ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਸਵਾਲ ਚੁੱਕਦਿਆਂ ਸਿੱਖਾਂ ਨੂੰ ਬਾਦਲ ਦਲ ਦੇ ਸਮੂਹਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

ਕਾਹਲੋਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਆਖਿਆ ਕਿ ਹਮਾਇਤ ਹਾਸਲ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਠਿੰਡਾ ਵਿੱਚ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਆਖਿਆ ਸੀ ਕਿ ਸਿੱਖਾਂ ਨੂੰ ਡੇਰੇ ਨਹੀਂ ਜਾਣ ਚਾਹੀਦਾ ਹੈ ਤੇ ਨਾ ਹੀ ਡੇਰੇ ਦੀ ਹਮਾਇਤ ਕਰਨੀ ਚਾਹੀਦੀ ਹੈ। ਜਦੋਂਕਿ ਦੂਜੇ ਪਾਸੇ ਬਾਦਲ ਦਲ ਦੇ ਆਗੂ ਨਾ ਸਿਰਫ਼ ਡੇਰੇ ‘ਚ ਗਏ ਸਗੋਂ ਹੁਣ ਤਾਂ ਪੰਜਾਬ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਵਾਉਣ ਦੀ ਗੱਲ ਤਕ ਆਖ ਰਹੇ ਹਨ।
ਦਿੱਲੀ ਕਮੇਟੀ ਮੈਂਬਰ ਗੁਰਲਾਡ ਸਿੰਘ ਨੇ ਜੀ.ਕੇ. ਦੇ ਨੂੰ ਸਵਾਲ ਕੀਤਾ ਕਿ ਇਸ ਮੁੱਦੇ ਉੱਤੇ ਉਹ ਆਪਣੀ ਸਥਿਤੀ ਸਪਸ਼ਟ ਕਰਨ। ਉਨ੍ਹਾਂ ਮਨਜੀਤ ਸਿੰਘ ਜੀਕੇ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਵੀਡੀਓ ਵਿੱਚ ਕਾਹਲੋਂ ਨੇ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਬਾਦਲ ਦੇ ਦੋਹਰੇ ਸਟੈਂਡ ਉੱਤੇ ਜੀ.ਕੇ. ਤੋਂ ਸਵਾਲ ਪੁੱਛੇ ਜਾਣ। ਕਾਹਲੋਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਮਨਜੀਤ ਸਿੰਘ ਜੀ.ਕੇ. ਨੂੰ ਸਟੇਜਾਂ ਤੋਂ ਨਾ ਬੋਲਣ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਕੱਲ੍ਹ ਬਾਦਲ ਦਲ ਦੇ ਆਗੂਆਂ ਅਤੇ ਵਿਵਾਦਤ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਮੀਟਿੰਗ ਹੋਈ ਸੀ। ਮੀਟਿੰਗ ‘ਚ ਡੇਰਾ ਸਿਰਸਾ ਨੇ ਬਾਦਲ ਦਲ ਦੀ ਹਮਾਇਤ ਦਾ ਐਲਾਨ ਕੀਤਾ ਸੀ ਅਤੇ ਬਾਦਲ ਦਲ ਦੇ ਆਗੂਆਂ ਵਲੋਂ ਵਿਵਾਦਤ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ 2007 ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੇਸ਼ ਕਰਕੇ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਸੀ। ਜਿਸਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਲੋਂ ਡੇਰਾ ਸਿਰਸਾ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨਾ ਰੱਖਣ ਲਈ ਸਿੱਖ ਸੰਗਤ ਨੂੰ ‘ਹੁਕਮਨਾਮਾ’ ਜਾਰੀ ਹੋਇਆ ਸੀ।
ਸਬੰਧਤ ਖ਼ਬਰ:
ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ; ਡੇਰੇ ਵਲੋਂ ਹਮਾਇਤ …