
ਸਿਡਨੀ (7 ਦਸੰਬਰ, 2014 ): ਸਿੱਖ ਕੌਮ ਦੀ ਆਨ ਅਤੇ ਸ਼ਾਨ ਲਈ ਆਪਣਾ ਸਭ ਕੁਝ ਦਾਅ ‘ਤੇ ਲਾਅ ਕੇ ਕੌਮ ਦੀ ਵਿਗੜੀ ਸੰਵਾਰਨ ਲਈ ਲੰਮੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਗਏ ਸਿੱਖ ਰਾਜਸੀ ਕੈਦੀਆਂ ਲਈ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੇ ਹੱਕ ਵਿਚ ਵਿਦੇਸ਼ਾਂ ਤੋਂ ਵੱਖ-ਵੱਖ ਸੰਸਥਾਵਾਂ ਨੇ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ।
ਸਿਡਨੀ ਦੇ ਗੁਰੂਘਰ ਰਿਵਰਸਵੀ ਵਿਚ ਹਰ ਰੋਜ਼ ਇਕ ਸਿੰਘ ਭੁੱਖ ਹੜਤਾਲ ‘ਤੇ ਬੈਠਦਾ ਹੈ ਅਤੇ ਭਾਈ ਗੁਰਬਖਸ਼ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ। ਸਿਡਨੀ ਤੋਂ ਦਮਦਮੀ ਟਕਸਾਲ ਆਸਟ੍ਰੇਲੀਆ, ਅਖੰਡ ਕੀਰਤਨੀ ਜਥਾ, ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ, ਰਿਵਰਸਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਰਿਵਰਸਵੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਅਕਾਲ ਤਖ਼ਤ ਦੇ ਜਥੇਦਾਰ ਕੋਲ ਸਿੱਖਾਂ ਦੀ ਆਵਾਜ਼ ਬੁਲੰਦਰ ਕਰਨਾ ਹੈ।
ਭਾਈ ਉਪਕਾਰ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਨੇ ਕਿਹਾ ਕਿ ਸੰਸਥਾਵਾਂ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਲਿਖਤੀ ਬੇਨਤੀ ਕਰਨਗੀਆਂ ਕੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਆਰੰਭੇ ਕਾਰਜ਼ ਨੂੰ ਅੱਗੇ ਵਧਾਉਣ ਲਈ ਸਹਿਯੋਗ ਦੇਣ।ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਹਾਈ ਕਮਿਸ਼ਨਰ ਕੈਨਬਰਾ ਨੂੰ ਵੀ ਲਿਖਤੀ ਪੱਤਰ ਸੌਂਪਿਆ ਜਾਵੇਗਾ ਤਾਂ ਜੋ ਹੱਕ ਸੱਚ ਦੀ ਆਵਾਜ਼ ਨੂੰ ਸਾਹਮਣੇ ਲਿਆਂਦਾ ਜਾ ਸਕੇ।
ਜ਼ਿਕਰਯੋਗ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ,ਭਾਰਤ ਦੀਆਂ ਵੱਖ-ਵੱਖ ਜ਼ੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 6 ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ਤੇ ਹਨ।ਜਿੰਨ੍ਹਾਂ ਦੀ ਰਿਹਾਈ ਲਈ ਮੋਰਚਾ ਲਾਇਆ ਹੈ ਉਨ੍ਹਾਂ ਵਿਚੋਂ ਗੁਰਮੀਤ ਸਿੰਘ, ਲੱਖਵਿੰਦਰ ਸਿੰਘ, ਸ਼ਮਸ਼ੇਰ ਸਿੰਘ (ਸਾਰੇ ਕੇਂਦਰੀ ਜ਼ੇਲ ਬੁੜੈਲ), ਭਾਈ ਲਾਲ ਸਿੰਘ (ਸਕਿਉਰਿਟੀ ਜ਼ੇਲ ਨਾਭਾ), ਵਰਿਆਮ ਸਿੰਘ (ਯੁ.ਪੀ. ਜ਼ੇਲ),ਅਤੇ ਗੁਰਦੀਪ ਸਿੰਘ (ਗੁਲਬਰਗ ਜ਼ੇਲ ਕਰਨਾਟਕ) ਵਿੱਚ ਨਜ਼ਰਬੰਦ ਹਨ। ਜਦ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਰੱਦ ਹੋਣ ਕਾਰਣ ਹੁਣ ਉਹ ਵੀ ਪੱਕੀ ਰਿਹਾਈ ਦੇ ਹੱਕਦਾਰ ਹਨ।