ਨਵੀਂ ਦਿੱਲੀ (5 ਫਰਵਰੀ, 2015): ਦਿੱਲੀ ਵਿਧਾਨ ਸਭਾ ਲਈ 7 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਬਾਦਲ ਦਲ ਲਈ ਬੜੀਆਂ ਚੁਣੌਤੀ ਪੁਰਨ ਬਣ ਗਈਆਂ ਹਨ। ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਰਸਾ ‘ਤੱਕੜੀ’ ਦੇ ਨਿਸ਼ਾਨ ਉਪਰ ਚੋਣ ਲੜ ਰਹੇ ਹਨ। ਜਦ ਕਿ ਬਾਕੀ ਤਿੰਨ ਅਵਤਾਰ ਸਿੰਘ ਹਿਤ ਹਰੀ ਨਗਰ, ਜਤਿੰਦਰ ਸਿੰਘ ਸ਼ੰਟੀ ਸ਼ਾਹਦਰਾ ਅਤੇ ਹਰਮੀਤ ਸਿੰਘ ਕਾਲਕਾ ਜੀ ਹਲਕੇ ਤੋਂ ‘ਕਮਲ ਦੇ ਫੁੱਲ’ ਨਿਸ਼ਾਨਉੱਪਰ ਚੋਣ ਮੈਦਾਨ ਵਿਚ ਹਨ।
ਪਿਛਲੇ ਕਰੀਬ ਡੇਢ ਹਫ਼ਤੇ ਤੋਂ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਸਮੇਤ ਪੰਜਾਬ ਦੇ ਸਾਰੇ ਮੰਤਰੀ, ਚੇਅਰਮੈਨ ਅਤੇ ਸਭ ਆਗੂ ਵਰਕਰ ਇਨ੍ਹਾਂ ਚਾਰਾਂ ਹਲਕਿਆਂ ਵਿਚ ਡੇਰੇ ਲਗਾਈ ਬੈਠੇ ਹਨ। ਪੰਜਾਬ ਅੰਦਰ ਬਾਦਲ ਦਲ -ਭਾਜਪਾ ਸਬੰਧਾਂ ‘ਚ ਆਈ ਵੱਡੀ ਦੁਫੇੜ ਭਾਵੇਂ ਹੁਣ ਕਾਫ਼ੀ ਮੱਠੀ ਪੈ ਗਈ ਹੈ, ਪਰ ਲਗਦਾ ਹੈ ਕਿ ਉਨ੍ਹਾਂ ਵਿਚਕਾਰ ਪੈਦਾ ਹੋਈ ਕੁੜੱਤਣ ਅਜੇ ਖ਼ਤਮ ਨਹੀਂ ਹੋਈ ਹੈ।
ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਈ ਦਿਨ ਦਿੱਲੀ ‘ਚ ਰਹੇ, ਪਰ ਉਨ੍ਹਾਂ ਨੂੰ ਭਾਜਪਾ ਦੇ ਕਿਸੇ ਵੀ ਸਮਾਗਮ ਵਿਚ ਬੁਲਾਇਆ ਨਹੀਂ ਗਿਆ। ਇਥੋਂ ਤੱਕ ਕਿ ਭਾਜਪਾ ਵੱਲੋਂ ਦਿ੍ਸ਼ ਪੱਤਰ ਜਾਰੀ ਕਰਨ ਸਮੇਂ ਵੀ ਉਨ੍ਹਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਸਮਝੀ ਗਈ ਅਤੇ ਭਾਜਪਾ ਵੱਲੋਂ ਸਿੱਖ ਵਸੋਂ ਵਾਲੇ ਕਿਸੇ ਵੀ ਖੇਤਰ ਵਿਚ ਅਕਾਲੀ ਆਗੂਆਂ ਨੂੰ ਨਹੀਂ ਸੱ ਦਿਆ ਗਿਆ।
ਪਿਛਲੀ ਵਾਰ ਬਾਦਲ ਦਲ ਉਮੀਦਵਾਰਾਂ ਦਾ ਮੁੱਖ ਮੁਕਾਬਲਾ ਕਾਲਕਾ ਜੀ ਨੂੰ ਛੱਡ ਕੇ ਕਾਂਗਰਸੀ ਉਮੀਦਵਾਰਾਂ ਨਾਲ ਸੀ। ਪਰ ਇਸ ਵਾਰ ਚਾਰਾਂ ਹਲਕਿਆਂ ਵਿਚ ਅਕਾਲੀ ਉਮੀਦਵਾਰਾਂ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਸਖ਼ਤ ਮੁਕਾਬਲਾ ਹੈ। ਅਹਿਮ ਗੱਲ ਇਹ ਹੈ ਕਿ ਸ਼ਾਹਦਰਾ ਨੂੰ ਛੱਡ ਕੇ ਬਾਕੀ ਤਿੰਨਾਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਿੱਖ ਹੀ ਹਨ।
ਰਾਜੌਰੀ ਗਾਰਡਨ ਤੋਂ ਪੱਤਰਕਾਰ ਜਰਨੈਲ ਸਿੰਘ, ਹਰੀ ਨਗਰ ਤੋਂ ਮੌਜੂਦਾ ਵਿਧਾਇਕ ਜਗਦੀਪ ਸਿੰਘ ਅਤੇ ਕਾਲਕਾ ਜੀ ਤੋਂ ਅਵਤਾਰ ਸਿੰਘ ‘ਆਪ’ ਦੇ ਉਮੀਦਵਾਰ ਹਨ।
ਬਾਦਲ ਦਲ ਲਈ ਸਭ ਤੋਂ ਵੱਡੀ ਚੁਣੌਤੀ ਹੀ ਇਹ ਗੱਲ ਬਣ ਰਹੀ ਹੈ ਕਿ ‘ਆਪ’ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਸਾਫ਼-ਸੁਥਰੀ ਦਿੱਖ ਵਾਲੇ ਸਿੱਖ ਹਨ। ਇਹ ਗੱਲ ਸਾਰੇ ਸਿਆਸੀ ਲੋਕ ਸਮੇਤ ਅਕਾਲੀ ਵੀ ਮੰਨਦੇ ਹਨ ਕਿ ਸਿੱਖ ਵੋਟਰਾਂ ਉਪਰ ਹੁਣ ਸਿਰਫ ਅਕਾਲੀਆਂ ਦੀ ਹੀ ਪਕੜ ਨਹੀਂ ਰਹੀ ਸਗੋਂ ‘ਆਪ’ ਨੇ ਵੀ ਸਿੱਖ ਵੋਟਰਾਂ ਦੇ ਕਾਫ਼ੀ ਵੱਡੇ ਹਿੱਸਾ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।
ਖ਼ੁਦ ਬਾਦਲ ਦਲ ਦੇ ਆਗੂ ਇਹ ਮੰਨ ਰਹੇ ਹਨ ਕਿ ਮੁਕਾਬਲਾ ਬੜਾ ਹੀ ਸਖ਼ਤ ਹੈ। ਇਨ੍ਹਾਂ ਹਲਕਿਆਂ ਵਿਚ ਮੁਸਲਿਮ ਤੇ ਗ਼ਰੀਬ, ਝੁੱਗੀ-ਝੌਾਪੜੀ ਵਾਲੀ ਵਸੋਂ ਉੱਪਰ ਆਮ ਆਦਮੀ ਪਾਰਟੀ ਦਾ ਪ੍ਰਭਾਵ ਵਧੇਰੇ ਮੰਨਿਆ ਜਾ ਰਿਹਾ ਹੈ ਤੇ ਸਿੱਖ ਵੋਟ ਦਾ ‘ਆਪ’ ਤੇ ਬਾਦਲ ਦਲ ‘ਚ ਵੰਡੇ ਜਾਣਾ ਬਾਦਲ ਦਲ ਦੇ ਉਮੀਦਵਾਰਾਂ ਲਈ ਖ਼ਤਰੇ ਦੀ ਘੰਟੀ ਸਮਝਿਆ ਜਾ ਰਿਹਾ ਹੈ।