ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਨਵੀਂ ਕਿਤਾਬ “ਸ਼ਬਦ ਜੰਗ” ਬਾਰੇ

May 2, 2024 | By

 

ਸ਼ਬਦ ਜੰਗ – ਸੇਵਕ ਸਿੰਘ

ਸ਼ਬਦ ਸਿੱਖ ਲਈ ਗੁਰੂ ਹੈ ਤੇ ਸ਼ਬਦ ਰੂਪ ਵਿਚ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਆਖਦੇ ਮੰਨਦੇ ਹਨ। ਜਦੋਂ ਸ਼ਬਦ ਨੂੰ ਗੁਰੂ ਮੰਨਣ ਦੇ ਨਾਲ ਨਾਲ ਦੁਨਿਆਵੀ ਵਿਦਿਆ ਪੱਖੋਂ ਸ਼ਬਦਾਂ, ਬੋਲੀ ਅਤੇ ਲਿਪੀ ਦੀ ਉੱਚ ਵਿਦਿਆ ਹਾਸਲ ਕੋਈ ਜਿਗਿਆਸੂ ਜਦੋਂ ਅਸਾਵੀਂ ਜੰਗ ਬਾਰੇ ਸਵਾਲਾਂ ਦਾ ਉੱਤਰ ਲੱਭਦਿਆਂ ਉਤਰੇ ਵਿਚਾਰਾਂ ਨੂੰ ਲਿਖਤੀ ਰੂਪ ਦਿੰਦਾ ਹੈ ਤਾਂ “ਸ਼ਬਦ ਜੰਗ” ਨਾ ਦੀ ਕਿਤਾਬ ਜਨਮਦੀ ਹੈ।

ਕਿਤਾਬ ਦੇ ਪੱਖੋਂ ਕਈ ਸਿਫਤਾਂ ਹਨ। ਸਭ ਕੁਝ ਪੜ੍ਹਨਯੋਗ ਹੈ ਵਿਚਾਰਨਯੋਗ ਹੈ। ਨਾਂ ਤੋਂ ਲੈ ਕੇ, ਵਿਸ਼ਾ, ਹਵਾਲੇ, ਉਦਹਾਰਣਾਂ, ਤੇ ਜਾਹਰਾ ਤੌਰ ਤੇ ਕਿਤਾਬ ਵਿਚਲੀ ਸਾਰੀ ਲਿਖਤੀ ਸਮੱਗਰੀ। ਲੇਖਕ ਵੱਲੋਂ ਲਿਖੀ ਭੂਮਿਕਾ ਕਿਤਾਬ ਦੇ ਨਾਂ ‘ਤੇ ਚਾਨਣਾ ਪਾਉਂਦੀ ਹੈ ਕਿ ਸਿੱਖਾਂ ਦਾ ਜੰਗਾਂ ਜੁੱਧਾਂ ਦਾ ਇਤਿਹਾਸ ਬਹੁਤਾ ਅਸਾਵੀਆਂ ਜੰਗਾਂ ਦਾ ਹੈ ਤੇ ਲੇਖਕ ਅਨੁਸਾਰ ਅਸਾਵੀਆਂ ਜੰਗਾਂ ਬਾਰੇ ਲਿਖਣ ਵਿਚਾਰਨ ਤੋਂ ਪਹਿਲਾਂ ਸ਼ਬਦ ਜੰਗ ਬਾਰੇ ਵਿਚਾਰ ਜਰੂਰੀ ਹੈ, ਜੋ ਹੁਣ ਅਸਲੀ ਇਤਿਹਾਸ ਤੇ ਕਿਰਦਾਰਾਂ ਨੂੰ ਲੋਕ ਚੇਤਿਆਂ ਵਿਚੋਂ ਮੇਸਣ ਦੇ ਸਮਰਥ ਹੋ ਗਿਆ ਹੈ।

ਕਿਤਾਬ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਿਚ ਬਹੁਤੀ ਥਾਂ ਮੂਲ ਵਿਚਾਰਾਂ ਨੇ ਮੱਲੀ ਹੋਈ ਹੈ – ਹਰ ਪੰਨੇ ਹਰ ਪੈਰੇ ਵਿਚ। ਜਿਵੇਂ – “ਜੰਗੀ ਪੈਂਤੜੇ ਵਜੋਂ, ਗਿਆਨ ਵਿਚਾਰ ਵਜੋਂ ਅਤੇ ਰੂਹਾਨੀ ਵਰਤਾਰੇ ਵਜੋਂ ਸ਼ਬਦ ਅਤੇ ਹਥਿਆਰ ਅੰਤਮ ਸੱਤਾ ਦੇ ਹੀ ਅ/ਕਾਲ ਰੂਪ ਹਨ।” ਅਤੇ “ਸ਼ਬਦ ਅਤੇ ਹਥਿਆਰ ਦਾ ਜਿਕਰ ਟੁੱਟਵੇਂ ਅਤੇ ਵੱਖਰੇ ਰੂਪ ਵਿਚ ਨਹੀਂ ਹੋ ਸਕਦਾ।”  ਇਕ ਹੋਰ “ਰਾਜਨੀਤੀ ਲੋਕਾਂ ਦੇ ਮਨਾਂ ਉੱਤੇ ਕਬਜੇ ਦੀ ਕਲਾ ਹੈ।” ਤੇ ਇਸ ਵਿਚਾਰ ਦਾ ਸਹਾਇਕ ਹਵਾਲਾ ਵੀ ਉਨਾਂ ਹੀ ਖੂਬ ਹੈ। ਸ਼ਬਦਾਂ ਦਾ ਵਿਦਿਆਰਥੀ ਰਹੇ ਹੋਣ ਕਰਕੇ ਬਿਲਕੁਲ ਨਵੇਂ ਸ਼ਬਦਾਂ ਦੀ ਭਰਮਾਰ ਹੈ ਜਿਵੇਂ ਰੰਗਾਵਾਜੀ (ਰੰਗ ਤੇ ਅਵਾਜ), ਬਿਜਲਈ ਕਲਬੂਤ (ਰੋਬਟ), ਦਾਗੇ (ਮਾਅਰਕੇ – ਬ੍ਰੈਂਡ), ਮੋਂਦਾ (ਖੁੱਲ੍ਹੇ ਮੂੰਹ ਨੂੰ ਬੰਦ ਕਰਨ ਵਾਲਾ – ਮੂੰਦਣ ਵਾਲਾ) ਆਦਿ।

ਕਿਤਾਬ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਨਾਂ ਸਮਰਪਤ ਹੈ ਜਿਨ੍ਹਾਂ ਨੂੰ ਲੇਖਕ ਅਨੁਸਾਰ ਸ਼ਬਦ ਤੇ ਹਥਿਆਰ ਨਾਲ ਇੱਕੋ ਜਿੰਨਾ ਪਿਆਰ ਸੀ। ਜਿੰਨਾ ਕੁ ਮੈਂ ਭਾਈ ਸੁਰਿੰਦਰਪਾਲ ਸਿੰਘ ਨੂੰ ਜਾਣਦਾ ਹਾਂ ਉਹਨਾਂ ਦਾ ਇੰਨੇ ਕੁ ਸ਼ਬਦਾਂ ਵਿਚ ਤੇ ਇੰਨਾ ਮੁਕੰਮਲ ਤਾਅਰੂਫ ਸ਼ਾਇਦ ਹੋਰ ਸੰਭਵ ਨਹੀਂ।

ਬਣਤਰ ਪੱਖੋਂ ਕਿਤਾਬ ਦੇ ਪੰਜ ਭਾਗ (ਸ਼ਬਦ, ਵਿਆਖਿਆ, ਪ੍ਰਚਾਰ, ਸਵਾਲ ਅਤੇ ਨਿਖੇਧ) ਹਨ ਜੋ ਮੇਰੀ ਜਾਚੇ ਪੰਜ ਪੜਾਅ ਹਨ ਜੋ ਸਹਿਜੇ ਹੀ ਪੜ੍ਹਨ ਵਾਲੇ ਦੀ ਸੁਰਤ ਨੂੰ ਸਮਝ ਦੇ ਉਸ ਪੱਧਰ ਤੇ ਲੈ ਜਾਂਦੇ ਹਨ ਜਿਥੇ ਉਹ ਬੀਤ ਚੁੱਕੇ ਵਰਤਾਰਿਆਂ ਤੇ ਹੋ ਰਹੀਆਂ ਘਟਨਾਵਾਂ ਦੀ ਨਵੇਂ ਪੱਖ ਤੋਂ ਸਹੀ ਸਮਝ ਨਾਲ ਆਉਣ ਵਾਲੇ ਵਰਤਾਰਿਆਂ ਦੇ ਅੰਦਾਜੇ ਲਾਉਣ ਦੇ ਸਮਰੱਥ ਹੋ ਜਾਂਦਾ ਹੈ। ਸ਼ਬਦ ਦੀ ਵਰਤੋਂ ਦੇ ਵਿਆਖਿਆ ਤੇ ਪੈਂਦੇ ਅਸਰਾਂ ਨੂੰ ਉਧਾਹਰਣਾ ਤੇ ਹਵਾਲਿਆਂ ਨਾਲ ਸਮਝਾ ਕੇ ਕਿਤਾਬ ਦੱਸਦੀ ਹੈ ਕਿ ਕਿਵੇਂ ਪ੍ਰਚਾਰ ਤੇ ਸਵਾਲਾਂ ਦੇ ਹੱਲੇ ਨਾਲ ਨਿਖੇਧ ਤੱਕ ਲਿਜਾ ਕੇ ਸਭ ਤਹਿਸ ਨਹਿਸ ਕਰ ਦਿੰਦੇ ਹਨ। ਕਿਤਾਬ ਦੇ ਪੰਜ ਭਾਗ ਵੀ ਅਸਲ ਪੰਜ ਹੱਲਿਆਂ ਦੇ ਹੀ ਰੂਪ ਹਨ। ਬੀਤ ਚੁੱਕੇ ਇਤਿਹਾਸ ਦੇ ਵਰਤਾਰਿਆਂ ਬਾਰੇ ਜੋ ਸਵਾਲ ਸਾਰਿਆਂ ਦੇ ਮਨਾਂ ਅੰਦਰ ਰਿੜਕਦੇ ਰਹਿੰਦੇ ਹਨ ਉਹਨਾਂ ਦੇ ਕਾਰਨਾਂ ਤੇ ਝਾਤ ਪੁਆ ਕੇ ਕਿਤਾਬ ਉਹਨਾਂ ਦੇ ਜੁਆਬਾਂ ਦੇ ਨੇੜੇ ਲੈ ਆਉਂਦੀ ਹੈ।

ਹਵਾਲਿਆਂ ਤੇ ਉਧਾਹਰਣਾ ਦਾ ਘੇਰਾ ਚੀਨੀ ਜੰਗੀ ਵਿਦਵਾਨ ਸਨ ਜੂ ਦੀ ਆਰਟ ਆਫ ਵਾਰ ਤੋਂ ਲੈ ਕੇ ਬੋਧ ਤੇ ਜੈਨ ਗ੍ਰੰਥਾਂ, ਬਾਈਬਲ, ਰਿਗਵੇਦ, ਮਹਾਂਭਾਰਤ ਆਦਿ ਧਰਮ ਗ੍ਰੰਥਾਂ ਤਕ ਤੇ ਕੈਮਬ੍ਰਿਜ ਅਨਾਲਿਟਿਕਾ, ਨੋਮ ਚੋਮਸਕੀ, ਯੁਵਲ ਨੋਵਾ ਹਰਾਰੀ ਆਦਿ ਤਕ ਫੈਲਿਆ ਹੋਇਆ ਹੈ ਹਰ ਥਾਂ ਦੁਨੀਆ ਭਰ ਦੀਆਂ ਮਸ਼ਹੂਰ ਕਿਤਾਬਾਂ, ਰਸਾਲਿਆਂ, ਅਖਬਾਰਾਂ ਤੇ ਬਿਜਲ ਤੰਦਾਂ ਤੇ ਇਤਿਹਾਸਕ ਪ੍ਰਸੰਗਾਂ ਤੇ ਵਿਚਾਰਾਂ ਦੇ ਹਵਾਲੇ ਹਨ। ਕਿਤਾਬ ਵਿਚ ਮਸਨੂਈ ਬੁੱਧੀ (ਆਰਟੀਫਿਸ਼ੀਏਲ ਇੰਟੈਲੀਜੈਂਸ ਭਾਵ ਏ ਆਈ) ਤੇ ਐਲਨ ਮਸਕ ਤਕ ਦੇ ਹਵਾਲਿਆਂ ਉਦਾਹਰਨਾਂ ਨੂੰ ਛੋਹਿਆ ਗਿਆ ਹੈ। ਇਹ ਸਭ ਲੇਖਕ ਦੇ ਹਰ ਪੱਖ ਤੋਂ ਫੈਲੇ ਤੇ ਡੂੰਘੇ ਗਿਆਨ ਦੇ ਜਾਮਨ ਹਨ। ਤਰਕ ਦੇ ਹਵਾਲੇ ਤੇ ਮੂਲ ਵਿਚਾਰ ਵੀ ਕਮਾਲ ਹਨ। ਜਿਵੇਂ : “ਅੰਦਾਜਾ ਹੈ ਕਿ ਅਣਜਾਣਿਆ 70 ਪੈਸੇ ਹੈ ਤੇ ਜਾਣਿਆ 30 ਪੈਸੇ। ਇਹ ਮਿਣ ਕਿਵੇਂ ਲਿਆ। ਜੋ ਮਿਣ ਲਿਆ ਉਹ ਅਣਜਾਣਿਆ ਕਿਵੇਂ ਹੈ?” ਜਾਂ ਆਮ ਤੌਰ ਤੇ ਪੁਛੇ ਜਾਂਦੇ ਨਾਂਹਮੁਖੀ ਸਵਾਲ “ਹਰ ਵਿਚਾਰ ਹੀ ਅਧੂਰਾ ਹੁੰਦਾ ਹੈ ਇਸ ਲਈ ਕਿਸੇ ਵਿਚਾਰ ਲਈ ਲੜਨਾ ਫਿਜ਼ੂਲ ਹੈ।” ਤੇ ਉਹ ਸਵਾਲ ਕਰਦਾ ਹੈ “ਇਸ ਹਿਸਾਬ ਨਾਲ ਤਾਂ ਹਰ ਵਿਚਾਰ ਦੇ ਅਧੂਰੇ ਹੋਣ ਦਾ ਵਿਚਾਰ ਵੀ ਅਧੂਰਾ ਹੀ ਮੰਨਿਆ ਜਾਣਾ ਚਾਹੀਦਾ ਹੈ।”

ਸ਼ਬਦ ਜੰਗ ਕਿਤਾਬ ਗੱਲ ਕਰਦੀ ਹੈ ਸ਼ਬਦ ਦੀ, ਓਹਦੀ ਵਿਆਖਿਆ ਦੀ, ਪ੍ਰਚਾਰ ਦੀ, ਸਵਾਲਾਂ ਦੀ ਤੇ ਸਾਰੇ ਕਾਸੇ ਚੋਂ ਉਪਜੇ ਨਿਖੇਧ ਦੀ। ਜਿਵੇਂ ਪੱਤਰਕਾਰਤਾ ਦੇ ਮਾਮਲੇ ਵਿਚ ਆਮ ਵਰਤੇ ਸ਼ਬਦਾਂ “ਬੰਦਾ ਬਸ ਹੇਠ ਆ ਕੇ ਮਰ ਗਿਆ” ਤੇ “ਬਸ ਨੇ ਰਾਹਗੀਰ ਨੂੰ ਦਰੜਿਆ” ਭਾਵੇਂ ਇਕੋ ਵਰਤਾਰੇ ਨੂੰ ਦਰਸਾਉਂਦੇ ਸ਼ਬਦ ਹਨ ਪਰ ਉਨ੍ਹਾਂ ਵਿਚਲੇ ਫਰਕ ਨਾਲ ਵਿਆਖਿਆ ਤੇ ਪੈਂਦੇ ਅਸਰ ਬਿਲਕੁਲ ਵਿਰੋਧੀ ਹਨ। ਇਸੇ ਤਰ੍ਹਾਂ ਪ੍ਰਚਾਰ ਸਵਾਲ ਤੇ ਨਿਖੇਧ ਦਾ ਫਰਕ ਤੇ ਅਸਰ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਹਾਰਨ ਵਾਲਿਆਂ ਬਾਰੇ ਸਵਾਲ ਹੁੰਦਾ ਹੈ ਕਿ – “ਲੜੇ ਕਿਉਂ?” ਤੇ ਜਿੱਤਣ ਵਾਲਿਆਂ ਬਾਰੇ ਸਵਾਲ ਹੁੰਦਾ ਹੈ ਕਿ – “ਲੜੇ ਕਿਵੇਂ?” ਤੇ ਇਹਦੇ ਤੇ ਕਿਤਾਬ ਵਿਚਲੇ ਹਵਾਲੇ ਤੇ ਉਦਾਹਰਣਾ ਕਮਾਲ ਹਨ।

ਕਿਸੇ ਇਕ ਵਰਤਾਰੇ ਬਾਰੇ ਆਪਣੀ ਗੱਲ ਆਖ ਕੇ ਜਦੋਂ ਕਿਸੇ ਹੋਰ ਵੱਖੋ ਵੱਖਰੇ ਵਰਤਾਰਿਆਂ ਬਾਰੇ ਵੇਖੋ ਵੱਖਰੇ ਵਿਦਵਾਨਾਂ ਦੇ ਇੱਕੋ ਜਿਹੇ ਬੋਲਾਂ ਦੇ ਹਵਾਲੇ ਦਿੰਦਾ ਹੈ ਤਾਂ ਓਹਦੀ ਗੱਲ ਤੇ ਹਵਾਲਿਆਂ ਨਾਲ ਇਹਨਾਂ ਸਾਰੇ ਕਾਸੇ ਵਿਚਲੀ ਬੁਣਤੀ ਸਮਝ ਆਉਂਦੀ ਹੈ। ਜਿਵੇਂ ਬਿਨ ਲਾਦੇਨ ਤੇ ਪ੍ਰਭਾਕਰਣ ਦੋ ਮੂਲੋਂ ਵੱਖਰੇ ਵਰਤਾਰਿਆਂ ਬਾਰੇ ਦੋ ਵੱਖੋ ਵੱਖਰੇ ਵਿਦਵਾਨਾਂ ਦੇ ਇਕੋ ਜਿਹੇ ਬੋਲ (ਪੰਨਾ 433)। ਇਸੇ ਤਰ੍ਹਾਂ ਪੰਨਾ 394 ਦੇ ਹਵਾਲੇ ਤੇ ਜਦੋਂ ਨਿਖੇਧ ਦੀ ਗੱਲ ਸਮਝਾਉਂਦਿਆਂ ਬਿਨ ਲਾਦੇਨ ਦੀ ਉਦਾਹਰਨ ਦੇ ਨਾਲ ਕੁਰਦਾਂ, ਤਾਮਿਲਾਂ ਤੇ ਸਿੱਖਾਂ ਦੀ ਉਸੇ ਤਰਜ ਦੀ ਗੱਲ ਤੋਰਦਾ ਹੈ ਤਾਂ ਉਸ ਮਗਰਲੀ ਇੱਕੋ ਜਿਹੀ ਬੁਣਤੀ ਸਮਝਾ ਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।

ਕਿਤਾਬ ਦਾ ਲੇਖਕ ਸੇਵਕ ਸਿੰਘ ਇਕ ਸੂਖਮ ਤੇ ਡੂੰਘੀ ਸਮਝ ਦਾ ਮਾਲਕ ਹੈ। ਦੇਸ ਵਿਦੇਸ਼ਾਂ ਵਿਚ ਤੇ ਬਿਜਲ ਸੱਥ ਤੇ ਆਪਣੇ ਵਖਿਆਨਾਂ ਨਾਲ ਸੁਣਨ ਵਾਲਿਆਂ ਨੂੰ ਸਰਸ਼ਾਰ ਕਰਨ ਦੇ ਸਮਰੱਥ ਹੈ। ਹਰ ਗੱਲ ਨੂੰ ਨਵੇਂ ਨਜਰੀਏ ਤੋਂ ਵੇਖਦਾ ਹੈ ਤੇ ਉਹ ਨਜ਼ਰੀਆ ਸੱਚ ਦੇ ਲਗਦਾ ਵੀ ਸਭ ਤੋਂ ਨੇੜੇ ਹੈ। ਇਸ ਕਿਤਾਬ ਦੀ ਉਡੀਕ ਕੁਝ ਸਮੇ ਤੋਂ ਕੀਤੀ ਜਾ ਰਹੀ ਸੀ ਤੇ ਕਿਤਾਬ ਵਿਚਲੇ ਇਸ਼ਾਰਿਆਂ ਤੋਂ ਮਾਲੂਮ ਪੈਂਦਾ ਹੈ ਕਿ ਉਹਨਾਂ ਦੀਆਂ ਹੋਰ ਕਿਤਾਬਾਂ ਵੀ ਲੜੀ ਵਿਚ ਹਨ। ਸਤਿਗੁਰ ਇਸੇ ਤਰ੍ਹਾਂ ਬਲ ਬੋਧ ਉਦਮ ਸਮਰੱਥਾ ਬਖਸ਼ ਕੇ ਸੇਵਾ ਲੈਂਦੇ ਰਹਿਣ ਤੇ ਸਮੁੱਚੀ ਮਨੁੱਖਤਾ ਇਹਨਾਂ ਯਤਨਾਂ ਦਾ ਲਾਹਾ ਲੈਂਦੀ ਰਹੇ।

ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਇਹ ਕਿਤਾਬ ਉਹਨਾਂ ਦੀਆਂ ਪਹਿਲਾਂ ਛਾਪੀਆਂ ਕਿਤਾਬਾਂ ਵਾਂਙ ਹੀ ਸਮਝ ਸੁਹੱਪਣ ਤੇ ਸੁਹਿਰਦਤਾ ਭਰਪੂਰ ਹੈ। ਪੰਨਿਆਂ ਦੀ ਗਿਣਤੀ ਤੇ ਕੀਮਤ ਦਾ ਜਿਕਰ ਇਸ ਕਿਤਾਬ ਵਿਚਲੇ ਮਸਲੇ ਤੇ ਮਸੌਦੇ ਸਾਹਵੇਂ ਨੀਰਸ ਲਗਦਾ ਹੈ ਸੋ ਜਿਕਰ ਤੋਂ ਗੁਰੇਜ ਕੀਤਾ ਹੈ। ਇਹ ਵੀ ਸ਼ਬਦਾਂ ਦੀ ਕਲਾ, ਖੇਡ ਜਾਂ ਅਹਿਮੀਅਤ ਹੀ ਹੈ ਕਿ ਇਹਨਾਂ ਦਾ ਜਿਕਰ ਨਾ ਕਰਨ ਲਈ ਵੀ ਜਿਕਰ ਕਰਨਾ ਪਿਆ।

ਇੰਦਰਪ੍ਰੀਤ ਸਿੰਘ, ਸੰਗਰੂਰ
9463351000

 

♦ ਕਿਤਾਬ ਸ਼ਬਦ ਜੰਗ ਦੁਨੀਆ ਭਰ ਵਿੱਚ ਸਿੱਖ ਸਿਆਸਤ ਰਾਹੀਂ ਮੰਗਵਾਉਣ ਲਈ ਵਟਸਐਪ ਤੇ ਸੁਨੇਹਾ ਭੇਜੋ – +91-89682-25990 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,