ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ 8-9 ਨਵੰਬਰ ਦੀ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ। ਟੀ.ਵੀ. ‘ਤੇ ਕਰੀਬ 40 ਮਿੰਟਾਂ ਦੇ ਆਪਣੇ ਸੰਬੋਧਨ, ਪਹਿਲਾਂ ਹਿੰਦੀ ਅਤੇ ਬਾਅਦ ’ਚ ਅੰਗਰੇਜ਼ੀ ਵਿੱਚ, ਮੋਦੀ ਨੇ ਕਿਹਾ ਕਿ 500 ਅਤੇ 1000 ਰੁਪਏ ਦੇ ਨੋਟ ਰੱਦੀ ਹੋ ਗਏ ਹਨ। 100, 50, 20, 10, 5, 2 ਅਤੇ ਇਕ ਰੁਪਏ ਦੇ ਨੋਟ ਅਤੇ ਸਾਰੇ ਸਿੱਕੇ ਪਹਿਲਾਂ ਵਾਂਗ ਚੱਲਦੇ ਰਹਿਣਗੇ। ਮੋਦੀ 500 ਅਤੇ 2000 ਰੁਪਏ ਦੇ ਨਵੇਂ ਨੋਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਹੁਣ ਏਟੀਐਮ ’ਚੋਂ 2 ਹਜ਼ਾਰ ਰੁਪਏ ਰੋਜ਼ਾਨਾ ਕਢਵਾਏ ਜਾ ਸਕਣਗੇ ਅਤੇ ਬੈਂਕ ਖ਼ਾਤਿਆਂ ’ਚੋਂ ਇਕ ਦਿਨ ’ਚ 10 ਹਜ਼ਾਰ ਰੁਪਏ ਤਕ ਅਤੇ ਹਫ਼ਤੇ ’ਚ 20 ਹਜ਼ਾਰ ਰੁਪਏ ਹੀ ਕਢਵਾਏ ਜਾ ਸਕਣਗੇ। ਬੁੱਧਵਾਰ ਨੂੰ ਸਾਰੇ ਬੈਂਕ ਬੰਦ ਰਹਿਣਗੇ ਅਤੇ ਕੁਝ ਏਟੀਐਮ ਵੀਰਵਾਰ ਨੂੰ ਵੀ ਕੰਮ ਨਹੀਂ ਕਰਨਗੇ। ਮੋਦੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਅਤੇ ਏਟੀਐਮਜ਼ ’ਚ ਛੋਟੇ ਨੋਟ ਮੁਹੱਈਆ ਕੀਤੇ ਜਾਣ ਤੋਂ ਬਾਅਦ ਇਹ ਖੋਲ੍ਹੇ ਜਾਣਗੇ।
ਇਸ ਦੌਰਾਨ ਕਾਂਗਰਸ ਦੇ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਸਰਕਾਰ ਵੱਲੋਂ ਅਚਾਨਕ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫ਼ੈਸਲੇ ’ਤੇ ਕਈ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਆਮ ਲੋਕਾਂ ਦੇ ਨਾਲ ਨਾਲ ਵਪਾਰੀਆਂ, ਛੋਟੇ ਕਾਰੋਬਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ’ਤੇ ਆਪਣਾ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਪਰ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਟਿੱਪਣੀ, ਜਿਸ ਵਿੱਚ ਉਸ ਨੇ ਇਸ ਕਦਮ ਨੂੰ ‘ਅੱਤਿਆਚਾਰੀ’ ਕਰਾਰ ਦਿੱਤਾ, ਨੂੰ ਰੀਟਵੀਟ ਕੀਤਾ ਹੈ।