
ਅੰਮਿ੍ਤਸਰ (12 ਦਸੰਬਰ, 2014): ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਤੋਂ ਕਿਨਾਰਾ ਕਰਕੇ ਚੱਲ ਰਿਹਾ ਬਾਦਲ ਦਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਵੱਲੋਂ ਸਿਆਸੀ ਖੇਤਰ ਵਿੱਚ ਬਾਦਲ ਦਲ ਦੇ ਪੈਰਾਂ ਥੱਲਿਉ ਸਿੱਖ ਸਿਆਸਤ ਦੀ ਜ਼ਮੀਨ ਖਿੱਚਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਬਾਦਲ ਦਲ ਨੇ ਵੀ ਸਿਆਸੀ ਮਜਬੂਰੀ ਤਹਿਤ ਸਿੱਖ ਵੋਟ ਨੂੰ ਖੋਰਾ ਲੱਗਣ ਦੇ ਡਰੋਂ ਕੁਝ ਕੂ ਸਿੱਖ ਮੁੱਦਿਆਂ ‘ਤੇ ਚੂੰ-ਚਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੰਥਕ ਮੁੱਦਿਆਂ ਦੀ ਰਾਜਨੀਤਿਕ ਸਫਾਂ ‘ਚ ਅਹਿਮੀਅਤ ਨੂੰ ਘੋਖਦਿਆਂ ਮੁੜ ਆਪਣੀ ਪੁਰਾਣੀ ਸਿਆਸੀ ਸ਼ੈਲੀ ਵੱਲ ਆਏ ਦਿਨ ਪਰਤ ਰਹੇ ਬਾਦਲ ਦਲ ਵੱਲੋਂ ‘ਸਿੱਖ ਵੱਖਰੀ ਕੌਮ’ ਮੁੱਦੇ ‘ਤੇ 1985 ‘ਚ ਭਾਰਤੀ ਸੰਸਦ ਮੂਹਰੇ ਸੰਵਿਧਾਨ ਦੀ ਮੱਦ 25ਬੀ ਦੀਆਂ ਕਾਪੀਆਂ ਸਾੜਨ ਨਾਲ ਸ਼ੁਰੂ ਕੀਤੇ ਵਿਰੋਧ ਨੂੰ ਮੁੜ ਛੇੜਣ ਦਾ ਮਨ ਬਣਾ ਲਿਆ ਹੈ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਇਥੇ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬਾਨ ਵੱਲੋਂ ਸਾਜਿਆ ਗਿਆ ਨਿਆਰਾ ਧਰਮ ਹੈ ਅਤੇ ਇਸ ਦੀ ਪ੍ਰਭੂਸੱਤਾ ‘ਤੇ ਸਮੁੱਚਾ ਸਿੱਖ ਜਗਤ ਇਕਮੁੱਠ ਹੈ । ਧਾਰਾ 25 ਬੀ ਜਿਸ ‘ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵਜੋਂ ਦਰਸਾਇਆ ਗਿਆ ਹੈ, ‘ਚੋਂ ਉਕਤ ਮੱਦ ਰੱਦ ਕਰਵਾਉਣ ਲਈ ਕਾਨੂੰਨੀ ਰਾਏ ਲੈਂਦਿਆਂ ਯਤਨ ਆਰੰਭੇ ਜਾਣਗੇ।
ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ‘ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਉਠਾਇਆ ਹੈ।
ਭਾਵੇਂ ਉਮਰ ਕੈਦ ਦਾ ਅਰਥ 14 ਜਾਂ 18 ਸਾਲ ਨਹੀਂ ਹੈ ਪਰ ਸੂਬੇ ਦੇ ਰਾਜਪਾਲ ਕੋਲ ਇਸ ਨੂੰ ਘਟਾਉਣ ਦੀ ਸ਼ਕਤੀ ਸੰਵਿਧਾਨ ਵੱਲੋਂ ਦਿੱਤੀ ਹੈ ਤੇ ਇਸ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਉਕਤ ਸ਼ਕਤੀਆਂ ‘ਤੇ ਰੋਕ ਲੱਗੀ ਹੋਣ ਕਾਰਨ ਰਿਹਾਈ ਲਟਕ ਰਹੀ ਹੈ।
ਸੂਬਾ ਸਰਕਾਰ ਵੱਲੋਂ ਐਡਵੋਕੇਟ ਜਨਰਲ ਰਾਹੀਂ ਸੁਪਰੀਮ ਕੋਰਟ ‘ਚ ਮਾਮਲਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਰਿਹਾਈ ਸੰਭਵ ਹੋ ਸਕੇ।
ਅੱਜ ਇਥੇ ਕੇਂਦਰੀ ਡੱਬਾ ਬੰਦ ਖੁਰਾਕ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਉਪ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਆਗਰਾ ‘ਚ ਧਰਮ ਪਰਿਵਰਤਨ ਮਾਮਲੇ ਬਾਰੇ ਪੁੱਛਣ ‘ਤੇ ਟਿੱਪਣੀ ਕੀਤੀ ਕਿ ਇਸ ਗੰਭੀਰ ਮੁੱਦੇ ਦਾ ਅਰਥ ਦੂਸਰੇ ਧਰਮਾਂ ‘ਤੇ ਹਮਲੇ ਦੇ ਤੁੱਲ ਹੈ, ਜਿਸ ਸਬੰਧੀ ਕੇਂਦਰ ਨੂੰ ਨਿਰਪੱਖ ਫ਼ੈਸਲਾ ਲੈਣਾ ਚਾਹੀਦਾ ਹੈ ।