ਗੁਰਦਾਸਪੁਰ (11 ਅਪ੍ਰੈਲ, 2015): ਗੁਰਦਾਸਪੁਰ ਸ਼ਹਿਰ ਵਿਚ ਅੱਜ ਸਵੇਰੇ ਸ਼ਿਵ ਸੈਨਾ ਦੇ ਸਥਾਨਕ ਆਗੂ ਹਰਮਿੰਦਰ ਸੋਨੀ ਉੱਤੇ ਗੋਲੀ ਚਲਾਉਣ ਵਾਲੇ ਸਿੱਖ ਨੌਜਵਾਨ ਦੀ ਪਛਾਣ ਪੁਲਿਸ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਗੱਲ ਵੱਡੀ, ਨੇੜੇ ਖੰਨਾ ਜਿਲਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਗੁਰਦਾਸਪੁਰ ਦੇ ਐੱਸਐੱਸਪੀ ਗੁਰਪ੍ਰੀਤ ਸਿੰਘ ਤੁਰ ਅਤੇ ਆਈਜੀ ਬਾਡਰ ਰੇਂਜ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਪਿੱਛੇ ਕਿਸੇ ਜੱਥੇਬੰਦੀ ਦਾ ਹੱਥ ਨਹੀ, ਬਲਕਿ ਇਹ ਕਸ਼ਮੀਰ ਸਿੰਘ ਵੱਲੋਂ ਆਪਣੇ ਬਿਨ੍ਹਾਂ ‘ਤੇ ਹੀ ਕੀਤਾ ਗਿਆ ਸੀ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਸ਼ਮੀਰ ਸਿੰਘ ਕਿਸੇ ਜੱਥੇਬੰਦੀ ਨਾਲ ਜੁੜਿਆ ਹੋਇਆ ਨਹੀਂ ਅਤੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਦਾ ਉਸਦਾ ਆਪਣਾ ਹੀ ਫੈਸਲਾ ਸੀ।
ਕਸ਼ਮੀਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਿਰੁੱਧ ਚੱਲੇ ਰੋਸ ਮੁਜ਼ਾਹਰੇ ਸਮੇਂ ਸ਼ਿਵ ਸੈਨਾ ਆਗੂ ਸੋਨੀ ਦੀ ਸਿੱਖ ਵਿਰੋਧੀ ਕਾਰਵਾਈ ਕਰਕੇ ਗੁੱਸੇ ਵਿੱਚ ਸੀ।
ਪੁਲਿਸ ਨੇ ਦੱਸਿਆ ਕਿ ਕਸ਼ਮਰਿ ਸਿੰਘ ਚਮਕੌਰ ਸਾਹਿਬ ਤੋਂ ਗੁਰਦਾਸਪੁਰ ਲਈ 8 ਅਪ੍ਰੈਲ ਨੂੰ ਚੱਲ਼ਿਆ ਸੀ ਅਤੇ ਉਸਨੇ 8 ਅਪ੍ਰੈਲ ਦੀ ਰਾਤ ਬਾਬਾ ਬਕਾਲਾ ਵਿੱਚ ਬਤਾਈ ਸੀ। ਉਹ 9 ਅਪ੍ਰੈਲ ਨੂੰ ਕਲਾਨੌਰ ਵਿੱਚ ਠਹਰਿਆ ਸੀ ਅਤੇ 10 ਅਪ੍ਰੂੈਲ ਦੀ ਰਾਤ ਉਸਨੇ ਗੁਰਦੁਆਰਾ ਬੁਰਜ ਸਾਹਿਬ ਬਾਬਾ ਬਕਾਲਾ ਅਤੇ 11 ਅਪ੍ਰੈਲ ਨੂੰ ਉਹ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿੱਚ ਰੁਕਿਆ ਸੀ।
ਸਥਾਨਕ ਸੂਤਰਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਹਰਮਿੰਦਰ ਸੋਨੀ ਉੱਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਿ ਉਹ ਸਥਾਨਕ ਫਿਸ਼ ਪਾਰਕ ਵਿਖੇ ਵਾਲੀਵਾਲ ਖੇਡ ਕੇ ਹਟਿਆ ਸੀ। ਇਹ ਹਮਲਾ ਸਵੇਰੇ ਤਕਰੀਬਨ 8:30 ਵਜੇ ਹੋਇਅ। ਉਸ ਸਮੇਂ ਸੋਨੀ ਨਾਲ ਉਸ ਦੇ ਚਾਰ ਬੰਦੂਕਧਾਰੀ ਰੱਖਿਆ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਅਨੁਸਾਰ ਕਸ਼ਮੀਰ ਸਿੰਘ ਨੇ ਸੋਨੀ ਨੂੰ .315 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰੀ ਸੀ।
ਸੂਤਰਾਂ ਅਨੁਸਾਰ ਹਮਲਾ ਕਰਨ ਵਾਲੇ ਸਿੱਖ ਨੌਜਵਾਨ ਨੇ ਸੋਨੀ ਦੇ ਕੋਲ ਆ ਕੇ ਪੁੱਛਿਆ ਕਿ ਕੀ ਉਹ ਸੋਨੀ ਹੈ? ਤੇ ਜਵਾਬ ਹਾਂ ਵਿਚ ਮਿਲਣ ‘ਤੇ ਆਪਣੇ ਦੋਸੀ ਹਥਿਆਰ ਨਾਲ ਉਸ ਉੱਤੇ ਗੋਲੀ ਚਲਾ ਦਿੱਤੀ। ਸੂਤਰਾਂ ਅਨੁਸਾਰ ਨੌਜਵਾਨ ਨੇ ‘ਬੋਲੇ ਸੋ ਨਿਹਾਲ’ ਦਾ ਨਾਅਰਾ ਵੀ ਲਗਾਇਆ, ਜਦਕਿ ਕੁਝ ਖਬਰਾਂ ਅਨੁਸਾਰ ਉਸ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।
ਹਮਲਾ ਕਰਨ ਵਾਲਾ ਨੌਜਵਾਨ ਪੁਲਿਸ ਹਿਰਾਸਤ ਵਿਚ ਹੈ ਤੇ ਹਰਮਿੰਦਰ ਸੋਨੀ ਨੂੰ ਹਮਲੇ ਤੋਂ ਬਾਅਦ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਅਪਰੇਸ਼ਨ ਕਰਕੇ ਉਸ ਦੇ ਸਰੀਰ ਵਿਚੋਂ ਗੋਲੀ ਕੱਢ ਦਿੱਤੀ ਗਈ ਹੈ। ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਅੰਮ੍ਰਿਤਸਰ ਦੇ ਐਸਕੋਰਟ ਫੋਰਟੀਸ ਹਸਪਤਾਲ ਵਿੱਚ ਉਸਦਾ ਇਲਾਜ਼ ਚੱਲ ਰਿਹਾ ਹੈ।ਸ਼ਿਵ ਸੈਨਾ ਵੱਲੋਂ13 ਅਪ੍ਰੈਲ ਨੂੰ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ ਹੈ।