ਅੰਮ੍ਰਿਤਸਰ: ਮੰਗਲਵਾਰ (20 ਸਤੰਬਰ) ਦੁਪਹਿਰ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ, ਨੇਸ਼ਟਾ ਦੇ ਵਿਦਿਆਰਥੀਆਂ ਨੂੰ ਘਰ ਛੱਡਣ ਜਾ ਰਹੀ ਸਕੂਲ ਵੈਨ ਦੇ ਪਿੰਡ ਮੁਹਾਵਾ ਨੇੜਿਓਂ ਲੰਘਦੀ ਡਿਫੈਂਸ ਨਹਿਰ ਵਿੱਚ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਚਾਰ ਜ਼ਖ਼ਮੀ ਬੱਚੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਮਾਰੇ ਗਏ 7 ਬੱਚੇ ਪਿੰਡ ਮੁਹਾਵਾ ਦੇ ਰਹਿਣ ਵਾਲੇ ਸਨ। ਜਦੋਂ ਹਾਦਸਾ ਵਾਪਰਿਆ ਉਦੋਂ ਸਕੂਲ ਵੈਨ ’ਚ 35 ਤੋਂ 37 ਬੱਚੇ ਸਵਾਰ ਸਨ।

ਡਰਾਈਵਰ ਦੀ ਕਥਿਤ ਲਾਪ੍ਰਵਾਹੀ ਅਤੇ ਸਕੂਲ ਵੈਨ ’ਚ ਬੱਚੇ ਜ਼ਿਆਦਾ ਹੋਣ ਕਾਰਨ ਸੰਤੁਲਨ ਵਿਗੜ ਗਿਆ ਤੇ ਵੈਨ ਪੁਲ ਦੀ ਗਰਿਲ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ। ਵੈਨ ਦਾ ਡਰਾਈਵਰ ਹਾਦਸੇ ਤੋਂ ਬਾਅਦ ਫ਼ਰਾਰ ਹੋ ਗਿਆ। ਨੇੜੇ ਡੰਗਰ ਚਾਰ ਰਹੇ ਇੱਕ ਵਿਅਕਤੀ ਨੇ ਵੈਨ ਨੂੰ ਨਹਿਰ ਵਿੱਚ ਡਿੱਗਦਿਆਂ ਦੇਖ ਕੇ ਰੌਲਾ ਪਾਇਆ ਤੇ ਪਿੰਡ ਮੁਹਾਵਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਵੈਨ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿੱਚੋਂ 11 ਬੱਚਿਆਂ ਦੀ ਹਾਲਤ ਗੰਭੀਰ ਸੀ ਤੇ ਉਨ੍ਹਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਛੇਹਰਟਾ ਸਥਿਤ ਅਰੋੜਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ 7 ਦੀ ਮੌਤ ਹੋ ਗਈ ਤੇ 4 ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਵੱਲੋਂ ਵੈਨ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਡੀਸੀ ਰੂਜ਼ਮ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੁਝ ਮੀਡੀਆ ਰਿਪੋਰਟਾਂ ਇਹ ਵੀ ਦੱਸ ਰਹੀਆਂ ਹਨ ਕਿ ਡਰਾਈਵਰ ਤੰਬਾਕੂ ਮਲ ਰਿਹਾ ਸੀ, ਜਦੋਂ ਬੱਸ ਬੇਕਾਬੂ ਹੋਈ ਤਾਂ ਉਸਨੇ ਕਾਹਲੀ ‘ਚ ਬਰੇਕ ਦੀ ਥਾਂ ਐਕਸੀਲੇਟਰ ‘ਤੇ ਪੈਰ ਰੱਖ ਦਿੱਤਾ।