ਅੰਮ੍ਰਿਤਸਰ ( 20 ਅਗਸਤ, 2015 ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮਨੀਕਰਨ ਸਾਹਿਬ ਦੀ ਯਾਤਰੂ ਸਰਾਂ ਉੱਪਰ ਚਟਾਨਾ ਡਿੱਗਣ ਕਾਰਨ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ 50-50 ਹਜ਼ਾਰ ਅਤੇ ਜਖਮੀਆਂ ਨੂੰ 25-25 ਹਜ਼ਾਰ ਰੁਪਏ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦਾ ਐਲਾਨ ਕੀਤਾ ਹੈ।

ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰਦੁਆਰਾ ਮਨੀਕਰਨ ਸਾਹਿਬ ਦੀ ਸਰਾਂ ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਵਿਸਥਾਰ ਨਾਲ ਜਾਇਜਾ ਲੈਣ ਲਈ ਸ. ਦਿਲਜੀਤ ਸਿੰਘ ਭਿੰਡਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ‘ਚ ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਸਟਾਫ਼ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਪਹੁੰਚ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਟਾਫ਼ ਸਾਰੀ ਸਥਿਤੀ ਦਾ ਜਾਇਜਾ ਲਵੇਗਾ ਤੇ ਜਿਸ ਚੀਜ਼ ਦੀ ਜ਼ਰੂਰਤ ਹੋਵੇਗੀ ਸ਼੍ਰੋਮਣੀ ਕਮੇਟੀ ਤੁਰੰਤ ਉਥੇ ਭੇਜੇਗੀ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਦੁਖਾਂਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਅਤੇ ਜਖ਼ਮੀਆਂ ਨੂੰ 25-25 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਸ. ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਈ ਕੁਦਰਤੀ ਆਫ਼ਤ ਸਮੇਂ ਬਿਨਾਂ ਕਿਸੇ ਭੇਦ-ਭਾਵ ਦੇ ਪੀੜ੍ਹਤਾਂ ਦੀ ਸੇਵਾ ਕਰਦੀ ਆਈ ਹੈ ਅਤੇ ਉਹ ਹੁਣ ਵੀ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਵਾਪਰੀ ਇਸ ਮੰਦ-ਭਾਗੀ ਘਟਨਾ ਦੇ ਪੀੜ੍ਹਤਾਂ ਅਤੇ ਗੁਰਦੁਆਰਾ ਕਮੇਟੀ ਮਨੀਕਰਨ ਸਾਹਿਬ ਦੀ ਸਹਾਇਤਾ ਲਈ ਤੱਤਪਰ ਹੈ।