ਨਿਊਯਾਰਕ (5 ਨਵੰਬਰ, 2014): ਅਮਰੀਕਾ ਦੀ ਇਕ ਅਪੀਲੀ ਕੋਰਟ ਅਗਲੇ ਮਹੀਨੇ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਕਾਂਗਰਸੀ ਆਗੂਆਂ ਖ਼ਿਲਾਫ਼ ਮੁਨੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ’ਤੇ ਸੁਣਵਾਈ ਕਰੇਗੀ। ਸਿੱਖਜ਼ ਫਾਰ ਜਸਟਿਸ (ਐਸਐਫਜੇ) ਨੇ ਦੱਸਿਆ ਕਿ ਅਦਾਲਤ ਵੱਲੋਂ 2 ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ।

ਇਹ ਮੁਕੱਦਮਾ ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਵੱਲੋਂ ਭਾਰਤੀ ਕਾਗਰਸ ਪਾਰਟੀ ਖਿਲਾਫ ਦਰਜ਼ ਕਰਵਾਇਆ ਗਿਆ ਸੀ। ਅਮਰੀਕੀ ਜਿਲਾ ਅਦਾਲਤ ਨੇ ਇਸਨੂੰ ਇਸ ਤੋਂ ਪਹਿਲਾਂ ਕੁਝ ਤਕਨੀਕੀ ਆਧਾਰਾਂ ‘ਤੇ ਰੱਦ ਕਰ ਦਿੱਤਾ ਸੀ ਅਤੇ ਸਿੱਖਸ ਫਾਰ ਜਸਟਿਸ ਨੇ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਕੋਰਟ ਵਿੱਚ ਅਪੀਲ ਕੀਤੀ ਸੀ।
ਐਸਐਫਜੇ ਦਾ ਕਹਿਣਾ ਹੈ ਕਿ ਉਸ ਨੇ ਇਹ ਅਪੀਲ ਇਸ ਬਿਨ੍ਹਾ ’ਤੇ ਦਾਇਰ ਕੀਤੀ ਹੈ ਕਿ ਕਾਂਗਰਸ ਖ਼ਿਲਾਫ਼ ਪੀੜਤਾਂ ਦਾ ਦਾਅਵਾ ਅਮਰੀਕੀ ਸੁਪਰੀਮ ਕੋਰਟ ਵੱਲੋਂ ਵਰਜਿਤ ਨਹੀਂ ਕੀਤਾ ਗਿਆ ਕਿਉਂਕਿ ਇਸ ਕੇਸ ਦੇ ਸ਼ਿਕਾਇਤਕਰਤਿਆਂ ਨੂੰ ਕੈਲੀਫੋਰਨੀਆ ਸੰਘੀ ਅਦਾਲਤ ਵੱਲੋਂ ਸ਼ਰਨਾਰਥੀਆਂ ਦਾ ਦਰਜਾ ਦਿੱਤਾ ਗਿਆ ਸੀ।
ਐਸਐਫਜੇ ਦੇ ਕਾਨੂੰਨੀ ਸਲਾਹਕਾਰ ਉਹ ਮੰਗ ਕਰ ਰਹੇ ਹਨ ਕਿ 1984 ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਹੋਈ ਹਿੰਸਾ ਨੂੰ ‘ਨਸਲਘਾਤ’ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ 1984 ਦੇ ਦੰਗਾ ਪੀੜਤਾਂ ਵੱਲੋਂ ਭਾਰਤ ਵਿੱਚ ਸਾਰੀਆਂ ਕਾਨੂੰਨੀ ਚਾਰਾਜੋਈਆਂ ਕਰਨ ਤੋਂ ਬਾਅਦ ਹੁਣ ਇਨਸਾਫ਼ ਲਈ ਕੌਮਾਂਤਰੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਹੈ।