ਅੰਮ੍ਰਿਤਸਰ (3 ਅਪ੍ਰੈਲ 2015): ਸਿੱਖ ਪਛਾਣ ਨੂੰ ਹਿੰਦੂਤਵ ਵਿੱਚ ਰਲਗੱਡ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਲਈ ਹਮੇਸ਼ਾਂ ਤਤਪਰ ਹਿੰਦੂਤਵ ਤਕਤਾਂ ਨੇ ਸਿੱਖਾਂ ਦੇ ਪੰਜ ਤਖਤਾਂ ਚੋ ਇੱਕ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰੜ ਦਾ ਪ੍ਰਧਾਨ ਆਰ. ਐੱਸ. ਐੱਸ ਦੇ ਇੱਕ ਨਜਦੀਕੀ ਵਿਅਕਤੀ ਤਾਰਾ ਸਿੰਘ ਨੂੰ ਧਾਪ ਦਿੱਤਾ ਹੈ।

ਮਹਾਰਾਸ਼ਟਰ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੀਆਂ ਤਜਵੀਜ਼ਾਂ ਲਾਂਭੇ ਕਰਦਿਆਂ ਨਾਮਜ਼ਦ ਮੈਂਬਰਾਂ ਤੋਂ ਬਾਹਰੋਂ ਇਕ ਸਥਾਨਕ ਸਿੱਖ ਭਾਜਪਾ ਵਿਧਾਇਕ ਨੂੰ ਓਥੋਂ ਦੇ ਬੋਰਡ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਤਾਰਾ ਸਿੰਘ, ਜਿਨ੍ਹਾਂ ਨੂੰ ਆਰ ਐਸ ਐਸ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ, ਨਾ ਤਾਂ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਸਨ ਤੇ ਨਾ ਉਨ੍ਹਾਂ ਦੀਆਂ ਵਿਸ਼ੇਸ਼ ਧਾਰਮਿਕ ਗਤੀਵਿਧੀਆਂ ਸਨ। ਉਹ ਸੰਘ ਪਰਵਾਰ ਦੇ ਨਜ਼ਦੀਕੀ ਹੋਣ ਦੇ ਨਾਲ ਸਪੱਸ਼ਟ ਰੂਪ ‘ਚ ਸਿਆਸੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੇ ਨਾਂਅ ਦਾ ਵਿਰੋਧ ਕਰਦਿਆਂ ਪਿਛਲੇ ਦਿਨੀਂ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਨੇ ਤੌਖਲਾ ਪ੍ਰਗਟ ਕੀਤਾ ਸੀ ਕਿ ਅਜਿਹੇ ਵਿਅਕਤੀ ਨੂੰ ਪ੍ਰਧਾਨਗੀ ਦੇ ਕੇ ਸੂਬਾ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਅੰਦਾਜ਼ੀ ਨਜ਼ਰ ਆ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਚਰਨ ਸਿੰਘ ਨੇ ਵੀ ਤਾਰਾ ਸਿੰਘ ਨੂੰ ਤਖਤ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਦੀ ਸੇਵਾ ਦੇ ਯੋਗ ਨਹੀਂ ਸੀ ਮੰਨਿਆ ਤੇ ਕਿਸੇ ਧਾਰਮਿਕ ਬਿਰਤੀ ਵਾਲੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਲਈ ਕਿਹਾ ਸੀ।