ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੀ ਕੀਤੀ ਜਾ ਰਹੀ ਅਣਦੇਖੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ’ਚ ਅੜਿੱਕੇ ਖੜ੍ਹੇ ਕੀਤੇ ਹਨ। ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਜਾਣਕਾਰੀ ਮੁਤਾਬਕ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ ਕਿਤਾਬਾਂ ਵੇਚ ਕੇ 4 ਕਰੋੜ ਰੁਪਏ ਦੀ ਕਮਾਈ ਤਾਂ ਕੀਤੀ, ਪਰ ਦੂਜੀਆਂ ਭਾਸ਼ਾਵਾਂ ’ਚ ਪ੍ਰਕਾਸ਼ਿਤ ਹੋਇਆ ਸਾਹਿਤ ਪੰਜਾਬੀ ’ਚ ਛਾਪਣ ਸਬੰਧੀ ਵਿਭਾਗ ਤਕਰੀਬਨ ਫੇਲ੍ਹ ਹੀ ਸਾਬਤ ਹੋਇਆ ਹੈ।

ਗ਼ੈਰਸਰਕਾਰੀ ਸੰਸਥਾ ‘ਹੈੱਲਪ’ ਦੇ ਨੁਮਾਇੰਦੇ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਭਾਸ਼ਾ ਵਿਭਾਗ ਵੱਲੋਂ 15 ਸਾਲ ਵਿੱਚ ਮਹਿਜ਼ ਦੋ ਕਿਤਾਬਾਂ ਦਾ ਹੀ ਪੰਜਾਬੀ ’ਚ ਅਨੁਵਾਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਗਰੇਜ਼ੀ ਨਾਵਲ ‘ਗਾਈਡ’ ਜੋ ਕਿ ਮੂਲ ਰੂਪ ’ਚ ਆਰ.ਕੇ. ਨਰਾਇਣ ਵੱਲੋਂ ਲਿਖਿਆ ਗਿਆ ਸੀ ਅਤੇ ਅੰਗਰੇਜ਼ੀ ਲੇਖਕ ਜੇਨ ਔਸਟਿਨ ਦੀ ਰਚਨਾ ‘ਐਮਾ’ ਦਾ ਅਨੁਵਾਦ ਸ਼ਾਮਲ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸਾਲ 2001 ਤੋਂ ਬਾਅਦ ਭਾਸ਼ਾ ਵਿਭਾਗ ਵੱਲੋਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਿਤ ਵੀ ਕੀਤੀਆਂ ਗਈਆਂ, ਉਨ੍ਹਾਂ ਵਿੱਚੋਂ ਬਹੁਤੀਆਂ ਦੂਜੀ ਵਾਰੀ ਨਹੀਂ ਛਪੀਆਂ, ਕਿਉਂਕਿ ਵਿਭਾਗ ਕੋਲ ਫੰਡਾਂ ਦੀ ਕਮੀ ਹੈ।
ਭਾਸ਼ਾ ਵਿਭਾਗ ਨੇ ਮਾਸਿਕ ਰਸਾਲੇ ‘ਪੰਜਾਬੀ ਦੁਨੀਆਂ’ ਅਤੇ ‘ਜਨ ਸਾਹਿਤ’ ਦੀ ਛਪਣ ਗਿਣਤੀ ਵੀ ਘਟਾ ਦਿੱਤੀ ਹੈ। ਵਿਭਾਗ ਮੁਤਾਬਕ ਇਨ੍ਹਾਂ ਰਸਾਲਿਆਂ ਦੀ ਛਪਣ ਗਿਣਤੀ 700 ਤੋਂ ਘਟਾ ਕੇ 500 ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ‘ਪੰਜਾਬੀ ਗੌਰਵ’ ਨਾਮੀ ਰਸਾਲਾ ਵੀ ਛਾਪਿਆ ਜਾਂਦਾ ਸੀ, ਪਰ ਇਹ ਜਨਵਰੀ 2015 ਤੋਂ ਬਾਅਦ ਛਾਪਿਆ ਨਹੀਂ ਗਿਆ। ਵਿਭਾਗੀ ਅਧਿਕਾਰੀਆਂ ਵੱਲੋਂ ਛਪਣ ਗਿਣਤੀ ਘਟਾਉਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਰਸਾਲਿਆਂ ਲਈ ਮਿਆਰੀ ਰਚਨਾਵਾਂ ਨਹੀਂ ਆਉਂਦੀਆਂ ਕਿਉਂਕਿ ਲੇਖਕਾਂ ਨੂੰ ਮਿਹਨਤਾਨਾ ਬਹੁਤ ਘੱਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਸਾਹਿਤ ਛਾਪਣ ਲਈ ਪੈਸਾ ਨਾ ਦੇਣਾ ਅਤੇ ਅਸਾਮੀਆਂ ਦੀ ਘਾਟ ਵੀ ਕਾਰਨ ਹਨ। ਅਧਿਕਾਰੀਆਂ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਦਾ ਮਿਆਰੀ ਸਾਹਿਤ ਵੀ ਅਨੁਵਾਦਕਾਂ ਦੀ ਕਮੀ ਕਾਰਨ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ। ਜਿਹੜੇ ਅਨੁਵਾਦਕ ਹਨ ਵੀ, ਉਨ੍ਹਾਂ ਦੀਆਂ ਸੇਵਾਵਾਂ ਸਰਕਾਰ ਵੱਲੋਂ ਚੰਡੀਗੜ੍ਹ ’ਚ ਪ੍ਰਸ਼ਾਸਕੀ ਕੰਮਾਂ ਲਈ ਲਈਆਂ ਜਾ ਰਹੀਆਂ ਹਨ।
ਹੋਰਨਾਂ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਿਹਾ ਹੈ। ਖੋਜ ਅਫ਼ਸਰਾਂ ਦੀਆਂ 40 ਵਿੱਚੋਂ 17, ਡੇਟਾ ਐਂਟਰੀ ਅਤੇ ਕੰਪਿਊਟਰ ਅਪਰੇਟਰਾਂ ਦੀਆਂ 23 ਦੀਆਂ 23 ਅਸਾਮੀਆਂ, ਸੀਨੀਅਰ ਸਹਾਇਕਾਂ ਦੀਆਂ 35 ਵਿੱਚੋਂ 9 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਲਾਇਬਰੇਰੀਅਨਾਂ, ਚਿੱਤਰਕਾਰਾਂ, ਖੋਜ ਇੰਸਟਰਕਟਰਾਂ, ਕੈਮਰਾਮੈੱਨ ਆਦਿ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਕ ਹੋਰ ਜਾਣਕਾਰੀ ਮੁਤਾਬਕ ਵਿਭਾਗ ਨੇ 14 ਸਾਲਾਂ ’ਚ 4 ਕਰੋੜ 5 ਲੱਖ 61 ਹਜ਼ਾਰ ਰੁਪਏ ਦੀਆਂ ਕਿਤਾਬਾਂ ਵੇਚੀਆਂ ਹਨ। ਸਾਲ 2013-14 ਦੌਰਾਨ 1 ਕਰੋੜ 52 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ।
ਮਲਾਜ਼ਮਾਂ ਦੀ ਘਾਟ ਵੱਡੀ ਦਿੱਕਤ: ਡਾਇਰੈਕਟਰ
ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਦਾ ਕਹਿਣਾ ਹੈ ਕਿ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਕਮੀ ਕਾਰਨ ਵਿਭਾਗ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾਇਆ ਜਾਂਦਾ ਹੈ।