ਜਲੰਧਰ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲੰਧਰ ਛਾਉਣੀ ਤੋਂ ਪਾਰਟੀ ਦੇ ਉਮੀਦਵਾਰ ਸਰਬਜੀਤ ਮੱਕੜ ਲਈ ਵੋਟਾਂ ਮੰਗਦਿਆਂ ਆਖਿਆ, ‘ਤੁਸੀਂ ਇੱਕ ਵਾਰ ਸਰਬਜੀਤ ਮੱਕੜ ਨੂੰ ਜਿਤਾ ਦਿਓ ਮੈਂ ਤੁਹਾਨੂੰ ਦੋ-ਚਾਰ ਟਰੱਕ ਨੋਟਾਂ ਦੇ ਭਰ ਕੇ ਵਿਕਾਸ ਕੰਮਾਂ ਲਈ ਭੇਜਾਂਗਾ। ਨੋਟ ਵੀ ਨਵੇਂ ਦੋ-ਦੋ ਹਜ਼ਾਰ ਵਾਲੇ ਹੋਣਗੇ, ਪੁਰਾਣੇ ਨੋਟ ਨਹੀਂ ਭੇਜਾਂਗੇ।’ ਉਹ ਵੀਰਵਾਰ ਨੂੰ ਸੋਫੀ ਪਿੰਡ’ਚ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਦਾ ਜੱਦੀ ਪਿੰਡ ਹੈ। ਸਮਾਗਮ ਵਾਲੀ ਥਾਂ ਕੁਰਸੀਆਂ ਭਰਨ ਲਈ ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦੇ ਸੱਤਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੱਦਿਆ ਗਿਆ ਸੀ, ਇਸ ਦੇ ਬਾਵਜੂਦ ਪੰਡਾਲ ਨਹੀਂ ਭਰ ਸਕਿਆ। ਉਧਰ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਮਾਗਮ ਦਾ ਬਾਈਕਾਟ ਕੀਤਾ ਹੋਇਆ ਸੀ। ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਨਹੀਂ ਹੋਏ ਤੇ ਨਾ ਹੀ ਹਲਕੇ ਦੇ ਲੋਕਾਂ ਨੇ ਹਾਜ਼ਰੀ ਭਰੀ। ਇਹ ਸਮਾਗਮ ਸ਼੍ਰੋਮਣੀ ਅਕਾਲੀ ਦਲ ਵੱਲੋਂ 69 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਦੇ ਉਮੀਦਵਾਰ ਸਰਬਜੀਤ ਮੱਕੜ ਵੱਲੋਂ ਪਹਿਲੀ ਵਾਰ ਕੀਤਾ ਗਿਆ ਸੀ। ਸਮਾਗਮ ਲਈ ਲੋਕਾਂ ਨੂੰ ਆਦਮਪੁਰ, ਭੋਗਪੁਰ ਅਤੇ ਜਲੰਧਰ ਸ਼ਹਿਰ ਦੇ ਲਾਜਪਤ ਨਗਰ ਤੋਂ ਸੱਦਿਆ ਗਿਆ ਸੀ। ਇਸ ਤੋਂ ਇਲਾਵਾ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਵੀ ਬੁਲਾਇਆ ਗਿਆ ਸੀ।

ਬਾਦਲ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਅਤੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ’ਚ ਜਾਣ ਦਾ ਫ਼ੈਸਲਾ ਲੈਣ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਤੇ ਇਹ ਤਰਲੇ ਕਰ ਕੇ ਕਾਂਗਰਸ ਵਿੱਚ ਗਏ ਹਨ। ਸਰਬਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਦੀ ਟਿਕਟ ਕੱਟੇ ਜਾਣ ਬਾਰੇ ਸੁਖਬੀਰ ਨੇ ਕਿਹਾ ਕਿ ਕਾਰਗੁਜ਼ਾਰੀ ਦੇਖ ਕੇ ਹੀ ਟਿਕਟਾਂ ਕੱਟੀਆਂ ਗਈਆਂ ਹਨ। ਜਦੋਂ ਮੀਡੀਆ ਵੱਲੋਂ ਉਨ੍ਹਾਂ ਇਹ ਪੁੱਛਿਆ ਗਿਆ ਕਿ ਕੀ ਈਡੀ ਵੱਲੋਂ ਤਲਬ ਕੀਤੇ ਜਾਣ ਕਾਰਨ ਇਨ੍ਹਾਂ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ? ਤਾਂ ਬਾਦਲ ਨੇ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ। ਇਸ ਲਈ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੰਨਾ ਮਾੜਾ ਹਾਲ ਹੈ ਕਿ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ਨੇ ਰੱਦ ਕਰ ਦਿੱਤੇ, ਕਾਂਗਰਸ ਉਨ੍ਹਾਂ ਨੂੰ ਅਪਣਾ ਰਹੀ ਹੈ।
ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਬਣਾਏ ਜਾਣ ’ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਚੋਣ ਲੜਨ ਲਈ ਮਾਨ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਨ ਨੂੰ ਤਾਂ ਹਲਕੇ ਦੇ ਪਿੰਡਾਂ ਦੇ ਨਾਮ ਤੱਕ ਨਹੀਂ ਪਤਾ। ਬਾਦਲ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਜਾਣ ਦੀ ਲੋੜ ਵੀ ਨਹੀਂ ਪਵੇਗੀ, ਉਹ ਸਿਰਫ਼ ਇਕ ਜਾਂ ਦੋ ਦਿਨ ਲਈ ਹੀ ਜਾਣਗੇ ਤੇ ਬਾਕੀ ਸਮਾਂ ਦੂਜੇ ਹਲਕਿਆਂ ਨੂੰ ਦੇਣਗੇ।