ਪੰਚਕੂਲਾ (21 ਮਾਰਚ, 2015): ਸਿਰਸਾ ਦੇ ਵਿਵਾਦਤ ਸੌਦਾ ਸਾਧ ਗੁਰਮੀਤ ਰਾਮ ਰਹੀਮ ‘ਤੇ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਕਤਲਾਂ ਅਤੇ ਸਾਧਵੀਆਂ ਨਾਲ ਜ਼ਬਰਜਨਾਹ ਦੇ ਕੇਸ ਹੁਣ ਅੰਤਮ ਪੜਾ ‘ਤੇ ਪਹੁੰਚ ਗਏ ਹਨ ਅਤੇ ਅਦਾਲਤ ਨੇ ਗਵਾਹਾਂ ਦੀਆਂ ਗਵਾਹੀਆਂ ‘ਤ ਅੰਤਮ ਬਹਿਸ ਸ਼ੁਰੂ ਕਰ ਦਿੱਤੀ ਹੈ।

ਇਸੇ ਦਰਮਿਆਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਦੇ ਵਕੀਲ਼ਾਂ ਵੱਲੋਂ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ‘ਚ ਪਾਈ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ, ਜਿਸ ‘ਚ ਉਸਨੇ ਅੰਤਿਮ ਬਹਿਸ ਸ਼ੁਰੂ ਨਾ ਕਰਨ ਦੀ ਅਪੀਲ ਕੀਤੀ ਸੀ। ਸੌਦਾ ਸਾਧ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆਂ, ਅਦਾਲਤ ਦੀ ਕਾਰਵਾਈ 4 ਵਜੇ ਤੱਕ ਚੱਲੀ।
ਅਦਾਲਤ ਨੇ ਅੰਤਿਮ ਬਹਿਸ ਸ਼ੁਰੂ ਕਰਵਾ ਦਿੱਤੀ ਹੈ ਤੇ ਡੇਰਾ ਮੁੱਖੀ ਨੂੰ 23 ਮਾਰਚ ਨੂੰ ਮੁੜ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਪੱਤਰਕਾਰ ਰਾਮਚੰਦਰ ਛੱਤਰਪਤੀ ਤੇ ਰੰਜੀਤ ਸਿੰਘ ਹੱਤਿਆ ਮਾਮਲੇ ਦੀ ਸੁਣਵਾਈ 4 ਅਪ੍ਰੈਲ ਨੂੰ ਹੋਵੇਗੀ। ਪਿਛਲੀ ਤਾਰੀਖ ‘ਤੇ ਅਦਾਲਤ ਨੇ ਦੋਸ਼ੀ ਪੱਖ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੀ ਅੰਤਿਮ ਬਹਿਸ ਲਈ ਤਿਆਰ ਹੋ ਕੇ ਆਉਣ ਲਈ ਕਿਹਾ ਸੀ।
ਅਦਾਲਤ ‘ਚ ਜਦੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਸੌਦਾ ਸਾਧ ਵੱਲੋਂ ਹਾਈਕੋਰਟ ‘ਚ ਪਾਈ ਪਟੀਸ਼ਨ ਦਾ ਹਵਾਲਾ ਦੇ ਕੇ ਅੰਤਿਮ ਬਹਿਸ ਸ਼ੁਰੂ ਨਾ ਕਰਨ ਦੀ ਅਪੀਲ ਅਦਾਲਤ ਨੂੰ ਕੀਤੀ। ਅਦਾਲਤ ਨੇ ਇਸ ਪਟੀਸ਼ਨ ਨੂੰ ਖਾਰਜ਼ ਕਰਦਿਆਂ ਅੰਤਿਮ ਬਹਿਸ ਸ਼ੁਰੂ ਕਰਨ ਲਈ ਕਿਹਾ। ਲੰਮਾ ਸਮਾਂ ਚੱਲੀ ਬਹਿਸ ਦੌਰਾਨ ਜਦੋਂ ਸੌਦਾ ਸਾਧ ਦੇ ਪੱਖ ਦੀ ਵਾਰੀ ਆਈ ਤਾਂ ਸਮੇਂ ਨੂੰ ਵੇਖਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਕਾਰਵਾਈ 23 ਮਾਰਚ ਲਈ ਨਿਰਧਾਰਿਤ ਕਰ ਦਿੱਤੀ।