ਚੰਡੀਗੜ: ਆਮ ਆਦਮੀ ਪਾਰਟੀ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਨੂੰ ਕਣਕ ਖਰੀਦ ਵਿਚ ਹੋ ਰਹੀ ਗੜਬੜੀ ਲਈ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 20 ਦਿਨਾਂ ਤੋਂ ਚੱਲ ਰਹੀ ਕਣਕ ਦੀ ਖਰੀਦ ਦੌਰਾਨ 40 ਲੱਖ ਟਨ ਕਣਕ ਖਰੀਦਣ ਤੋ ਬਾਅਦ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 1 ਧੇਲਾ ਵੀ ਅਦਾਇਗੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਪੰਜਾਬ ਦਾ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਹੈ, ਉਸ ਸਮੇਂ ਸਰਕਾਰ ਦੀ ਇਹ ਕਾਰਵਾਈ ਕਿਸਾਨਾਂ ਲਈ ਹੋਰ ਵੀ ਮਾਰੂ ਸਿੱਧ ਹੋ ਸਕਦੀ ਹੈ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੱਲ ਹੀ ਮਾਲਵੇ ਦੇ 5 ਕਿਸਾਨਾਂ ਨੇ ਬਾਦਲ ਸਰਕਾਰ ਤੋਂ ਕਿਸੇ ਉਮੀਦ ਦੀ ਆਸ ਨਾ ਰੱਖਦੇ ਹੋਏ ਆਤਮ ਹੱਤਿਆ ਕਰ ਲਈ ਗਈ। ਇਨਾ ਮੌਤਾਂ ਦਾ ਕਾਰਨ ਬਾਦਲ ਸਰਕਾਰ ਦੁਆਰਾ ਕਿਸਾਨਾਂ ਨੂੰ ਜਿਣਸਾਂ ਦੀ ਰਕਮ ਦੀ ਅਦਾਇਗੀ ਨਾ ਕਰਨਾ ਅਤੇ ਕਿਸਾਨਾਂ ਦੁਆਰਾ ਆਪਣੇ ਕਰਜ਼ੇ ਤੋਂ ਉਪਜੀ ਪਰੇਸ਼ਾਨੀ ਹੈ।
12 ਹਜਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਲਈ ਸੁਪਰੀਪ ਕੋਰਟ ਦੇ ਮੌਜੂਦਾ ਜੱਜ ਦੁਆਰਾ ਗਠਿਤ ਐਸਆਈਟੀ ਦੀ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਬਾਦਲਾਂ ਦੀ ਇਸ ਕਾਰਜਸਤਾਨੀ ਸੰਬੰਧੀ ‘ਸਫੈਦ ਪੱਤਰ’ ਜਾਰੀ ਕਰੇ ਤਾਂ ਜੋ ਪੰਜਾਬ ਦੇ ਲੋਕ ਇਸ ਗੱਲ ਤੋਂ ਜਾਣੂ ਹੋ ਸਕਣ ਕਿ ਕਿਸ ਪ੍ਰਕਾਰ ਬਾਦਲਾਂ ਨੇ ਉਨ੍ਹਾਂ ਦੇ ਪੈਸੇ ਉੱਤੇ ਡਾਕਾ ਮਾਰਿਆ ਹੈ।
ਅਨਾਜ ਘੋਟਾਲੇ ਵਿਚ ਆਪਣੀ ਸ਼ਮੂਲੀਅਤ ਦੱਸਣ ਦੀ ਥਾਂ ਮੁੱਖ ਮੰਤਰੀ ਬਾਦਲ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਤੋਂ ਖਰੀਦ ਲਈ ਹੋਰ ਪੈਸੇ ਮੰਗਣ ਚਲੇ ਗਏ ਜਦੋਂ ਕਿ ਖਰੀਦ ਦਾ ਪੈਸਾ ਮਿਲਣਾ ਕਿਸੇ ਵੀ ਰਾਜ ਦਾ ਅਧਿਕਾਰ ਹੈ।
ਮਾਨ ਨੇ ਕਿਹਾ ”ਹੁਣ ਜਦੋਂ ਕਿ ਬਾਦਲ ਸਾਹਿਬ ਦੇ ਜਵਾਈ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਦੇਸ ਪ੍ਰਤਾਪ ਕੈਰੋਂ ਨੇ ਇਹ ਗੱਲ ਮੰਨ ਲਈ ਹੈ ਕਿ ਖਰੀਦ ਸੰਬੰਧੀ ਪੈਸੇ ਵਿਚੋਂ ਗਲਤ ਢੰਗ ਨਾਲ 900 ਕਰੋੜ ਰੁਪਏ ਆਟਾ-ਦਾਲ ਸਕੀਮ ਲਈ ਵਰਤੇ ਗਏ ਸਨ ਤਾਂ ਅਜਿਹੀ ਸਥਿਤੀ ਵਿਚ ਕੈਰੋਂ ਖਿਲਾਫ ਫੰਡਾ ਦੀ ਦੁਰਵਰਤੋਂ ਦਾ ਮੁੱਕਦਮਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ?”
ਘੋਟਾਲੇ ਸੰਬੰਧੀ ਹੈਰਾਨੀ ਜਨਕ ਤੱਥ ਪੇਸ਼ ਕਰਦਿਆਂ ‘ਕੈਗ’ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਕਣਕ ਦੀ ਢੋਆ ਢੁਆਈ ਲਈ ਵਰਤੇ ਗਏ ਟਰੱਕਾਂ ਦੇ ਨੰਬਰਾਂ ਦੀ ਜਾਂਚ ਉਪਰੰਤ ਉਹ ਪਾਇਆ ਗਿਆ ਕਿ ਉਨ੍ਹਾਂ ਵਿਚੋਂ ਬਹੁਤੇ ਨਕਲੀ ਸਨ ਅਤੇ ਇਸ ਤੋਂ ਵੀ ਉਪਰ ਕੁਝ ਕੁ ਟਰੱਕਾਂ ਦੇ ਨੰਬਰਾਂ ਦੀ ਥਾਂ ਸਕੂਟਰਾਂ ਦੇ ਨੰਬਰ ਲਿਸਟ ਵਿਚ ਸ਼ਾਮਲ ਕੀਤੇ ਗਏ ਸਨ।