ਚੰਡੀਗੜ੍ਹ (8 ਜਨਵਰੀ, 2015): ਅੱਜ ਮੁੱਖ ਸਕੱਤਰ ਦੀ ਨਿਯੂਕਤੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਪਣਾ ਜਵਾਬ ਦਾਖਲ ਕਰਦਿਆਂ ਕਿਹਾ ਕਿ ਕਮੇਟੀ ਵੱਲੋਂ ਮੱਖ ਸਕੱਤਰ ਦੀ ਨਿਯੁਕਤੀ ਨਿਯਮਾਂ ਅਨੁਸਾਰ ਕੀਤੀ ਗਈ ਹੈ ਅਤੇ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਨੇ ਕੁਝ ਗਲਤ ਨਹੀਂ ਕੀਤਾ।
ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਸਕੱਤਰ ਹਰਚਰਨ ਸਿੰਘ ਦੀ ਨਿਯੁਕਤੀ ਸਾਰੇ ਨਿਯਮ ਤੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਕੀਤੀ ਗਈ ਹੈ । ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਦਾ ਇਹ ਜਵਾਬ ਰਿਕਾਰਡ ‘ਤੇ ਲੈਂਦਿਆਾ ਮਾਮਲੇ ਦੀ ਸੁਣਵਾਈ 24 ਅਪ੍ਰੈਲ ਨੂੰ ਪਾ ਦਿੱਤੀ।

ਕਮੇਟੀ ਨੇ ਕਿਹਾ ਹੈ ਕਿ ਨਿਯੁਤਕ ਕੀਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਲਾਭ ਪਹੁੰਚਾਉਣ ਦਾ ਦੋਸ਼ ਗਲਤ ਹੈ। ਇਸ ਆਸਾਮੀ ਦੀ ਨਿਯੁਕਤੀ ਲਈ 24 ਉਮੀਦਵਾਰਾ ਨੂੰ ਬੁਲਾਇਆ ਗਿਆ ਸੀ । ਇਨ੍ਹਾਂ ‘ਚੋਂ ਹਰਚਰਨ ਸਿੰਘ ਸਭ ਤੋਂ ਯੋਗ ਉਮੀਦਵਾਰ ਸਨ, ਇਸ ਲਈ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਸੀ । ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਿਯੁਕਤੀ ਪ੍ਰਕਿਰਿਆ ਅਤੇ ਹੋਰ ਮੁੱਢਲੀ ਕਾਰਵਾਈ ਵੀ ਨਿਯਮਾ ਮੁਤਾਬਿਕ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੀਤੀ ਗਈ ਸੀ ।
ਜ਼ਿਕਰਯੋਗ ਹੈ ਕਿ ਸਦਭਾਵਨਾ ਦਲ ਲੁਧਿਆਣਾ ਦੇ ਸੇਵਾਦਾਰ ਬਲਵਿੰਦਰ ਸਿੰਘ ਵੱਲੋਂ ਐਡਵੋਕੇਟ ਕਰਮਬੀਰ ਸਿੰਘ ਕਾਹਲੋਂ ਦੇ ਜ਼ਰੀਏ ਇਸ ਨਿਯੁਕਤੀ ਖਿਲਾਫ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਜਿਸ ਅਸਾਮੀ ਦੀ ਸਿਰਜਣਾ ਤੇ ਇਸ ‘ਤੇ ਨਿਯੁਕਤੀ ਕੀਤੀ ਹੈ, ਇਸ ਦਾ ਸਿੱਖ ਗੁਰਦੁਆਰਾ ਐਕਟ-1925 ‘ਚ ਕਿਧਰੇ ਜ਼ਿਕਰ ਹੀ ਨਹੀਂ ਹੈ । ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਇਸ ਅਹੁਦੇ ‘ਤੇ ਹਰਚਰਨ ਸਿੰਘ ਦੀ ਨਿਯੁਕਤੀ ਕਰ ਦਿੱਤੀ ਤੇ ਉਨ੍ਹਾਂ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣੀ ਤੈਅ ਕਰ ਦਿੱਤੀ, ਜੋਕਿ ਸਿੱਖ ਭਾਈਚਾਰੇ ਵੱਲੋਂ ਸ਼ਰਧਾ ਵਜੋਂ ਅਰਪਿਤ ਰਾਸ਼ੀ, ਜੋਕਿ ਜਨਤਕ ਫ਼ੰਡ ਹੈ, ਦੀ ਦੁਰਵਰਤੋਂ ਹੈ ਅਤੇ ਸ਼੍ਰੋਮਣੀ ਕਮੇਟੀ ‘ਚ ਕਿਸੇ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਧ ਤਨਖ਼ਾਹ ਹੈ ।
ਪਟੀਸ਼ਨਰ ਨੇ ਇਕ ਹੋਰ ਅਹਿਮ ਨੁਕਤਾ ਹਾਈਕੋਰਟ ਅੱਗੇ ਰੱਖਿਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਜਕਾਰਨੀ (ਐਗਜ਼ੈਕਟਿਵ) ਕਮੇਟੀ, ਸੁਪਰੀਮ ਕੋਰਟ ਵੱਲੋਂ 30 ਮਾਰਚ 2012 ਨੂੰ ਸਹਿਜਧਾਰੀ ਸਿੱਖ ਫੈਡਰੇਸ਼ਨ ਵੱਲੋਂ ਦਾਇਰ ਪਟੀਸ਼ਨ ਬਾਬਤ ਜਾਰੀ ਅੰਤਿ੍ਮ ਹੁਕਮਾਂ ਤਹਿਤ ਕੰਮ ਕਰ ਰਹੀ ਹੈ, ਇਸ ਲਈ ਇਹ ਕਾਰਜਕਾਰਨੀ ਕਮੇਟੀ ਕੰਮ-ਚਲਾਊ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੌਸ਼ਨੀ ‘ਚ ਅੰਤਿ੍ਮ ਪ੍ਰਬੰਧਾਂ ਅਧੀਨ ਚੱਲ ਰਹੀ ਹੈ, ਇਸ ਲਈ ਇਹ ਕਾਰਜਕਾਰਨੀ ਕਮੇਟੀ, ਸ਼੍ਰੋਮਣੀ ਕਮੇਟੀ ‘ਚ ਕੋਈ ਨਿਯੁਕਤੀ ਜਾਂ ਨਵੀਆਂ ਅਸਾਮੀਆਂ ਦੀ ਸਿਰਜਣਾ ਨਹੀਂ ਕਰ ਸਕਦੀ, ਪਟੀਸ਼ਨਰ ਅਨੁਸਾਰ ਇਸ ਹਿਸਾਬ ਨਾਲ ਹਰਚਰਨ ਸਿੰਘ ਦੀ ਨਿਯੁਕਤੀ ਜਾਅਲਸਾਜ਼ੀ (ਸ਼ਮ) ਹੈ, ਜੋਕਿ ਮੁੱਖ ਸਕੱਤਰ ਨੂੰ ਲਾਭ ਪਹੁੰਚਾਉਣ ਲਈ ਕੀਤੀ ਗਈ । ਇਸ ਮਾਮਲੇ ‘ਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਵਾਬ ਮੰਗਿਆ ਗਿਆ ਸੀ ।