ਗੁਰਦਾਸਪੁਰ (18 ਮਾਰਚ, 2015): ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕ ਸਭਾ ਵਿੱਚ ਪਾਸ ਕੀਤੇ ਗਏ ਕਿਸਾਨ ਵਿਰੋਧੀ “ਜ਼ਮੀਨ ਪ੍ਰਾਪਤੀ ਬਿੱਲ” ਦੇ ਸਮੁੱਚੇ ਭਾਰਤ ਵਿੱਚ ਕਰੜਾ ਵਿਰੋਧ ਹੋ ਰਿਹਾ ਹੈ। ਕਾਂਗਰਸ ਸਮੇਤ ਤਕਰੀਬਨ ਮੁੱਖ ਪਾਰਟੀਆਂ ਇਸਦਾ ਵਿਰੋਧ ਕਰ ਰਹੀਆਂ ਹਨ।
ਆਮ ਆਦਮੀ ਪਾਰਟੀ ਪੰਜਾਬ ਨੇ ਇਸਨੂੰ ਕਿਸਾਨ ਵਿਰੋਧੀ ਦਸਦਿਆਂ ਇਸ ਖਿਲਾਫ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

ਪਾਰਟੀ ਦੇ ਸੂਬਾਈ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅੰਦਰ ਐਨ. ਡੀ. ਏ. ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਬਿੱਲ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਦੇ ਹਿੱਤ ਵਿਚ ਨਹੀਂ ਅਤੇ ਇਸ ਬਿੱਲ ਨਾਲ ਆਉਣ ਵਾਲੇ ਦਿਨਾਂ ਵਿਚ ਕਿਸਾਨ ਦੀ ਆਰਥਿਕ ਅਤੇ ਸਮਾਜਿਕ ਦਸ਼ਾ ਹੋਰ ਵੀ ਮਾੜੀ ਹੋ ਜਾਵੇਗੀ ।
ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਬਾਅਦ ਵੱਖ-ਵੱਖ ਸਰਕਾਰਾਂ ਵੱਲੋ ਅਪਣਾਈਆਂ ਗਈਆਂ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨ ਨੂੰ ਪਹਿਲਾਂ ਹੀ ਕੰਗਾਲ ਕਰ ਦਿੱਤਾ ਹੈ ਅਤੇ ਹੁਣ ਇਹ ਬਿੱਲ ਕਿਸਾਨਾਂ ਦੀ ਹੋਰ ਵੀ ਦੁਰਦਸ਼ਾ ਕਰੇਗਾ ।
ਉਨ੍ਹਾਂ ਕਿਹਾ ਕਿ ਉਹ ਕੱਲ੍ਹ 19 ਮਾਰਚ ਨੂੰ ਚੰਡੀਗੜ੍ਹ ਵਿਖੇ ਸੈਕਟਰ 25 ਵਿਚ ਇਕ ਦਿਨ ਲਈ ਭੁੱਖ ਹੜਤਾਲ ਰੱਖਣਗੇ ਅਤੇ ਬਾਅਦ ਵਿਚ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ ।