ਚੰਡੀਗੜ੍ਹ: ਬਾਦਲ ਅਕਾਲੀ ਦਲ ਨੇ ਪਾਰਟੀ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਕਈ ਅੀਹਮ ਨਿਯੁਕਤੀਆਂ ਕੀਤੀਆਂ ਹਨ। ਬਾਦਲ ਦਲ ਨੇ ਪਹਿਲੀ ਵਾਰ ਕੋਰ ਕਮੇਟੀ ਵਿੱਚ ਦੋ ਬੀਬੀਆਂ ਨੂੰ ਸ਼ਾਮਲ ਕੀਤਾ ਹੈ।ਬਾਦਲ ਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਸੀਨੀਅਰ ਆਗੂਆਂ ਬੀਬੀ ਜਗੀਰ ਕੌਰ, ਸ. ਗੁਲਜ਼ਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ ਤੇ ਸ. ਹਰੀ ਸਿੰਘ ਜ਼ੀਰਾ ਨੂੰ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਹੈ ।

ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਹਨ ਤੇ ਸ. ਜੀਤ ਮਹਿੰਦਰ ਸਿੰਘ ਸਿੱਧੂ ਵਿਧਾਇਕ ਤਲਵੰਡੀ ਸਾਬੋ, ਸ. ਬਾਵਾ ਸਿੰਘ ਗੁਮਾਨਪੁਰਾ ਅੰਮਿ੍ਤਸਰ ਅਤੇ ਹਰਿਆਣਾ ਨਾਲ ਸਬੰਧਿਤ ਪਾਰਟੀ ਦੇ ਸੀਨੀਅਰ ਆਗੂ ਸ. ਸੁਖਦੇਵ ਸਿੰਘ ਗੋਬਿੰਦਗੜ੍ਹ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਹੈ ।
ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ।ਪਾਰਟੀ ਦੇ ਨੌਜਵਾਨ ਆਗੂ ਸ. ਗੁਰਪ੍ਰਤਾਪ ਸਿੰਘ ਟਿੱਕਾ ਨੂੰ ਜ਼ਿਲ੍ਹਾ ਅਕਾਲੀ ਜਥਾ ਅੰਮਿ੍ਤਸਰ (ਸ਼ਹਿਰੀ) ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੈ ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਆਉਂਦੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ।