ਅੰਮ੍ਰਿਤਸਰ ਸਾਹਿਬ: ਦੇਸ਼ ਧ੍ਰੋਹ ਦੇ ਕੇਸ ਵਿੱਚੋਂ ਜਮਾਨਤ ਹੋਣ ਤੋਂ ਬਾਅਦ 11 ਨਵੰਬਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕਰਨ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਇੱਕ ਵਿਦੇਸ਼ੀ ਸਿੱਖ ਭੁਪਿੰਦਰ ਸਿੰਘ ਚੀਮਾ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ। ਬਹਿਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਹਰੀਸ਼ ਕੁਮਾਰ ਨੇ ਭਾਈ ਮੋਹਕਮ ਸਿੰਘ ਨੂੰ ਲੁਧਿਆਣਾ ਜੇਲ ਭੇਜਣ ਦਾ ਹੁਕਮ ਦਿੱਤਾ, ਜਦਕਿ ਭੁਪਿੰਦਰ ਸਿੰਘ ਚੀਮਾ ਨੂੰ ਇੱਕ ਦਿਨਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।

ਸਿੱਖ ਸਿਆਸਤ ਨਾਲ ਗੱਲ ਕਰਦਿਆਂ ਭਾਈ ਮੋਹਕਮ ਸਿੰਘ ਦੇ ਸਪੁੱਤਰ ਸੁਖਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਜਸਬੀਰ ਸਿੰਘ ਜੰਮੂ ਨੇ ਅਦਾਲਤ ਨੂੰ ਦੱਸਿਆ ਕਿ ਭਾਈ ਮੋਹਕਮ ਸਿੰਘ ਅਤੇ ਭੁਪਿੰਦਰ ਸਿੰਘ ਚੀਮਾ ਨੂੰ ਇੱਕ ਸਾਜਿਸ਼ ਤਹਿਤ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਉਹ ਬੰਦੀ ਛੋੜ ਦਿਹਾੜੇ ਮੌਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੋਜੂਦ ਹੀ ਨਹੀਂ ਸਨ। ਉਨ੍ਹਾਂ ਅਦਾਲਤ ਨੂੰ ਦਲੀਲ ਦਿੱਤੀ ਕਿ 11 ਨਵੰਬਰ ਵਾਲੇ ਦਿਨ ਬੰਦੀ ਛੋੜ ਦਿਹਾੜਾ ਸੀ ਤੇ ਭਾਈ ਮੋਹਕਮ ਸਿੰਘ ਨੂੰ 10 ਨਵੰਬਰ ਵਾਲੀ ਰਾਤ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਸਰਕਾਰੀ ਵਕੀਲ ਵੱਲੋਂ ਅਦਾਲਤ ਤੋਂ ਇਹ ਕਹਿ ਕੇ ਦੋਵਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਕਿ ਪੁਲਿਸ ਭਾਈ ਮੋਹਕਮ ਸਿੰਘ ਅਤੇ ਭੁਪਿੰਦਰ ਸਿੰਘ ਕੋਲੋਂ ਇਕੱਠਿਆਂ ਪੁਛਗਿੱਛ ਕਰਨੀ ਚਾਹੁੰਦੀ ਹੈ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਵੱਲੋਂ ਭਾਈ ਮੋਹਕਮ ਸਿੰਘ ਨੂੰ 25 ਜਨਵਰੀ ਤੱਕ ਲੁਧਿਆਣਾ ਜੇਲ ਭੇਜ ਦਿੱਤਾ ਗਿਆ ਹੈ ਤੇ ਭੁਪਿੰਦਰ ਸਿੰਘ ਚੀਮਾ ਦਾ ਇੱਕ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ।
ਭਾਈ ਮੋਹਕਮ ਸਿੰਘ ਦੇ ਸਪੁੱਤਰ ਨੇ ਦੱਸਿਆ ਕਿ ਭਾਈ ਮੋਹਕਮ ਸਿੰਘ ਨੇ ਗਿ. ਗੁਰਬਚਨ ਸਿੰਘ ਅਤੇ ਪੰਜਾਬ ਵਿਚਲੇ ਦੂਸਰੇ ਦੋ ਹੋਰ ਤਖਤਾਂ ਦੇ ਐਸ.ਜੀ.ਪੀ.ਸੀ ਵੱਲੋਂ ਚੁਣੇ ਗਏ ਜਥੇਦਾਰਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਪੰਥ ਦੀ ਏਕਤਾ ਨੂੰ ਧਿਆਨ ਵਿੱਚ ਰੱਖਦਿਆਂ ਖੁਦ ਜਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਨ।