ਚੰਡੀਗੜ੍ਹ (13 ਨਵੰਬਰ,2014): ਅੱਜ ਇੱਥੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਡੇਰਾ ਸੌਦਾ ਸਿਰਸਾ ਦੇ ਪਹਿਲਾਂ ਰਹੇ ਸ਼ਰਧਾਲੂ ਸਾਧੂ ਹੰਸ ਰਾਜ ਚੌਹਾਨ ਨੇ ਦੋਸ਼ ਲਾਇਆ ਕਿ ਸੌਦਾ ਸਾਧ ਵੱਲੋਂ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਕੇਸ ਦੀ ਨਿਰਪੱਖਤਾ ਨਾਲ ਜਾਂਚ ਹੋਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਗਈਆਂ ਹਨ।
ਇਸ ਸਬੰਧ ਵਿਚ ਵਾਪਰੇ ਇੱਕ ਤਾਜ਼ਾ ਘਟਨਾਕ੍ਰਮ ਤਹਿਤ ਡੇਰੇ ਵਿਰੁੱਧ ਪ੍ਰਮੁੱਖ ਤੌਰ ਉੱਤੇ ਕੇਸ ਲੜ ਰਹੇ ਵੱਲੋਂ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਹਾਈਕੋਰਟ ‘ਚ ਇੱਕ ਅਰਜ਼ੀ ਦਾਇਰ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਹਰਿਆਣਾ ਵਿਚ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਖ਼ਾਸਕਰ ਪ੍ਰਧਾਨ ਮੰਤਰੀ ਵੱਲੋਂ ਡੇਰਾ ਸਿਰਸਾ ਦੀ ਸ਼ਲਾਘਾ ‘ਚ ਕੀਤੀ ਜਨਤਕ ਬਿਆਨਬਾਜ਼ੀ ਅਤੇ ਕੇਂਦਰ ਵਿਚ ਵੀ ਭਾਜਪਾ ਦੀ ਹੀ ਸਰਕਾਰ ਹੋਣ ਨਾਤੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ.) ਦੇ ਵੀ ਪ੍ਰਭਾਵ ਥੱਲੇ ਹੋਣ ਕਾਰਨ ਉਨ੍ਹਾਂ ਨੂੰ ਨਿਰਪੱਖ ਜਾਂਚ ਅਤੇ ‘ਇਨਸਾਫ਼’ ਮਿਲਣ ਬਾਰੇ ਸ਼ੱਕ ਪਰਗਟ ਹੋ ਗਿਆ ਹੈ।
ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਏ ਗਏ ਹਨ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਆਪਣੇ ਪੈਰੋਕਾਰਾਂ ਵਿਚਲੇ ਮਰਦਾਂ ਨੂੰ ਇਹ ਕਹਿ ਕੇ ਜ਼ਬਰਦਸਤੀ ਨਿਪੁੰਸਕ ਬਣਾ ਦਿੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਅੱਜ ਜਸਟਿਸ ਕੇ. ਕਾਨਨ ਵੱਲੋਂ ਕੇਸ ਦੀ ਸੁਣਵਾਈ ਕਰਦਿਆਂ ਬਹਿਸ ਅਗਲੇਰੀ ਲਈ ਕੇਸ ਆਉਂਦੀ 17 ਨਵੰਬਰ ਦਿਨ ਸੋਮਵਾਰ ‘ਤੇ ਪਾ ਦਿੱਤਾ ਗਿਆ ਹੈ।