੀ ਇੰਡੀਆ ਦੀ ਖੂਫੀਆ ਏਜੰਸੀਆ ਦੀ ਸਾਜਿ਼ਸ ਤੋਂ ਪਰਦਾ ਨਾ ਉੱਠ ਸਕੇ ।