
ਅੰਮ੍ਰਿਤਸਰ (19 ਜੂਨ, 2015): ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ ਦੇਣ ਸਬੰਧੀ ਉਨ੍ਹਾਂ ‘ਤੇ ਦਰਜ਼ ਦੋ ਪੁਰਾਣੇ ਕੇਸ ਅੜਿੱਕਾ ਬਣ ਰਹੇ ਸਨ ਤੇ ਉਨ੍ਹਾਂ ਦੇ ਹੱਲ ਹੋਣ ਉਪਰੰਤ ਹੀ ਪੈਰੋਲ ਮਿਲਣੀ ਸੰਭਵ ਹੋ ਸਕੇਗੀ। ਉਮੀਦ ਹੈ ਕਿ ਇਹ ਦੋਵੇਂ ਕੇਸ ਜਲਦੀ ਹੱਲ ਹੋ ਜਾਣਗੇ। ਇਨ੍ਹਾਂ ਤੱਥਾਂ ਦਾ ਪ੍ਰਗਟਾਵਾ ਬੰਦੀ ਸਿੰਘ ਰਿਹਾਈ ਕਮੇਟੀ ਦੇ ਕਨਵੀਨਰ ਗੁਰਬਖਸ਼ ਸਿੰਘ ਬਠਿੰਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।
ਉਨ੍ਹਾਂ ਦੱਸਿਆ ਕਿ ਇਹ ਦੋ ਕੇਸ ਬਟਾਲਾ ਅਤੇ ਗਾਜ਼ੀਆਬਾਦ ਵਿੱਚ ਦਰਜ਼ ਹਨ ਅਤੇ ਪ੍ਰੋ. ਭੁੱਲਰ ਦੀ ਪੈਰੋਲ ’ਤੇ ਰਿਹਾਈ ਵਾਸਤੇ ਅਗਲੇ ਹਫਤੇ ਵਿਚ ਅਰਜ਼ੀ ਦਾਇਰ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਉਸ ਖ਼ਿਲਾਫ ਬਟਾਲਾ ਤੇ ਗਾਜੀਆਬਾਦ ਵਿਖੇ ਦਰਜ ਦੋ ਮਾਮਲੇ ਵੀ ਹੱਲ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਰਨਾਟਕਾ ਦੀ ਜੇਲ੍ਹ ਵਿੱਚ ਬੰਦੀ ਗੁਰਦੀਪ ਸਿੰਘ ਖੈੜਾ ਨੂੰ ਵੀ ਪੰਜਾਬ ਵਿਚ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤੇ ਉਹ ਅੱਜ ਭਲਕ ਵਿੱਚ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਪੁੱਜ ਜਾਵੇਗਾ। ਉਸਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਸਿੱਖ ਬੰਦੀਆਂ ਦੀ ਰਿਹਾਈ ਲਈ ਭੁਖ ਹੜਤਾਲ ਰਾਹੀਂ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਦੀ ਸਿਹਤ ਬਾਰੇ ਉਨ੍ਹਾਂ ਦੱਸਿਆ ਕਿ ਫਿਲਹਾਲ ਸਥਿਤੀ ਗੰਭੀਰ ਹੈ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੋਰ ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ ਕਮੇਟੀ ਵਲੋਂ ਯਤਨ ਜਾਰੀ ਹਨ ਤੇ ਇਸ ਸਬੰਧ ਵਿਚ ਭਲਕੇ 20 ਜੂਨ ਨੂੰ ਫਿਰੋਜ਼ਪੁਰ ਵਿਖੇ ਸੰਘਰਸ਼ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਹੈ, ਜਿਸ ਵਿਚ ਸੰਘਰਸ਼ ਦੀ ਅਗਲੀ ਰੂਪ ਰੇਖਾ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਲਕੇ 20 ਜੂਨ ਨੂੰ ਫਿਰੋਜ਼ਪੁਰ ਵਿਖੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ।
ਉਥੇ ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੁਪ ਕਿਸੇ ਨੇ ਚੋਰੀ ਕਰ ਲਿਆ ਸੀ, ਜਿਸ ਦੇ ਰੋਸ ਵਜੋਂ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਰੋਸ ਪ੍ਰਗਟਾਉਣ ਲਈ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਸੰਘਰਸ਼ ਕਮੇਟੀ ਵੀ ਸ਼ਾਮਲ ਹੈ।