ਲੁਧਿਆਣਾ (26 ਮਾਰਚ, 2016 ): ਸੁਨਿਆਰਿਆਂ ਦੇ ਹੱਕ ਵਿੱਚ ਪਹੁੰਚੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਦੇਰ ਸ਼ਾਮ ਰਿਹਾਅ ਕੀਤਾ।
ਕੇਂਦਰ ਸਰਕਾਰ ਵੱਲੋਂ ਸੋਨੇ ‘ਤੇ ਲਗਾਏ ਟੈਕਸ ਦੇ ਰੋਸ ਵਜੋਂ ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਟੋਲ ਪਲਾਜ਼ਾ ਨੇੜੇ ਪ੍ਰਦਰਸ਼ਨ ਕਰ ਰਹੇ ਸੁਨਿਆਰਿਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿਚ ਕਈ ਸੁਨਿਆਰੇ, ਕਾਂਗਰਸ ਅਤੇ ‘ਆਪ’ ਦੇ ਸੈਂਕੜੇ ਵਰਕਰ ਜਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਸੋਨੇ ਤੇ ਟੈਕਸ ਲਗਾਉਣ ਦੇ ਰੋਸ ਵਜੋਂ ਸਵਰਨਕਾਰ ਜਥੇਬੰਦੀ ਵੱਲੋਂ ਅੱਜ ਲੁਧਿਆਣਾ-ਜਲੰਧਰ ਮੁੱਖ ਸੜਕ ‘ਤੇ ਧਰਨਾ ਦੇਣ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਅੱਜ ਸਵੇਰੇ ਤੋਂ ਲੁਧਿਆਣਾ ਅਤੇ ਆਸਪਾਸ ਸ਼ਹਿਰਾਂ ਤੋਂ ਆਏ ਸੈਂਕੜੇ ਸੁਨਿਆਰੇ ਧਰਨੇ ਵਾਲੀ ਥਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ।
ਸੁਨਿਆਰਿਆਂ ਵੱਲੋਂ ਹੰਬੜਾਂ ਕੱਟ ਨੇੜੇ ਸਟੇਜ਼ ਲਗਾਈ ਗਈ ਸੀ, ਪਹਿਲਾਂ ਸਵੇਰੇ ਇਨ੍ਹਾਂ ਸਵਰਨਕਾਰਾਂ ਵੱਲੋਂ ਸੜਕ ਦਾ ਇਕ ਪਾਸਾ ਰੋਕਾਂ ਲਗਾ ਕੇ ਬੰਦ ਕੀਤਾ ਹੋਇਆ ਸੀ, ਜਿਸ ਕਾਰਨ ਪੁਲਿਸ ਵੱਲੋਂ ਇਕ ਸੜਕ ਰਾਹੀਂ ਹੀ ਵਾਹਨ ਲੰਘਾਏ ਜਾ ਰਹੇ ਸਨ, ਪਰ 12 ਵਜੇ ਦੇ ਕਰੀਬ ਸਵਰਨਕਾਰਾਂ ਵੱਲੋਂ ਸੜਕ ਤੇ ਦੋਵੇ ਪਾਸੇ ਧਰਨਾਂ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਇਸ ਸਮੇਂ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਲੋਕਾਂ ਦੀ ਸਹੂਲਤ ਦਾ ਵਾਸਤਾ ਪਾ ਕੇ ਸੁਨਿਆਰਿਆਂ ਨੂੰ ਸੜਕ ਖਾਲੀ ਕਰਨ ਲਈ ਕਿਹਾ ਪਰ ਇਹ ਸੁਨਿਆਰੇ ਨਾ ਮੰਨੇ।
ਬਾਅਦ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਸੁਨਿਆਰਿਆਂ ਨੂੰ ਉਥੋਂ ਉਠਾਉਣ ਲਈ ਲਾਠੀਚਾਰਜ ਕਰ ਦਿੱਤਾ ਗਿਆ ਜਿਸ ਵਿਚ ਸੁਨਿਆਰਿਆਂ ਤੋਂ ਇਲਾਵਾ ਇਨ੍ਹਾਂ ਦੀ ਹਿਮਾਇਤ ‘ਚ ਆਏ ਕਾਂਗਰਸ ਅਤੇ ‘ਆਪ’ ਦੇ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ।
ਟਰੱਕ ‘ਤੇ ਚੜ੍ਹ ਕੇ ਭਾਸ਼ਨ ਦੇ ਰਹੇ ਭਗਵੰਤ ਮਾਨ ਨੂੰ ਪੁਲਿਸ ਨੇ ਜ਼ਬਰਦਸਤੀ ਟਰੱਕ ਤੋਂ ਹੇਠਾਂ ਉਤਾਰ ਦਿੱਤਾ ਤੇ ਉਨ੍ਹਾਂ ਨੂੰ ਥਾਣੇ ਲੈ ਗਏ। ਪੁਲਿਸ ਵੱਲੋਂ ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਅਤੇ ਨਰਿੰਦਰ ਕਾਲਾ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ।
ਪੁਲਿਸ ਵੱਲੋਂ ਇਸ ਮੌਕੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ਦੀ ਵੀ ਖਿੱਚਧੂਹ ਕੀਤੀ ਗਈ ਅਤੇ ਮਹਿਲਾ ਵਰਕਰ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਉਲਝਦੀਆਂ ਨਜ਼ਰ ਆਈਆਂ।