ਨਵੀਂ ਦਿੱਲੀ (2 ਨਵੰਬਰ, 2014): ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਹੋਏ ਭਾਰਤੀ ਫੌਜ ਵੱਲੋਂ ਹਮਲੇ ਤੋਂ ਬਾਅਦ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 ‘ਚ ਹੋਏ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਲਈ 1990 ‘ਚ ਗਠਿਤ ਦਿੱਲੀ ਪੁਲਿਸ ਦੇ ‘ਦੰਗਿਆਂ ਨਾਲ ਨਿਪਟਣ ਵਾਲੇ ਵਿੰਗ’ ਨੇ 255 ਮਾਮਲੇ ਦਰਜ ਕੀਤੇ ਸੀ।
ਇਨ੍ਹਾਂ ‘ਚੋਂ ਇਸ ਸਾਲ ਸਤੰਬਰ ਤੱਕ ਸਿਰਫ਼ 7 ਕੇਸਾਂ ‘ਚ 27 ਦੋਸ਼ੀਆਂ ਨੂੰ ਅਦਾਲਤ ਤੋਂ ਸਜ਼ਾ ਮਿਲੀ ਹੈ, ਜਦੋਂ ਕਿ 121 ਮਾਮਲਿਆਂ ‘ਚ ਦੋਸ਼ੀ ਬਰੀ ਹੋ ਗਏ।

ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਦਿੱਲੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਥਾਣਿਆਂ ‘ਚ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਨਾਲ ਸਬੰਧਿਤ 255 ਕੇਸ ਦਰਜ ਕਰਵਾਏ ਗਏ ਸੀ। ਇਹ ਕੇਸ 1984 ਦੇ ਸਿੱਖ ਨਸਲਕੁਸ਼ੀ ‘ਚ ਮਾਰੇ ਗਏ 326 ਲੋਕਾਂ ਨਾਲ ਜੁੜੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਤੱਕ ਇਨ੍ਹਾਂ 255 ਮਾਮਲਿਆਂ ‘ਚ ਸਿਰਫ਼ 7 ਮਾਮਲਿਆਂ ‘ਚ ਅਦਾਲਤ ਤੋਂ 27 ਦੋਸ਼ੀਆਂ ਨੂੰ ਸਜ਼ਾ ਮਿਲ ਸਕੀ ਹੈ। ਇਨ੍ਹਾਂ ‘ਚੋਂ ਇਕ ਮਾਮਲੇ ‘ਚ ਕੇਸ ਦੀ ਸੁਣਵਾਈ ਅਜੇ ਲਟਕੀ ਹੋਈ ਹੈ। ਜਦੋਂ ਕਿ ਇਕ ਮਾਮਲੇ ਦੀ ਜਾਂਚ ਲਟਕੀ ਹੋਈ ਹੈ, ਜਿਸ ਮਾਮਲੇ ‘ਚ ਜਾਂਚ ਲਟਕੀ ਹੈ, ਉਹ ਦਿੱਲੀ ਦੇ ਨਾਂਗਲੋਈ ਥਾਣੇ ‘ਚ ਦਰਜ ਐਫ.ਆਈ.ਆਰ. ਨੰ: 67:87 ਨਾਲ ਸਬੰਧਿਤ ਹੈ ਤੇ ਇਸ ਨੂੰ ਗ੍ਰਹਿ ਮੰਤਰਾਲੇ ਦੇ ਹੁਕਮ ‘ਤੇ ਸੀ.ਬੀ.ਆਈ. ਨੂੰ ਦੇ ਦਿੱਤਾ ਗਿਆ ਹੈ।
ਆਰ.ਟੀ.ਆਈ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੰਗਿਆਂ ਨਾਲ ਨਿਪਟਣ ਵਾਲੇ ਵਿੰਗ ਵਲੋਂ ਦਰਜ ਕਰਵਾਏ 255 ਮਾਮਲਿਆਂ ‘ਚੋਂ 121 ਮਾਮਲਿਆਂ ‘ਚ ਦੋਸ਼ੀ ਬਰੀ ਹੋ ਗਏ। 1984 ਦੇ ਦੰਗਿਆਂ ਨਾਲ ਜੁੜੇ ਇਨ੍ਹਾਂ ਸਾਰੇ ਮਾਮਲਿਆਂ ਵਿਚ 662 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮਾਮਲਿਆਂ ਵਿਚ ਸਿਰਫ਼ 27 ਲੋਕ ਦੋਸ਼ੀ ਠਹਿਰਾਏ ਗਏ ਹਨ। ਵਿੰਗ ਨੇ ਦੱਸਿਆ ਕਿ ਇਨ੍ਹਾਂ ਦੰਗਿਆਂ ਦੇ ਸਿਲਸਿਲੇ ‘ਚ ਚਾਰ ਵਿਅਕਤੀਆਂ ‘ਤੇ ਅਜੇ ਵੀ ਮੁਕੱਦਮਾ ਚੱਲ ਰਿਹਾ ਹੈ।
ਦਿੱਲੀ ਸਥਿਤ ਆਰ.ਟੀ.ਆਈ. ਕਾਰਜਕਰਤਾ ਗੋਪਾਲ ਪ੍ਰਸਾਦ ਨੇ ਦਿੱਲੀ ਪੁਲਿਸ ਦੇ ਦੰਗਿਆਂ ਨਾਲ ਨਿਪਟਣ ਵਾਲੇ ਵਿੰਗ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਬਿਊਰਾ ਮੰਗਿਆ ਸੀ। ਆਰ.ਟੀ.ਆਈ. ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ 1984 ਦੇ ਸਿੱਖ ਨਸਲਕੁਸ਼ੀ ਮਾਮਲਿਆਂ ‘ਚ 591 ਲੋਕਾਂ ਨੂੰ ਬਰੀ ਜਾਂ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਰਜ 255 ਮਾਮਲਿਆਂ ‘ਚੋਂ 129 ਮਾਮਲਿਆਂ ‘ਚ ਹੀ ਦੋਸ਼ ਪੱਤਰ ਦਾਇਰ ਕੀਤਾ ਗਿਆ ਜਦੋਂ ਕਿ 125 ਮਾਮਲਿਆਂ ਦਾ ਜਾਂ ਤਾਂ ਪਤਾ ਨਹੀਂ ਲੱਗਾ ਜਾਂ ਰੱਦ ਕੀਤਾ ਗਿਆ ਜਾਂ ਫਿਰ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਭੇਜਿਆ ਗਿਆ।