ਅੰਮ੍ਰਿਤਸਰ (20 ਦਸੰਬਰ, 2014): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ 20 ਦਸੰਬਰ 2014 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਪ੍ਰਵੇਸ ਦੁਵਾਰ ਘੰਟਾ ਘਰ ਸਾਹਮਣੇ ਸਿੱਖ ਹਿੰਦੂ ਨਹੀਂ ਆਨਲਾਈਨ ਪਟੀਸ਼ਨ ਕੈਂਪ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋ ਆਨਲਾਈਨ ਦਸਤਖ਼ਤ ਕਰਾਏ ਜਾਣਗੇ।

ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਸਰਕਾਰ ਅਤੇ ਸ੍ਰੌਮਣੀ ਅਕਾਲੀ ਦਲ ਬਾਦਲ ਪਾਸੋ ਮੰਗ ਕੀਤੀ ਹੈ ਕਿ ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਸੰਵਿਧਾਨ ਦੀ ਧਾਰਾ 25ਬੀ ਖ਼ਿਲਾਫ ਇੱਕਜੁੱਟਤਾ ਦਿਖਾਈ ਹੈ ਤਾਂ ਇਸ ਧਾਰਾ ਵਿਰੁੱਧ ਪੰਜਾਬ ਵਿਧਾਨ ਸਭਾ ਅੰਦਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਦੀ ਚਰਕੌਨੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਸ੍ਰੌਮਣੀ ਅਕਾਲੀ ਦਲ ਯੁਨਾਈਟਿਡ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਸਕੱਤਰ ਜਨਰਲ ਸ੍ਰ ਗੁਰਦੀਪ ਸਿੰਘ ਬਠਿੰਡਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਧਾਰਾ 25ਬੀ ਖ਼ਿਲਾਫ ਆਰੰਭੀ ਆਨਲਾਈਨ ਪਟੀਸ਼ਨ ਉੱਪਰ ਸਮੁੱਚੇ ਸਿੱਖਾਂ ਨੂੰ ਵੱਧ ਚੱੜ ਕੇ ਦਸਤਖ਼ਤ ਕਰਨ ਦੀ ਜਰੂਰਤ ਹੈ।
ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ ਨੇ ਸਪੱਸ਼ਟ ਸ਼ਬਦਾ ਵਿੱਚ ਕਿਹਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਮਜੂੌਦਾ ਸਮੇਂ ਵਿੱਚ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਣ ਲਈ ਹਿੰਦੂ ਰਹੁਰੀਤਾਂ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਡਣਾ ਹੋਵੇਗਾ।
ਉਹਨਾਂ ਕਿਹਾ ਕਿ ਗੁਰੂ ਸਹਿਬਾਨ ਨੇ ਸਿੱਖ ਪੰਥ ਦੀ ਅੱਡਰੀ ਹੈਸੀਅਤ ਨੂੰ ਬਰਕਰਾਰ ਰੱਖਣ ਲਈ ਆਪਣਾ ਸਰਬੰਸ ਵਾਰ ਕੇ ਖਾਲਸਾ ਪੰਥ ਪ੍ਰਗਟ ਕੀਤਾ ਲੇਕਿਨ ਸਿੱਖਾਂ ਦਾ ਵੱਡਾ ਹਿੱਸਾ ਅੱਜ ਦੇ ਦੌਰ ਵਿੱਚ ਮਿਥਹਾਸ, ਅੰਧਵਿਸ਼ਵਾਸ, ਜਾਤਪਾਤ ਦੇ ਕੌਹੜ ਵਿੱਚ ਜਕੜਿਆ ਪਿਆ ਹੈ।
ਸੰਤ ਰਣਜੀਤ ਸਿੰਘ ਢੱਡਰੀਆ ਵਾਲਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਧਾਰਾ 25ਬੀ ਖ਼ਿਲਾਫ ਆਰੰਭੀ ਦਸਤਖ਼ਤ ਮੁਹਿੰਮ ਦਾ ਪੂਰਨ ਸਮਰਥਨ ਕਰਦਿਆ ਇਸ ਉੱਪਰ ਵੱਧ ਤੋਂ ਵੱਧ ਦਸਤਖ਼ਤ ਕਰਨ ਦੀ ਅਪੀਲ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਕੀਰਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਕਿਹਾ ਹੈ ਕਿ 26 ਜਨਵਰੀ 1950 ਨੂੰ ਹੋਂਦ ਵਿੱਚ ਆਏ ਭਾਰਤੀ ਸਵਿਧਾਨ ਦੀ ਧਾਰਾ 25ਬੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਦੀ ਹੈ ਜਿਸ ਨੂੰ ਖ਼ਤਮ ਕਰਵਾਉਣ ਲਈ ਸ੍ਰੌਮਣੀ ਅਕਾਲੀ ਦਲ ਸਮੇਤ ਸਮੁੱਚੇ ਸਿੱਖ ਮੈਂਬਰ ਪਾਰਲੀਮੈਂਟਾ ਨੂੰ ਇੱਕਜੁੱਟਤਾ ਨਾਲ ਪਾਰਲੀਮੈਂਟ ਅਤੇ ਰਾਜ ਸਭਾ ਵਿੱਚ ਅਵਾਜ ਬੁਲੰਦ ਕਰਨੀ ਚਾਹੀਦੀ ਹੈ।