ਚੰਡੀਗੜ੍ਹ: ਸਾਰੇ ਖੇਤਰ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਕਰਫਿਊ ਕਾਰਣ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਰੁੱਕੀ ਸਿੱਖ ਸੰਗਤ ਪੰਜਾਬ ਪੁੱਜਦਿਆਂ ਹੀ ਕਰੋਨਾ ਦੀ ਮਾਰ ਹੇਠ ਕਿਵੇਂ ਆ ਗਈ ਜਦੋਂ ਕਿ ਨਾਦੇੜ ਵਿਖੇ ਆਪਣੇ ਮੁਕਾਮ ਦੋਰਾਨ ਉਥੋਂ ਦੇ ਪ੍ਰਬੰਧਕਾਂ ਨੂੰ ਕੋਈ ਐਸੀ ਕਨਸੋਅ ਤੀਕ ਨਹੀ ਮਿਲੀ? ਇਹ ਸਵਾਲ ਉਸ ਵੇਲੇ ਅਹਿਮੀਅਤ ਰੱਖਦਾ ਹੈ ਜਦੋਂ ਹਜੂਰ ਸਾਹਿਬ ਤੋਂ ਸਿੱਖ ਸ਼ਰਧਾਲੂਆਂ ਦੇ ਪੰਜਾਬ ਪੁੱਜਦਿਆਂ ਹੀ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੇ ਅਵਾਜ ਬੁਲੰਦ ਕਰ ਦਿੱਤੀ ਹੈ ਕਿ ਸੰਗਤਾਂ ਵਿੱਚ ਸ਼ਾਮਿਲ ਕੁਝ ਸ਼ਰਧਾਲੂ ਕਰੋਨਾ ਵਾਇਰਸ ਤੋਂ ਪੀੜਤ ਹਨ। ਤੇ ਦੂਸਰੇ ਪਾਸੇ ਤਖਤ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਉਣ ਵਾਲੇ ਬਾਬਾ ਬਲਵਿੰਦਰ ਸਿੰਘ ਹੁਰਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ, ਸ਼ਰਧਾਲੂ ਸਿੱਖਾਂ ਦੇ ਕਰੋਨਾ ਪੀੜਤ ਹੋਣ ਦੀਆਂ ਕਨਸੋਆਂ ਤੇ ਸਰਕਾਰੀ ਦਾਅਵਿਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ।
25 ਅਪ੍ਰੈਲ ਨੂੰ ਜਿਉਂ ਹੀ ਹਜੂਰ ਸਾਹਿਬ ਤੋਂ ਸਿੱਖ ਸੰਗਤਾਂ ਦੇ ਜਥੇ ਵੱਖ ਵੱਖ ਸਾਧਨਾਂ (ਪੰਜਾਬ ਸਰਕਾਰ ਦੀਆਂ ਪੀ.ਆਰ.ਟੀ.ਸੀ. ਬੱਸਾਂ,ਪੰਜਾਬ ਤੋਂ ਗਈਆਂ ਕੁਝ ਨਿੱਜੀ ਕੰਪਨੀਆਂ ਦੀਆਂ ਬੱਸਾਂ, ਮਹਾਂਰਾਸ਼ਟਰ ਤੋਂ ਗੁਰੂ ਘਰ ਦੇ ਇੱਕ ਸ਼ਰਧਾਵਾਨਾ ਵਲੋਂ ਮੁਹਈਆਂ ਕਰਵਾਈਆਂ ਬੱਸਾਂ ਅਤੇ ਕੁਝ ਟੈਪੂ ਟਰੈਵਲਰ) ਰਾਹੀਂ ਪੁਜਣੇ ਸ਼ੁਰੂ ਹੋਏ ਤਾਂ ਇਨ੍ਹਾਂ ਯਾਤਰੂਆਂ ਨੂੰ ਪੰਜਾਬ ਹਰਿਆਣਾ ਦੀ ਸਰਹੱਦ ਤੇ ਚੈਕ ਕੀਤੇ ਜਾਣ ਦੀ ਬਜਾਏ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਸਿੱਧੇ ਹੀ ਉਨ੍ਹਾਂ ਜਿਲ੍ਹਿਆਂ ਵੱਲ ਰਵਾਨਾ ਕਰ ਦਿੱਤਾ ਜਿਸ ਨਾਲ ਇਹ ਸ਼ਰਧਾਲੂ ਸਬੰਧਤ ਸਨ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਇਸ ਕਾਰਵਾਈ ਕਾਰਣ ਵਿਰੋਧੀ ਸਿਆਸੀ ਧਿਰਾਂ ਨੇ ਪੰਜਾਬ ਦੇ ਸਿਹਤ ਮਹਿਕਮੇ ਨੂੰ ਨਿਸ਼ਾਨੇ ਤੇ ਲੈਂਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਾਸੋਂ ਅਸਤੀਫੇ ਦੀ ਮੰਗ ਕਰ ਲਈ। ਹਾਲਾਂਕਿ ਸਿਆਸਤ ਵਿੱਚ ਅਜੇਹੀ ਕੋਈ ਪਿਰਤ ਅਜੇ ਤੀਕ ਸਥਾਪਿਤ ਨਹੀ ਹੋ ਸਕੀ ਤੇ ਖਾਸ ਕਰਕੇ ਜਦੋਂ ਕੋਈ ਪਾਰਟੀ ਸੱਤਾ ਵਿੱਚ ਹੋਵੇ। ਹੁਣ ਬੀਤੇ ਤਿੰਨ ਦਿਨ੍ਹਾਂ ਤੋਂ “ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਹਜੂਰ ਸਾਹਿਬ ਤੋਂ ਆਏ ਯਾਤਰੂਆਂ ਦੇ ਕਰੋੋਨਾ ਪੀੜਤ ਹੋਣ” ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਵੱਖ ਵੱਖ ਪ੍ਰਿੰਟ ਤੇ ਬਿਜਲਈ ਮੀਡੀਆ ਨਾਲ ਜੁੜੇ ਘਰਾਣੇ ਬੜਾ ਘਰੋੜ ਕੇ ਸ਼ਬਦ ਹਜੂਰ ਸਾਹਿਬ ਵਰਤ ਰਹੇ ਹਨ। ਅੱਜ ਸਵੇਰੇ ਵੀ ਅੰਮ੍ਰਿਤਸਰ ਵਿੱਚ ਕਰੋਨਾ ਮਰੀਜਾਂ ਦੀ ਗੱਲ ਕਰਦਿਆਂ ਮੀਡੀਆ ਨੇ “ਸ਼ਰਧਾ ਦਾ ਕਰੋਨਾ ਬੰਬ” ਵਰਗੇ ਹੈਡਿੰਗ ਲਗਾਕੇ ਜਾਣਕਾਰੀ ਦੇਣੀ ਸ਼ੁਰੂ ਕੀਤੀ।
ਮੀਡੀਆ ਦੇ ਇਸ ਵਰਤਾਰੇ ਬਾਅਦ ਤਖਤ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਉਣ ਵਾਲੇ ਬਾਬਾ ਬਲਵਿੰਦਰ ਸਿੰਘ ਹੁਰਾਂ ਨੇ ਵਿਸ਼ੇਸ਼ ਕਰਕੇ ਇੱਕ ਵੀਡੀਓ ਜਾਰੀ ਕਰਦਿਆਂ ,ਸ਼ਰਧਾਲੂ ਸਿੱਖਾਂ ਦੇ ਕਰੋਨਾ ਪੀੜਤ ਹੋਣ ਦੀਆਂ ਕਨਸੋਆਂ/ਦਾਅਵਿਆਂ ਨੂੰ ਸ਼ੀਸ਼ਾ ਵਿਖਾ ਦਿੱਤਾ। ਕੋਈ ਤਿੰਨ ਮਿੰਟ ਦੇ ਕਰੀਬ ਦੀ ਵੀਡੀਓ ਵਿੱਚ ਬਾਬਾ ਬਲਵਿੰਦਰ ਸਿੰਘ ਹੁਰਾਂ ਦੱਸਿਆ ਹੈ ਕਿ ਹਜੂਰ ਸਾਹਿਬ ਵਿਖੇ ਠਹਿਰਾਅ ਦੌਰਾਨ ਸਮੁਚੀਆਂ ਸੰਗਤਾਂ ਦਾ ਪ੍ਰਬੰਧਕਾਂ ਤੇ ਪ੍ਰਸ਼ਾਸ਼ਨ ਵਲੋਂ ਤਿੰਨ ਤਿੰਨ ਵਾਰ ਚੈਕਅੱਪ ਕਰਵਾਇਆ ਗਿਆ। ਸਮੁੱਚੇ ਸਮੇਂ ਦੌਰਾਨ ਕਿਸੇ ਵੀ ਸ਼ਰਧਾਲੂ ਦੇ ਕਰੋਨਾ ਪੀੜਤ ਹੋਣ ਦੇ ਲੱਛਣ ਸਾਹਮਣੇ ਨਹੀ ਆਏ। ਬਾਬਾ ਬਲਵਿੰਦਰ ਸਿੰਘ ਹੁਰਾਂ ਚਿੰਤਾ ਪ੍ਰਗਟਾਈ ਹੈ ਕਿ ਪੰਜਾਬ ਦਾਖਲ ਹੁੰਦਿਆਂ ਹੀ ਐਡੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਦਾ ਕਰੋਨਾ ਪੀੜਤ ਹੋਣਾ /ਜਾਂ ਦਾਅਵੇ ਕਰਨੇ ਸਹੀ ਨਜਰ ਨਹੀ ਆ ਰਿਹਾ। ਇਸਦੇ ਨਾਲ ਹੀ ਬਾਬਾ ਬਲਵਿੰਦਰ ਸਿੰਘ ਜੀ ਨੇ ਮੀਡੀਆ ਨੂੰ ਵੀ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਬਾਰ ਬਾਰ ਤਖਤ ਹਜੂਰ ਸਾਹਿਬ ਦਾ ਜਿਕਰ ਇਸ ਬੀਮਾਰੀ ਦੇ ਫੈਲਾਅ ਨਾਲ ਜੋੜਕੇ ਗੁਰੂ ਘਰ ਦੀ ਬਦਨਾਮੀ ਕਰਕੇ ਗੁਨਾਹ ਦੇ ਭਾਗੀ ਨਾ ਬਨਣ।
ਜਿਥੋਂ ਤੀਕ ਸਵਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਕਰੋਨਾ ਵਾਇਰਸ ਦੇ ਚਲ ਰਹੇ ਸਫਲ ਇਲਾਜ ਦੇ ਦਾਅਵਿਆਂ ਦਾ ਹੈ ਉਸ ਬਾਰੇ ਬਹੁਤਾ ਕੁਝ ਕਹਿਣ ਦੀ ਜਰੂਰਤ ਨਹੀ ਹੈ ਕਿ ਜਦੋਂ ਜਲੰਧਰ ਦਾ ਸਿਵਲ ਹਸਪਤਾਲ ਦੋ ਮਰੀਜਾਂ ਨੂੰ ਕਰੋਨਾ ਨੈਗੇਟਿਵ ਕਹਿਕੇ ਸ਼ਾਮ ਨੂੰ ਘਰ ਭੇਜਦਾ ਹੈ ਤੇ ਕੁਝ ਘੰਟਿਆਂ ਬਾਅਦ ਹੀ ਕਰੋਨਾ ਪਾਜੇਟਿਵ ਕਹਿ ਕੇ ਮੁੜ ਚੁੱਕ ਲਿਆਉਂਦਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਕੀਤੇ ਇਲਾਜ ਬਾਰੇ ਵਾਇਰਲ ਹੋਈ ਆਡੀਓ ਵੀਡੀਓ ਦਾ ਸੱਚ ਤਸਦੀਕ ਕਰਨ ਤੋਂ ਸਰਕਾਰ ਦਾ ਸਿਹਤ ਵਿਭਾਗ ਭੱਜ ਚੁੱਕਾ ਹੈ। ਇਹ ਵੀ ਪ੍ਰਸ਼ਾਸ਼ਨਿਕ ਕੁਤਾਹੀ ਹੀ ਮੰਨੀ ਜਾਵੇਗੀ ਕਿ ਭਾਈ ਨਿਰਮਲ ਸਿੰਘ ਖਾਲਸਾ ਦੀਆਂ ਅਸਥੀਆਂ, ਪਰਿਵਾਰ ਨੂੰ ਆਪਣੇ ਘਰ ਲਿਜਾਣੀਆਂ ਪਈਆਂ, ਕਿਉਂਕਿ ਪ੍ਰਸ਼ਾਸ਼ਨ ਵਲੋਂ ਜਿਸ ਜਗ੍ਹਾਂ ਤੇ ਸਸਕਾਰ ਕੀਤਾ ਗਿਆ,ਉਥੇ ਅਸਥੀਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਨਹੀ ਸੀ। ਬਾਰ ਬਾਰ ਮੀਡੀਆ ਤੇ ਸਰਕਾਰ ਦੇ ਇਸ ਰਵਈਏ ਬਾਰੇ ਵੀ ਉਂਗਲਾਂ ਉਠ ਰਹੀਆਂ ਹਨ ਕਿ ਉਹ ਕਰੋਨਾ ਤੋਂ ਪੀੜਤ ਘੱਟ ਗਿਣਤੀਆਂ ਨਾਲ ਸੰਬੰਧਿਤ ਪੀੜਤਾਂ ਦੀ ਗੱਲ ਕਰਦਿਆਂ ਉਨ੍ਹਾਂ ਦੇ ਧਰਮ ਅਸਥਾਨਾਂ ਤੇ ਧਰਮ ਤੇ ਹੀ ਕਿਉਂ ਨਿਸ਼ਾਨਾ ਸਾਧਦਾ ਹੈ। ਜਦੋਂ ਮੀਡੀਆ ਪਾਸ ਪੁਖਤਾਂ ਖਬਰਾਂ ਹਨ ਕਿ ਪਟਿਆਲਾ ਖੇਤਰ ਵਿੱਚ ਲੰਗਰ ਦੇ ਨਾਮ ਹੇਠ ਕਰਫਿਊ ਪਾਸ ਲੈਕੇ, ਨਿੱਜੀ ਕਾਰੋਬਾਰ ਕਰਨ ਤੇ ਫਿਰ ਕਰੋਨਾ ਫੈਲਾਣ ਵਾਲੇ ਲੋਕ ਕੌਣ ਸਨ ਤਾਂ ਉਨ੍ਹਾਂ ਦੇ ਧਰਮ ਬਾਰੇ ਚੁੱਪ ਕਿਉਂ ਹੈ। ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਕਰੋਨਾ ਪੀੜਤ ਹੋਣ ਦੇ ਸੱਚ ਕੱਚ ਦਾ ਨਿਪਟਾਰਾ ਵੀ ਜਲਦੀ ਹੀ ਹੋ ਜਾਵੇਗਾ ਲੇਕਿਨ ਕਰੋਨਾ ਦੀ ਆੜ ਹੇਠ ਮੀਡੀਆ ਦਾ ਪੱਖਪਾਤੀ ਰਵਈਆ ਜਰੂਰ ਬੇਨਕਾਬ ਹੋ ਰਿਹਾ ਹੈ।