ਜਲੰਧਰ (29 ਜਨਵਰੀ, 2015): ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਅਤੇ ਆਪਣਾ ਸਮੁੱਚਾ ਜੀਵਨ ਦੁਖੀ ਮਾਨਵਤਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਨਵੀਂ ਪੰਜਾਬੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।
ਵਾਈਟ ਹਿੱਲ ਪ੍ਰੋਡਕਸ਼ਨਸ, ਪੂਨੀਲੈਂਡ ਸਟੂਡੀਓ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਬਣਾਈ ਗਈ ਇਸ ਫਿਲਮ ਦੇ ਨਿਰਦੇਸ਼ਕ ਹਰਜੀਤ ਸਿੰਘ ਹਨ। ਫਿਲਮ ‘ਚ ਭਗਤ ਪੂਰਨ ਸਿੰਘ ਦਾ ਕਿਰਦਾਰ ਉੱਘੇ ਬਾਲੀਵੁੱਡ ਅਦਾਕਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ।
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਆਪਣੇ ਆਪ ‘ਚ ਇਕ ਸੰਸਥਾ ਸਨ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਇਕ ਵੱਡੇ ਸਕਾਲਰ ਵੀ ਸਨ ਤੇ ਉਨ੍ਹਾਂ ਨੂੰ ਜਿੱਥੇ ਖੁਦ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਾਕ ਸੀ, ਉਥੇ ਉਹ ਆਪਣੀਆਂ ਲਿਖਤਾਂ ਨਾਲ ਵੀ ਆਪਣੇ ਮਨ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ ।
ਉਨ੍ਹਾਂ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਹਨ, ਜਦਕਿ ਸੰਗੀਤ ਗੁਰਮੋਹ ਅਤੇ ਵਿੱਕੀ ਭੋਈ ਵਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦੇ ਗੀਤ ਜਿੱਥੇ ਉੱਘੇ ਗਾਇਕ ਸੁਖਵਿੰਦਰ ਤੋਂ ਇਲਾਵਾ ਹੋਰਨਾਂ ਨਾਮਵਰ ਕਲਾਕਾਰਾਂ ਵਲੋਂ ਗਾਏ ਗਏ ਹਨ।