ਵਾਸ਼ਿੰਗਟਨ (18 ਜੂਨ, 2015): ਨਸਲੀ ਅਪਰਾਧਾਂ ਵਿਰੁੱਧ ਜੂਝ ਰਹੇ ਅਮਰੀਕਾ ਵਿੱਚ ਦੇਸ਼ ਦੇ ਸੂਬੇ ਸਾਊਥ ਕੈਰੋਲੀਨਾ ‘ਚ ਬੁੱਧਵਾਰ ਦੀ ਰਾਤ ਨੂੰ 9 ਵਜੇ ਇਕ ਇਤਿਹਾਸਕ ਅਫਰੀਕਨ-ਅਮਰੀਕਨ ‘ਬਲੈਕ ਚਰਚ’ ਅੰਦਰ ਇਕ ਅਣਪਛਾਤੇ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ । ਇਸ ਘਟਨਾ ‘ਚ 8 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ ਇਕ ਵਿਅਕਤੀ ਨੇ ਹਸਪਤਾਲ ‘ਚ ਦਮ ਤੋੜਿਆ ।

ਮਰਨ ਵਾਲਿਆਂ ‘ਚ ਚਰਚ ਦਾ ਪਾਸਟਰ ਸਟੇਟ ਸੈਨੇਟਰ ਕਲੇਮੰਟਾ ਪਿੰਕਨੀ ਵੀ ਸ਼ਾਮਿਲ ਹੈ, ਸਭ ਮਿ੍ਤਕਾਂ ਦੀ ਅਜੇ ਪਹਿਚਾਣ ਨਹੀਂ ਹੋ ਸਕੀ ਤੇ ਪੁਲਿਸ ਨੂੰ ਮਿ੍ਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ । ਪੁਲਿਸ ਨੇ ਹਮਲਾਵਰ 21 ਸਾਲਾ ਗੋਰੇ ਡਾਇਲਾਨ ਰੂਫ ਨੂੰ ਉਤਰੀ ਕੈਰੋਲੀਨਾ ਤੋਂ ਗਿ੍ਫ਼ਤਾਰ ਕਰ ਲਿਆ ।
ਕੈਰੋਲੀਨਾ ਦੇ ਚਾਲਸਰਟਨ ਸ਼ਹਿਰ ‘ਚ ਸਥਿਤ ਇਮਾਨੁਅਲ ਅਫ਼ਰੀਕਨ ਮੈਥੋਡਿਸਟ ਅਪਿਸਕਾਪਲ ਚਰਚ ਇਥੋਂ ਦਾ ਸਭ ਤੋਂ ਪੁਰਾਣਾ ਚਰਚ ਹੈ, ਜੋ 1816 ਦਾ ਬਣਿਆ ਹੋਇਆ ਹੈ । ਚਾਲਸਰਟਨ ਦੇ ਪੁਲਿਸ ਮੁਖੀ ਗਰੇਗ ਮੁਲੇ ਨੇ ਇਸ ਨੂੰ ਨਸਲੀ ਹਿੰਸਾ ਮੰਨਿਆ ਹੈ । ਪਾਦਰੀ ਥਾਮਸ ਡਿਕਸਨ ਨੇ ਦੱਸਿਆ ਕਿ ਹਮਲਾਵਰ ਨੇ ਚਰਚ ‘ਚ ਦਾਖਲ ਹੋ ਕੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ ।
ਸਥਾਨਕ ਮੇਅਰ ਜੋਸੇਫ ਰੀਲੇ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ ਉਸ ਸਮੇਂ ਇਕ ਆਦਮੀ ਵੱਲੋਂ ਕੀਤਾ ਇਹ ਅਣਮਨੁੱਖੀ ਕਾਰਾ ਬਰਦਾਸ਼ਤ ਤੋਂ ਬਾਹਰ ਹੈ । ਸੂਬੇ ਦੀ ਗਵਰਨਰ ਭਾਰਤੀ ਮੂਲ ਦੀ ਅਮਰੀਕਨ ਨਿਕੀ ਹੇਲੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਇਸ ਘਟਨਾ ਨੂੰ ਸੂਬੇ ਦੀ ਸਭ ਤੋਂ ਭਿਆਨਕ ਘਟਨਾ ਦੱਸਿਆ ਹੈ ।
ਘਟਨਾ ਸਥਾਨ ਤੋਂ ਕੋਈ ਅੱਧ ਕੁ ਕਿਲੋਮੀਟਰ ਦੀ ਦੂਰੀ ‘ਤੇ ਅਮਰੀਕਾ ਦੇ ਰਾਸ਼ਟਰਪਤੀ ਚੋਣ ਲਈ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਕੁਝ ਸਮਾਂ ਪਹਿਲਾ ਹੀ ਮੀਟਿੰਗ ਕਰਕੇ ਗਈ ਸੀ । ਰਾਸ਼ਟਰਪਤੀ ਬਰਾਕ ਉਬਾਮਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਮਰਨ ਵਾਲਿਆਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।