ਇਸਲਾਮਾਬਾਦ (20 ਸਤੰਬਰ, 2014): ਪਾਕਿਸਤਾਨ ਦੇ ਮੁਲਤਾਨ ਸੂਬੇ ਵਿੱਚ ਅੱਜ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਸ਼ਮੀਰ ਨੂੰ ਲੈ ਕੇ ਵਿਵਾਦ ਗ੍ਰਸਤ ਬਿਆਨ ਦੇ ਦਿੱਤਾ ਹੈ। ਬਿਲਾਵਲ ਨੇ ਮੁਲਤਾਨ ‘ਚ ਕਿਹਾ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਨੂੰ ਵਾਪਸ ਲਵਾਂਗੇ।
ਬਿਲਾਵਲ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਿਆਸਤ ਗਰਮਾ ਸਕਦੀ ਹੈ। ਬਿਲਾਵਲ ਭੁੱਟੋ ਪਾਕਿਸਤਾਨ
ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਹਨ ਅਤੇ ਬਿਲਾਵਲ ਬੇਨਜ਼ੀਰ ਦੀ ਸੀਟ ਤੋਂ ਚੋਣ ਲੜਨ ਦੀ ਸੋਚ ਰਹੇ ਹਨ।
ਕੁਝ ਦਿਨ ਪਹਿਲਾ ਬਿਲਾਵਲ ਨੇ ਕਿਹਾ ਕਿ ਉਹ 2018 ਦੀਆਂ ਚੋਣਾਂ ‘ਚ ਆਪਣੇ ਪਰਿਵਾਰਕ ਗੜ੍ਹ ਲਰਕਾਨਾ ਤੋਂ ਚੋਣ ਲੜਨਗੇ।
ਇਸ ਸਮੇਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਾਜ਼ਾ ਗਿਲਾਨੀ ਅਤੇ ਰਾਜਾ ਪ੍ਰਵੇਜ਼ ਅਸ਼ਰਫ ਵੀ ਹਾਜ਼ਰ ਸਨ।
ਬਿਲਾਵਲ ਭੁੱਟੋ ਦੀ ਮਾਤਾ ਬੇਨਜ਼ੀਰ ਭੁੱਟੋ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ। ਕੁਝ ਸਮਾਂ ਜਲਾਵਤਨ ਰਹਿਣ ਪਿੱਛੋਂ ਜਦ ਉਹ ਪਾਕਿਸਤਾਨ ਦੀ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਲਈ ਵਾਪਸ ਦੇਸ਼ ਪਰਤੀ ਤਾਂ ਉਸਦੀ ਹੱਤਿਆ ਕਰ ਦਿੱਤੀ ਗਈ ਸੀ।
ਬਿਲਾਵਲ ਦੇ ਨਾਨਾ, ਬੇਨਜ਼ੀਰ ਦੇ ਪਿਤਾ ਜ਼ੁਲਫੀਕਾਰ ਅਲੀ ਭੁੱਟੋ ਨੇ 1967 ਵਿੱਚ ਪੀਪਲ ਪਾਰਟੀ ਆਫ ਪਾਕਿਸਤਾਨ ਦੀ ਨੀਂਹ ਰੱਖੀ ਸੀ ੳਤੇ ਉਹ 1970 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ।
ਬਿਲਾਵਲ ਭੁੱਟੋ ਨੇ 2018 ਵਿੱਚ ਪਾਕਿਸਤਾਨ ਵਿੱਚ ਹੋ ਰਹੀਆਂ ਆਮ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਸਬੰਧੀ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਕੇ ਪ੍ਰੋਗਰਾਮ ਉਲੀਕ ਰਿਹਾ ਹੈ।