ਅੰਮਿ੍ਤਸਰ (12 ਜਨਵਰੀ, 2015): ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ‘ਚ ਦਿਨ ਦਿਹਾੜੇ ਸਿੱਖ ਰਾਜ ਦੀਆਂ ਦੁਰਲੱਭ ਸ੍ਰੀ ਸਾਹਿਬ (ਛੋਟੀਆਂ ਕ੍ਰਿਪਾਨਾ) ਚੋਰੀ ਹੋ ਗਈਆਂ ਙ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ‘ਸਮਰ ਪੈਲੇਸ’ ਤੇ ਚੌਥੇ ਗੁਰੂ ਸ੍ਰੀ ਰਾਮ ਦਾਸ ਦੇ ਨਾਂਅ ‘ਤੇ ਸਿੱਖ ਰਾਜ ਵੇਲੇ ਬਣਾਏ ਇਤਿਹਾਸਕ ਰਾਮ ਬਾਗ ‘ਚ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਉਕਤ ਸਿੱਖ ਰਾਜ ਦੀਆਂ ਦੁਰਲੱਭ ਵਸਤੂਆਂ ਜਿਵੇਂ ਸ਼ਸਤਰ-ਵਸਤਰ, ਤੋਪਾਂ, ਬੰਦੂਕਾਂ, ਕ੍ਰਿਪਾਨਾਂ ਆਦਿ ਸਾਂਭੀਆਂ ਹੋਈਆਂ ਹਨ ।

ਉਕਤ ਘਟਨਾ ਗੁਰੂ ਨਗਰੀ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਾਲ ਸਬੰਧਿਤ ਨਿਸ਼ਾਨੀਆਂ ਸੰਭਾਲਣ ‘ਚ ਸੁਰੱਖਿਆ ਇੰਤਜਾਮਾਂ ਦੀ ਬਦਇੰਤਜ਼ਾਮ ਦੀ ਮੂਹੋਂ ਬੋਲਦੀ ਤਸਵੀਰ ਹੈ।’ਸਮਰ ਪੈਲੇਸ’ ਦੀ ਪੁਰਾਤੱਤਵ ਤੇ ਸੈਰ ਸਪਾਟਾ ਵਿਭਾਗ ਵੱਲੋਂ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਕਾਰਨ ਉਕਤ ਪੈਨੋਰਮਾ ‘ਚ ਕੁਝ ਕਮਰੇ ਲੈ ਕੇ ਉਕਤ ਇਤਿਹਾਸਕ ਵਸਤੂਆਂ ਰੱਖੀਆਂ ਹੋਈਆਂ ਹਨ।
ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ ਮਾਮਲੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇ ਇਕ ਚੌਕੀਦਾਰ ਰਮਨ ਕੁਮਾਰ ਨੇ ਦੱਸਿਆ ਕਿ ਸਿੱਖ ਰਾਜ ਦੀਆਂ 7 ਛੋਟੀਆਂ ਕ੍ਰਿਪਾਨਾਂ ਚੋਰੀ ਹੋ ਗਈਆਂ, ਜੋ ਸ਼ੀਸ਼ੇ ਦੇ ਫਰੇਮਾਂ ਅੰਦਰ ਸਾਂਭੀਆਂ ਹੋਈਆਂ ਸਨ ।
ਪੈਨੋਰਮਾ ਦੀ ਸੰਭਾਲ ਕਰ ਰਹੀ ਨਗਰ ਨਿਗਮ ਦੇ ਐਸ. ਡੀ. ਓ. ਸ: ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਚੋਰੀ ਹੋਈ ਵਸਤੂਆਂ ਸੈਰ ਸਪਾਟਾ ਵਿਭਾਗ ਦੀਆਂ ਸਨ, ਜਦਕਿ ਨੈਸ਼ਨਲ ਕੌਾਸਲ ਆਫ਼ ਸਾਇੰਸ ਮਿਊਜੀਅਮ ਵੱਲੋਂ ਉਨ੍ਹਾਂ ਨੂੰ ਸਪੁਰਦ ਕੀਤਾ ਗਿਆ ਸਾਮਾਨ ਬਿਲਕੁਲ ਸੁਰੱਖਿਅਤ ਹੈ।
ਉਨ੍ਹਾਂ ਪਾਸੋਂ ਸੈਰ ਸਪਾਟਾ ਵਿਭਾਗ ਨੇ ਕੁਝ ਕਮਰੇ ਲੈ ਕੇ ਆਪਣਾ ਇਤਿਹਾਸਕ ਸਿੱਖ ਰਾਜ ਨਾਲ ਸਬੰਧਿਤ ਸਾਮਾਨ ਸਾਂਭਿਆ ਹੋਇਆ ਹੈ ਅਤੇ ਸੈਰ ਸਪਾਟਾ ਵਿਭਾਗ ਦੇ ਹੀ ਮੁਲਾਜਮ ਉਕਤ ਸਾਮਾਨ ਦੀ ਭਾਲ ਕਰਦੇ ਹਨ, ਦੂਜੇ ਪਾਸੇ ਚੌਕੀ ਲਾਰੰਸ ਰੋਡ ਦੇ ਇੰਚਾਰਜ ਸ੍ਰੀ ਪ੍ਰਵੀਨ ਕੁਮਾਰ ਮੁਤਾਬਿਕ ਉਕਤ ਚੋਰੀ ਬਾਅਦ ਦੁਪਹਿਰ ਤਿੰਨ ਤੋਂ ਪੰਜ ਦਰਮਿਆਨ ਦਿਨ ਦਿਹਾੜੇ ਕੀਤੀ ਗਈ ਹੈ, ਜਿਸ ਸਬੰਧੀ ਸਾਰੇ ਮੁਲਾਜ਼ਮਾਂ ਦੇ ਫਿੰਗਰ ਪਿੰਰਟ ਹਾਸਲ ਕਰ ਲਏ ਗਏ ਤੇ ਸਿੱਖ ਰਾਜ ਦੀਆਂ ਦੁਰਲੱਭ ਸ੍ਰੀ ਸਾਹਿਬ ਬਰਾਮਦ ਕਰਨ ਲਈ ਸਿਵਲ ਲਾਈਨ ‘ਚ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।