ਕੁਲਗਾਮ: ਦੱਖਣੀ ਕਸ਼ਮੀਰ ਦੇ ਕੁਲਗਾਮ ਵਿਚ ਭਾਰਤੀ ਫੌਜ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਹੋਏ ਮੁਕਾਬਲੇ ਤੋਂ ਬਾਅਦ ਸਥਾਨਕ ਲੋਕਾਂ ‘ਤੇ ਭਾਰਤੀ ਫੌਜੀਆਂ ਵਲੋਂ ਕੀਤੀ ਗਈ ਕਾਰਵਾਈ ਵਿਚ 2 ਕਸ਼ਮੀਰੀ ਨਾਗਰਿਕਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਕੁਲਗਾਮ ਜ਼ਿਲ੍ਹੇ ਦੇ ਪਿੰਡ ਫਰੀਸਲ ‘ਚ ਹੋਏ ਮੁਕਾਬਲੇ ਵਿਚ ਜਿੱਥੇ ਚਾਰ ਮੁਜਾਹਦੀਨ ਮਾਰੇ ਗਏ ਉੱਥੇ 2 ਭਾਰਤੀ ਫੌਜੀਆਂ ਦੀ ਵੀ ਮੌਤ ਦੀ ਖ਼ਬਰ ਹੈ।

“ਮੁਕਾਬਲੇ” ਤੋਂ ਬਾਅਦ ਰੋਸ ਪ੍ਰਦਰਸ਼ਨ ਕਰ ਰਹੇ ਕਸ਼ਮੀਰੀਆਂ ‘ਤੇ ਭਾਰਤੀ ਫੌਜ ਵਲੋਂ ਕੀਤੀ ਗੋਲੀਬਾਰੀ ‘ਚ 2 ਲੋਕਾਂ ਦੀ ਮੌਤ ਹੋਈ ਅਤੇ ਕਈ ਜ਼ਖਮੀ ਵੀ ਹੋਏ।
ਮਾਰੇ ਗਏ ਨੌਜਵਾਨਾਂ ਵਿਚੋਂ ਇਕ ਨਾਗਰਿਕ ਦੀ ਪਛਾਣ 22 ਸਾਲਾ ਨੌਜਵਾਨ ਮੁਸ਼ਤਾਕ ਅਹਿਮਦ ਵਜੋਂ ਹੋਈ ਹੈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਫੈਲਣ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਹਸਪਤਾਲ ਪਹੁੰਚ ਗਏ। ਲੋਕਾਂ ਵਲੋਂ ਹਸਪਤਾਲ ਤੋਂ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਅਤੇ ਅਜ਼ਾਦੀ ਦੇ ਨਾਅਰੇ ਲਾਏ ਗਏ।
ਹਸਪਤਾਲ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ 25 ਦੇ ਕਰੀਬ ਲੋਕ ਹਸਪਤਾਲ ਵਿਚ ਦਾਖਲ ਹੋਏ ਹਨ, ਜਿਨ੍ਹਾਂ ਵਿਚੋਂ 15 ਦੇ ਗੋਲੀਆਂ ਵੱਜੀਆਂ ਹਨ। ਚਾਰ ਵਿਅਕਤੀਆਂ ਨੂੰ ਸ੍ਰੀਨਗਰ ਹਸਪਤਾਲ ਭੇਜਿਆ ਗਿਆ ਹੈ।

ਭਾਰਤੀ ਫੌਜ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ‘ਮੁਕਾਬਲੇ’ ‘ਚ ਮਾਰੇ ਗਏ ਕਸ਼ਮੀਰੀ ਲਸ਼ਕਰ-ਏ-ਤਇਬਾ ਅਤੇ ਹਿਜ਼ਬ-ਉਲ-ਮੁਜਾਹਿਦੀਨ ਨਾਲ ਸਬੰਧਿਤ ਸਨ। ਇਹ ਚਾਰੇ ਕਸ਼ਮੀਰੀ ਨੌਜਵਾਨ ਸਨ ਜੋ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਿਤ ਸਨ।
ਸਬੰਧਤ ਖ਼ਬਰ:
ਭਾਰਤ ਦੀਆਂ ਜ਼ਿਆਦਤੀਆਂ ਦੇ ਖਿਲਾਫ ਯੂ.ਕੇ. ਦੇ ਸਿੱਖਾਂ ਨੇ ਕਸ਼ਮੀਰੀਆਂ ਵੱਲ ਦੋਸਤੀ ਦਾ ਹੱਥ ਵਧਾਇਆ …