May 15, 2023 | By ਸ. ਪਰਮਜੀਤ ਸਿੰਘ ਗਾਜ਼ੀ
1. ਲੰਘੀ 11 ਮਈ ਨੂੰ ਗੋਸ਼ਟਿ ਸਭਾ ਵਾਲੇ ਨੌਜਵਾਨ ਵਿਦਿਆਰਥੀਆਂ/ਖੋਜਾਰੀਥੀਆਂ ਵੱਲੋਂ “ਬਿਜਲ ਸੱਥ ਅਤੇ ਵਿਚਾਰਾਂ ਦੀ ਅਜ਼ਾਦੀ” ਵਿਸ਼ੇ ਉੱਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਖੇ ਵਿਚਾਰ-ਚਰਚਾ ਕਰਵਾਈ ਗਈ।
2. ਇਹ ਵਿਚਾਰ-ਚਰਚਾ ਬੁਲਾਰਿਆਂ ਦੀ ਵਿਚਾਰਧਾਰਕ ਤੇ ਕਾਰਜ ਖੇਤਰ ਦੀ ਵੰਨ-ਸੁਵੰਨਤਾ ਦੇ ਪੱਖੋਂ ਬਹੁਤ ਵਿਲੱਖਣ ਰਹੀ। ਵਿਚਾਰ-ਚਰਚਾ ਦੌਰਾਨ ਪੂਰਾ ਸੈਨੇਟ ਹਾਲ ਭਰਿਆ ਰਿਹਾ ਤੇ ਵਿਦਿਆਰਥੀ ਪੌੜੀਆਂ ਵਿਚ ਬੈਠ ਕੇ ਤੇ ਖੜ੍ਹੇ ਰਹਿ ਕੇ ਜਿਸ ਗੰਭੀਰਤਾ ਨਾਲ ਵਿਚਾਰਾਂ ਸੁਣਦੇ ਰਹੇ, ਇਹ ਵੇਖਣਾ ਇਕ ਵਿਲੱਖਣ ਹੀ ਅਨੁਭਵ ਸੀ।
3. ਗਸ਼ਟੀ ਦੌਰਾਨ ਬੁਲਾਰਿਆਂ ਦੀ ਵੰਨ-ਸੁਵੰਨਤਾ ਉਹਨਾ ਵੱਲੋਂ ਸਾਂਝੇ ਕੀਤੇ ਵਿਚਾਰਾਂ ਵਿਚ ਵੀ ਬਾਖੂਬੀ ਪਰਗਟ ਹੋਈ। ਹਰ ਬੁਲਾਰੇ ਨੇ ਵਿਸ਼ੇ ਦੇ ਮੁਖਤਲਿਫ ਪੱਖਾਂ ਨੂੰ ਵੱਖਰੇ ਨਜ਼ਰੀਏ ਤੇ ਆਪਣੇ ਮੁਹਾਰਤ ਦੇ ਦਾਇਰੇ ਮੁਤਾਬਿਕ ਛੋਹਿਆ।
4.ਗੋਸ਼ਟਿ ਸਭਾ ਦੇ ਨੌਜਵਾਨਾਂ ਨੇ ਮੈਨੂੰ ਵੀ ਇਸ ਗੋਸ਼ਟੀ ਵਿਚ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ਸੀ। ਸੋ ਉਸ ਮੁਤਾਬਿਕ “ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਹਥਿਆਰ ਵੱਜੋਂ ਵਰਤਣ ਦਾ ਵਰਤਾਰਾ: ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ” ਵਿਸ਼ੇ ਉੱਤੇ 18 ਮਾਰਚ ਤੋਂ ਬਾਅਦ ਸਿੱਖ ਬਿਜਲ ਸੱਥ ਖਾਤਿਆਂ ਅਤੇ ਪੰਜਾਬੀ ਬਿਜਾਲੀ ਖਬਰਖਾਨੇ ਉੱਤੇ ਲੱਗੀਆਂ ਰੋਕਾਂ; ਅਤੇ ਬਿਜਾਲੀ-ਜੀਆਂ (ਨੈਟੀਜਨਸ) ਅਤੇ ਪੱਤਰਕਾਰਾਂ ਉੱਤੇ ਪੁਲਿਸ ਕਾਰਵਾਈਬਾਰੇ ਇਕ ਪੜਚੋਲ ਸਾਂਝੀ ਕੀਤੀ। ਇਸ ਮੌਕੇ ਪੰਜਾਬ ਵਿਚ ਵਾਪਰੇ ਦਮਨ-ਚੱਕਰ ਅਤੇ ਇਸ ਦੇ ਨਾਲ ਚੱਲੇ ਮਨੋਵਿਗਿਆਨਕ ਹਮਲੇ ਪਿੱਛੇ ਕੰਮ ਕਰਦੇ ‘ਸੋਮੀਕਹ’ ਅਤੇ ‘ਇਸਾਕਕੋਪ’ ਜਿਹੇ ਤੰਤਰਾਂ ਦੀ ਭੁਮਿਕਾ ਬਾਰੇ ਚਰਚਾ ਕੀਤੀ।
5. ਸ. ਹਰਮੀਤ ਸਿੰਘ ਫਤਿਹ ਨੇ ਬਿਜਲ ਸੱਥ ਦੇ ਤਾਣੇ-ਬਾਣੇ (ਨੈਟਵਰਕ) ਅਤੇ ਇਸ ਦੇ ਮੰਤਰ-ਸਾਰ (ਅਲੌਗਰਿਧਮ) ਬਾਰੇ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ ਕਿ ਕਿਵੇਂ ਇਹ ਖਿਆਲੀ ਸੰਸਾਰ ਮਨੁੱਖ ਨੂੰ ਹਕੀਤੀ ਸੰਸਾਰ ਤੋਂ ਤੋੜ ਰਿਹਾ ਹੈ। ਬਿਜਲ-ਸੱਥ ਉੱਤੇ ਚੱਕਵੀਂ ਤੇ ਨਾਕਾਰਾਤਮਿਕ ਗੱਲ ਵਧੇਰੇ ਅਤੇ ਤੇਜੀ ਨਾਲ ਫੈਲਦੀ ਹੈ ਜਦਕਿ ਸਾਕਾਰਾਤਮਿਕ ਗੱਲ ਹੌਲੀ ਅਤੇ ਘੱਟ ਚੱਲਦੀ ਹੈ। ਇਹ ਮਨੁੱਖੀ ਸੁਭਾਅ ਅਤੇ ਬਿਜਲ-ਸੱਥ ਦੇ ਮੰਤਰ-ਸਾਰ ਦੇ ਮਿਸ਼ਰਣ ਦਾ ਨਤੀਜਾ ਹੈ।
6. ਪੰਜਾਬੀ ਯੂਨੀਵਰਿਸਟੀ ਦੇ ਉਪ-ਕੁਲਪਤੀ ਡਾ. ਅਰਵਿੰਦ ਨੇ ਕਿਹਾ ਕਿ ਬਿਜਲ-ਸੱਥ ਮਨੁੱਖ ਵਿਚ ਜੋ ਤਬਦੀਲੀਆਂ ਲਿਆ ਰਹੀ ਹੈ ਉਹ ਮਨੁੱਖ ਵਿਚ ਮੌਜੂਦ ਸੰਭਾਵਨਾਵਾਂ ਦੇ ਉਜਾਗਰ ਹੋ ਜਾਣ ਜਾਂ ਦੱਬੇ ਜਾਣ ਵਾਲੀਆਂ ਤਬਦੀਲੀਆਂ ਹੀ ਹਨ। ਮਨੁੱਖੀ ਗੁਣ ਬਦਲਣ ਵਿਚ ਬਹੁਤ ਲੰਮਾ (ਸਦੀਆਂ ਦਾ) ਸਮਾਂ ਲੱਗਦਾ ਹੈ। ਸੋ ਹਾਲ ਦੀ ਘੜੀ ਮਨੁੱਖ ਵਿਚ ਆ ਰਹੀ ਤਬਦੀਲੀ ਬੁਨਿਆਦੀ ਮਨੁੱਖੀ ਗੁਣਾਂ ਦੇ ਬਦਲਣ ਵਾਲੀ ਨਹੀਂ ਹੈ।
7. ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਵਿਚਾਰਾਂ ਦੀ ਅਜ਼ਾਦੀ ਦਾ ਵਿਚਾਰਾਂ ਦੇ ਵਖਰੇਵੇਂ ਨਾਲ ਇਹ ਸੰਬੰਧ ਹੈ ਕਿ ਕੀ ਵੱਖਰੇ ਵਿਚਾਰ ਰੱਖਣ ਵਾਲੇ ਇਕ ਦੂਜੇ ਪ੍ਰਤੀ ਸਤਿਕਾਰ ਵਾਲਾ ਨਜ਼ਰੀਆਂ ਰੱਖਦੇ ਹੋਏ ਸੰਵਾਦ ਕਰਦੇ ਹਨ ਜਾਂ ਇਕ ਦੂਜੇ ਨੂੰ ਮੇਟਣ ਵਾਲਾ ਅਮਲ ਅਪਣਾਉਂਦੇ ਹਨ? ਦੂਜਾ ਪੱਖ ਸਟੇਟ ਅਤੇ ਕਾਰਪੋਰੇਟਾਂ ਨੂੰ ਮੁਆਫਕ ਬੈਠਦਾ ਹੈ। ਬਿਜਲ-ਸੱਥ ਰਾਹੀਂ ਸਿੱਖਿਆ ਦੇਣ ਦੇ ਪੰਜਾਬ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਜ਼ਰਬੇ ਨੇ ਦਰਸਾਇਆ ਹੈ ਕਿ ਇਹ ਬਿਜਲ-ਸੱਥ ਮਾਧਿਅਮ ਅਧਿਆਪਕ ਸਿੱਖਿਆਰਥੀ ਸੰਬੰਧਾਂ ਵਿਚ ਦੂਰੀ ਲਿਆਉਂਦਾ ਹੈ। ਯਾਦ ਰਹੇ ਕਿ ਦੂਜੇ ਪਾਸੇ ਸਟੇਟ ਅਧਿਆਪਕ ਰਹਿਤ ਸਿੱਖਿਆ ਪ੍ਰਬੰਧ ਬਾਰੇ ਪਹਿਲਾਂ ਹੀ ਸੋਚ ਰਹੀ ਹੈ।
8. ਸ. ਅਜੇਪਾਲ ਸਿੰਘ ਨੇ ਕਿਹਾ ਕਿ ਸੰਸਾਰ ਦੇ ਇਤਿਹਾਸ ਵਿਚ ਸਦਾ ਹੀ ਵਿਚਾਰਾਂ ਦੀ ਅਜ਼ਾਦੀ ਦੀਆਂ ਲਹਿਰਾਂ ਉੱਠਦੀਆਂ ਰਹੀਆਂ ਹਨ ਤੇ ਇਸ ਦੇ ਵਿਰੋਧ ਵਿਚ ਵੀ ਸਮਾਜ ਦੇ ਕੁੱਝ ਹਿੱਸਿਆਂ ਅਤੇ ਸਟੇਟਾਂ ਵੱਲੋਂ ਸਰਗਰਮੀ ਹੁੰਦੀ ਰਹੀ ਹੈ। ਹਰ ਯੁੱਗ ਦੀ ਨਵੀਂ ਤਕਨੀਕ ਦੀ ਵਿਚਾਰਾਂ ਦੀ ਅਜ਼ਾਦੀ ਲਈ ਵਰਤੋਂ ਵੀ ਹੁੰਦੀ ਰਹੀ ਹੈ ਪਰ ਅਜਿਹਿਆਂ ਤਕਨੀਕਾਂ ਦਾ ਵਿਰੋਧ ਵੀ ਹੁੰਦਾ ਰਿਹਾ ਹੈ। ਨਵੀਂ ਤਕਨੀਕ ਵੇਲੇ ਕਦੀ ਇਹ ਲੱਗਦਾ ਹੈ ਕਿ ਇਸ ਨੇ ਵਿਚਾਰਾਂ ਦੀ ਅਜ਼ਾਦੀ ਦੇ ਪ੍ਰਗਟਾਵੇ ਦਾ ਦਾਇਰਾ ਬਹੁਤ ਖੁੱਲ੍ਹਾ ਕਰ ਦਿੱਤਾ ਹੈ ਪਰ ਦੂਜੇ ਪਾਸੇ ਫਿਰ ਸਟੇਟ ਇਸ ਨੂੰ ਕਾਬੂ ਕਰ ਲੈਂਦੀ ਰਹੀ ਹੈ। ਇਹੀ ਵਰਤਾਰਾ ਹੁਣ ਵੀ ਚੱਲ ਰਿਹਾ ਹੈ ਅਤੇ ਅੱਗੇ ਵੀ ਜਾਰੀ ਰਹਿਣਾ ਹੈ।
9. ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਬਿਜਲ ਸੱਥ ਕਿਸੇ ਹੋਰ ਦਾ ਧਰਾਤਲ ਹੈ ਜਿਸ ਦੇ ਮਾਲਕਾਂ ਨੇ ਲੋਕਾਂ ਨੂੰ ਉਹਨਾ ਦੇ ਧਰਾਤਲ ਤੋਂ ਲੋੜ ਕੇ ਆਪਣੇ ਧਰਾਤਲ ਉੱਤੇ ਲੈ ਆਂਦਾ ਹੈ ਜਿੱਥੇ ਉਹਨਾ ਦੇ ਸੰਦ ਹੁਣ ਲੋਕਾਂ ਦੀ ਦੇਹ ਉੱਤੇ ਵੀ ਅਸਰ ਅੰਦਾਜ਼ ਹੋ ਰਹੇ ਹਨ। ਬਿਜਲ ਸੁੱਥ ਉੱਤੇ ਸਿੱਖਾਂ ਦੇ ਮਸਲੇ ਵਿਚ ਇਹ ਨਕਸ਼ (ਪੈਟਰਨ) ਸਾਹਮਣੇ ਆਏ ਹਨ ਕਿ ਕਈ ਸਫੇ ਪਹਿਲਾਂ ਸਿੱਖੀ ਸਿਧਾਂਤ ਦੀ ਬਾਤ ਪਾਉਂਦੇ ਹਨ, ਫਿਰ ਸਟੇਟ ਦਾ ਵਿਰੋਧ ਸ਼ੁਰੂ ਕਰਦੇ ਹਨ, ਫਿਰ ਵਿਰੋਧ ਨੂੰ ਹੋਰਨਾਂ ਵਿਚਾਰਧਾਰਾਵਾਂ ਵੱਲ ਸੇਧਤ ਕਰ ਦਿੰਦੇ ਹਨ; ਫਿਰ ਵਿਰੋਧ ਨੂੰ ਸਿੱਖਾਂ ਦੇ ਵਿਚ ਹੀ ਲੈ ਆਉਂਦੇ ਹਨ ਤੇ ਅਖੀਰ ਆਪਣੇ ਆਪ ਨੂੰ ਗਾਲਾਂ ਕੱਢਣ ਤੱਕ ਚਲੇ ਜਾਂਦੇ ਹਨ। ਇਸ ਚਲਨ ਤੋਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ।
10. ਡਾ. ਗੁਰਮੁਖ ਸਿੰਘ ਨੇ ਬਿਜਲ-ਸੱਥ ਅਤੇ ਸਿਨੇਮਾ ਦਾ ਅੰਤਰ ਤੇ ਇਹਨਾ ਦਾ ਇਕ ਦੂਜੇ ਉੱਤੇ ਪ੍ਰਭਾਵ ਵਿਸ਼ੇ ਬਾਰੇ ਵਿਚਾਰ ਰੱਖਦਿਆਂ ਆਪਣੇ ਖੋਜ, ਅਧਿਆਪਨ ਤੇ ਵਿਚਾਰਧਾਰਕ ਮਸਲਿਆਂ ਬਾਰੇ ਤਜ਼ਰਬੇ ਸਾਂਝੇ ਕਰਦਿਆਂ ਗੱਲਬਾਤ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਮੰਤਰ-ਸਾਰ (ਅਲੌਗਰਿਦਮ) ਰਾਹੀਂ ਆ ਰਹੀ ਤਬਦੀਲੀ ਨੂੰ ਬੁੱਝਣਾ ਔਖਾ ਹੈ ਜਿਸ ਕਾਰਨ ਵਿਰੋਧ ਦੀ ਸੰਭਾਵਨਾ ਵੀ ਘੱਟ ਹੈ। ਪਰ ਜਦੋਂ ਸਰਕਾਰ ਮੰਤਰ-ਸਾਰ ਦੀ ਖੇਡ ਤੋਂ ਅਗਾਂਹ ਜਾ ਕੇ ਰੋਕਾਂ ਲਾਉਂਦੀ ਹੈ ਤਾਂ ਵਿਰੋਧ ਉੱਠਣ ਦੀ ਸੰਭਾਵਨਾ ਵੀ ਬਣਦੀ ਹੈ।
11. ਡਾ. ਸੇਵਕ ਸਿੰਘ ਨੇ ਕਿਹਾ ਕਿ ਸਰਕਾਰਾਂ ਜਾਂ ਕਾਰਪੋਰੇਟਾਂ ਵੱਲੋਂ ਬਿਨ ਮੰਗਿਆਂ ਦਿੱਤੀ ਜਾਣ ਵਾਲੀ ਸਹੂਲਤ ਵਿਚ ਜਰੂਰ ਗੜਬੜ ਹੁੰਦੀ ਹੈ ਅਤੇ ਇਹੀ ਗੱਲ ਬਿਜਲ-ਸੱਥ ਉੱਤੇ ਵੀ ਲਾਗੂ ਹੁੰਦੀ ਹੈ। ਬਿਜਲ-ਸੱਥ ਦਾ ਖਿਆਲੀ ਸੰਸਾਰ ਅਸਲ ਵਿਚ ਸੱਚ-ਹੀਣ (ਪੋਸਟ-ਟਰੁੱਥ) ਯੁੱਗ ਦੀ ਸ਼ੁਰੂਆਤ ਦਾ ਸੂਚਕ ਹੈ।
12. ਸਮਾਗਮ ਦੋ ਪੜਾਵਾਂ ਵਿਚ ਸੀ ਅਤੇ ਦੋਵਾਂ ਪੜਾਵਾਂ ਵਿਚ ਸਰੋਤਿਆਂ, ਜਿਹਨਾ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਤੇ ਖੋਜਾਰਥੀਆਂ ਦੀ ਸੀ, ਦੀ ਲਗਾਤਾਰ ਬਣੀ ਰਹੀ ਹਾਜ਼ਰੀ ਇਕ ਨਿਵੇਕਲੀ ਤੇ ਤਸੱਲੀ ਵਾਲੀ ਗੱਲ ਲੱਗੀ ਕਿ ਸੰਜੀਦਾ ਉੱਦਮਾਂ ਨੂੰ ਅਜਿਹੇ ਅਦਾਰਿਆਂ ਵਿਚ ਹਾਲੀ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
13. ਮੰਚ ਸੰਚਾਲਨ ਦੀ ਜਿੰਮੇਵਾਰ ਰਵਿੰਦਰਪਾਲ ਸਿੰਘ ਨੇ ਨਿਭਾਈ ਅਤੇ ਗੋਸ਼ਟਿ ਸਭਾ ਵੱਲੋਂ ਸਾਰਿਆਂ ਦਾ ਧੰਨਵਾਦ ਵਿਰਕਮਜੀਤ ਸਿੰਘ ਤਿਹਾੜਾ ਨੇ ਕੀਤਾ। ਸੱਚੇ ਪਾਤਿਸ਼ਾਹ ਗੋਸ਼ਟਿ ਸਭਾ ਦੇ ਜੀਆਂ ਉੱਤੇ ਮਿਹਰ ਕਰਕੇ ਸੇਵਾ ਲੈਂਦਾ ਰਹੇ।
Related Topics: Parmjeet Singh Gazi, Punjabi University Patiala