
ਚੰਡੀਗੜ੍ਹ (27 ਮਈ, 2015): ਸਿੱਕਮ ਦੇ ਚੁੰਗਥਾਂਗ ‘ਚ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੀ ਪਾਵਨ ਮਰਿਆਦਾ ਬਹਾਲ ਕਰਨ ਲਈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਸੰਗਤਾਂ ਦੇ ਹੱਥਾਂ ਵਿੱਚ ਸੌਂਪਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸਿੱਕਮ ਦੇ ਮੁੱਖ ਮੰਤਰੀ ਸ੍ਰੀ ਪਵਨ ਕੁਮਾਰ ਚਾਮਲਿੰਗ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ।
ਸ੍ਰੀ ਚਾਮਲਿੰਗ ਨੂੰ ਲਿਖੇ ਪੱਤਰ ‘ਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਕਮ ‘ਚ ਇਤਿਹਾਸਕ ਮਹੱਤਤਾ ਵਾਲੇ ਬਹੁਤ ਸਾਰੇ ਗੁਰਦੁਆਰੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਕਿਉਂ ਜੋ ਗੁਰੂ ਸਾਹਿਬ ਇਸ ਸੂਬੇ ‘ਚ ਆਏ ਸਨ ।ਇਹ ਗੁਰਦੁਆਰਾ ਸਾਹਿਬਾਨ ਗੁਰੂਡੋਂਗਮਾਰ, ਥਾਂਗੂ, ਲੇਚਨ, ਚੁੰਗਥਾਂਗ, ਤੁਮਥਾਂਗ ਅਤੇ ਲਾਚੁੰਗ ਵਿਖੇ ਸਥਿਤ ਹਨ ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਛਪੀ ਖ਼ਬਰ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਉਪਰੋਕਤ ਗੁਰਦੁਆਰਾ ਸਾਹਿਬਾਨ ‘ਚ ਮਰਿਆਦਾ ਦਾ ਪਾਲਣ ਨਹੀਂ ਹੋ ਰਿਹਾ ।ਮੁੱਖ ਮੰਤਰੀ ਨੇ ਦੁੱਖ ਜ਼ਾਹਿਰ ਕਰਦਿਆਂ ਆਖਿਆ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਅਤੇ ਗੁਰਦੁਆਰਾ ਸਾਹਿਬਾਨ ਸਥਾਨਕ ਸਿੱਖਾਂ ਪਾਸੋਂ ਲੈ ਲਏ ਗਏ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੇਰੀ ਨੂੰ ਦਰਸਾਉਂਦੇ ਬੋਰਡ ਵੀ ਹਟਾ ਦਿੱਤੇ ਗਏ ਹਨ ।ਚੁੰਗਥਾਂਗ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਬੋਧੀਆਂ ਹਵਾਲੇ ਕਰ ਦਿੱਤੀਆਂ ਗਈਆਂ ਜਿਨ੍ਹਾਂ ਦੁਆਲੇ ਕੰਧ ਉਸਾਰ ਦਿੱਤੀ ਗਈ ਹੈ ।
ਲੇਚਨ ਵਿਖੇ ਗੁਰੂ ਜੀ ਨਾਲ ਸਬੰਧਤ ਵਸਤਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਨਹੀਂ ਰੱਖਿਆ ਜਾ ਰਿਹਾ ।ਇਨ੍ਹਾਂ ਪਵਿੱਤਰ ਅਸਥਾਨਾਂ ਤੋਂ ਨਿਸ਼ਾਨ ਸਾਹਿਬ ਵੀ ਹਟਾ ਦਿੱਤੇ ਗਏ ਹਨ ।ਸਿੱਕਮ ਦੇ ਮੁੱਖ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਿੱਕਮ ਦੇ ਗੁਰਦੁਆਰਿਆਂ ‘ਚ ਮਰਿਆਦਾ ਦੀ ਬਹਾਲੀ ਦੇ ਮੁੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਦੀ ਅਗਵਾਈ ‘ਚ ਪੰਜ ਮੈਂਬਰੀ ਵਫ਼ਦ ਦੀ ਸਿੱਕਮ ਫੇਰੀ ਮੌਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ।