ਲੰਡਨ (19 ਅਪ੍ਰੈਲ, 2015): ਹਰਿੰਦਰ ਸਿੱਕਾ ਦੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਨੂੰ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਦੀ ਫਿਲਮ ਨਾਨਕ ਸ਼ਾਹ ਫਕੀਰ ਦਾ ਦੇਸ਼ ਵਿੱਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਦੇ ਸਖਤ ਵਿਰੋਧ ਕਰਕੇ ਯੂਰਪ ਵਿੱਚ ਇੰਗਲੈਂਡ ਤੋਂ ਬਿਨਾਂ ਹੋਰ ਕਿਤੇ ਇਹ ਫਿਲਮ ਰਿਲੀਜ਼ ਹੀ ਨਹੀਂ ਹੋਈ।

ਹੁਣ ਸਿੱਖ ਸੰਗਤਾਂ ਦੇ ਵਿਰੋਧ ਕਰਕੇ ਇੰਗਲੈਂਡ ਦੇ ਕਈ ਸਿਨੇਮਾ ਘਰਾਂ ‘ਚੋਂ ‘ਨਾਨਕ ਸ਼ਾਹ ਫਕੀਰ’ ਫਿਲਮ ਹਟਾ ਦਿੱਤੀ ਗਈ ਹੈ ਅਤੇ ਇਸ ਦੇ ਪੋਸਟਰ ਵੀ ਉਤਾਰ ਦਿੱਤੇ ਹਨ। ਸਿੱਖਾਂ ਵੱਲੋਂ ਸਿਨੇਮਾ ਘਰਾਂ ਸਾਹਮਣੇ ਕੀਤੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਇਸ ਫਿਲਮ ਨੂੰ ਆਰਜ਼ੀ ਤੌਰ ‘ਤੇ ਰੋਕ ਦਿੱਤਾ ਗਿਆ ਹੈ, ਜਦੋਂ ਕਿ ਬ੍ਰਮਿੰਘਮ ਦੇ ਸਿਟੀ ਸਿਨੇਮਾ ਘਰ ਦੇ ਪ੍ਰਬੰਧਕਾਂ ਨੇ ਇਸ ਦਾ ਪੋਸਟਰ ਵੀ ਉਤਾਰ ਦਿੱਤਾ ਹੈ।
ਸਿਨੇਮਾ ਦੇ ਮੈਨੇਜਰ ਨੇ ਕਿਹਾ ਕਿ ਇਸ ਫਿਲਮ ਨੂੰ ਆਰਜ਼ੀ ਤੌਰ ਤੇ ਹਟਾ ਦਿੱਤਾ ਗਿਆ ਹੈ, ਇਸ ਦੇ ਹੋਰ ਸ਼ੋਅ ਅਗਲੀ ਕਾਰਵਾਈ ਤੱਕ ਨਹੀਂ ਕਰਵਾਏ ਜਾਣਗੇ। ਲੈਸਟਰ ਦੇ ਸਿਨੇਮਾ ਘਰ ਵਿਚ ਵੀ ਫਿਲਮ ‘ਤੇ ਰੋਕ ਲੱਗ ਗਈ ਹੈ।
ਜਥਾ ਦਮਦਮੀ ਟਕਸਾਲ ਯੂ.ਕੇ. ਵੱਲੋਂ ਭਾਈ ਚਰਨ ਸਿੰਘ ਨੇ ਕਿਹਾ ਕਿ ਇਸ ਫਿਲਮ ਵਿਰੁੱਧ ਸਿੱਖਾਂ ਦਾ ਰੋਸ ਵੇਖ ਕੇ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਹੈ, ਫਿਲਮ ਵਿਰੁੱਧ ਸ਼ਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਵੀ ਮੌਜੂਦ ਸੀ।