ਚੰਡੀਗੜ੍ਹ: ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਤੇ ਹੋਰ ਅਹੁਦੇਦਾਰ ਐਤਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਬ੍ਰਾਹਮਣ ਸਭਾ ਨੇ ਸਾਲ 2017 ‘ਚ ਹੋਣ ਵਾਲੀਆਂ ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਤੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੇ ਪਾਰਟੀ ‘ਚ ਆਏ ਨਵੇਂ ਮੈਂਬਰਾਂ ਦਾ ਸੁਆਗਤ ਕੀਤਾ। ਮੀਡੀਆ ਨੂੰ ਸੰਬੋਧਨ ਕਰਦਿਆਂ, ਭਗਵੰਤ ਮਾਨ ਨੇ ਕਿਹਾ ਕਿ ਲੋਕ ਹੁਣ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਪੰਜਾਬ ਦੀ ਅਰਥ ਵਿਵਸਥਾ ਤੇ ਸ਼ਾਂਤੀ ਨੂੰ ਪੁਨਰ-ਸੁਰਜੀਤ ਕਰਨ ਲਈ ਨਵੇਂ ਵਿਚਾਰ ਤੇ ਨੀਤੀਆਂ ਚਾਹੁੰਦੇ ਹਨ।

ਬ੍ਰਾਹਮਣ ਸਭਾ ਦੀ ਸਥਾਪਨਾ 1934 ‘ਚ ਪੰਡਤ ਮਦਨ ਮੋਹਨ ਮਾਲਵੀਆ ਨੇ ਕੀਤੀ ਸੀ। ਦੇਵੀ ਦਿਆਲ ਪ੍ਰਾਸ਼ਰ ਬਹੁਤ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ 10 ਸਾਲਾਂ ਤੋਂ ਸਭਾ ਦੇ ਬਿਨਾ ਮੁਕਾਬਲਾ ਪ੍ਰਧਾਨ ਚੁਣੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੇ ਸਮਾਜਕ ਢਾਂਚੇ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਇਹੋ ਕਾਰਨ ਹੈ ਕਿ ਬਹੁਤ ਸਾਰੇ ਸਮਾਜਕ ਤੇ ਧਾਰਮਿਕ ਸਮੂਹ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਪੰਜਾਬ ਦੀ ਜਨਤਾ ਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੋਣ ਨਾਲ ਪੰਜਾਬ ‘ਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਖ਼ਾਤਮਾ ਹੋ ਜਾਵੇਗਾ।
ਪ੍ਰਾਸ਼ਰ ਨੇ ਕਿਹਾ ਕਿ ਸਭਾ ਨੇ ਵੱਖੋ-ਵੱਖਰੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਆਪਣੀ ਹਮਾਇਤ ਦਿੱਤੀ ਸੀ ਪਰ ਰਵਾਇਤੀ ਪਾਰਟੀਆਂ ਸੂਬੇ ਦੀ ਸ਼ਾਨ ਬਹਾਲ ਕਰਨ ਤੋਂ ਨਾਕਾਮ ਰਹੀਆਂ ਹਨ। ਇੱਕ ਸਨਅਤਕਾਰ ਵਜੋਂ, ਉਨ੍ਹਾਂ ਕਾਰੋਬਾਰਾਂ ਦੀ ਬਰਬਾਦੀ ਅਤੇ ਉਦਯੋਗਾਂ ਦੀ ਦੁਰਦਸ਼ਾ ਹੁੰਦੀ ਵੇਖੀ ਹੈ। ਬਾਦਲਾਂ ਦੀਆਂ ਮਾੜੀਆਂ ਨੀਤੀਆਂ ਅਤੇ ਦਖ਼ਲ ਕਾਰਨ ਉਦਯੋਗ ਹੋਰਨਾਂ ਸੂਬਿਆਂ ਵਿੱਚ ਤਬਦੀਲ ਹੋ ਗਏ ਹਨ।
ਮੀਤ ਪ੍ਰਧਾਨ ਵਿਨੋਦ ਵਸ਼ਿਸ਼ਟ, ਜਨਰਲ ਸਕੱਤਰ ਹਰੀ ਕ੍ਰਿਸ਼ਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਡੇਰਾ ਬਸੀ ਸਤੀਸ਼ ਸ਼ਰਮਾ, ਵਾਈਸ ਚੇਅਰਮੈਨ ਯੂਥ ਵਿੰਗ ਦਿਨੇਸ਼ ਕੁਮਾਰ ਪੱਪੂ, ਦਿਹਾਤੀ ਪ੍ਰਧਾਨ-ਪਟਿਆਲਾ ਰਾਮਾ ਸਰਪੰਚ, ਜਤਿੰਦਰ ਪਾਲ, ਗਗਨ ਕੌਸ਼ਲ, ਰਾਮ ਆਸਰੇ ਪਾਂਡੇ, ਨਿਤੇਸ਼ ਕੁਮਾਰ, ਰਾਜੀਵ ਕੁਮਾਰ, ਅਵਦੇਸ਼ ਨਾਰਾਇਣ ਪੰਧੇਰ, ਰੌਸ਼ਨ ਕੁਮਾਰ, ਮਨਦੀਪ ਕੁਮਾਰ, ਮਿਤੁਲ ਕੁਮਾਰ, ਰਿਤੇਸ਼ ਕੁਮਾਰ ਅਤੇ ਅਭੀ ਸ਼ਰਮਾ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਵਾਲਿਆਂ ‘ਚ ਸ਼ਾਮਲ ਸਨ।