February 21, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (19 ਫਰਵਰੀ, 2011) : ਕ੍ਰਮਵਾਰ 20 ਤੇ 21 ਫਰਵਰੀ 1921 ਨੂੰ ਵਾਪਰੇ ਨਾਨਕਾਣਾ ਸਾਹਿਬ ਤੇ ਜੈਤੋਂ ਦੇ ਸ਼ਹੀਦੀ ਸਾਕਿਆਂ ਦੀ ਵਰ੍ਹੇਗੰਢ ਮੌਕੇ ਸਿੱਖ ਕੌਮ, ਗੁਰਧਾਮਾਂ ’ਤੇ ਮੁੜ ਤੋਂ ਕਾਬਜ਼ ਹੋ ਚੁੱਕੇ ਨਰੈਣੂ ਮਹੰਤਾਂ ਤੇ ਮੱਸੇ ਰੰਘੜਾਂ ਨੂੰ ਖਦੇੜਣ ਲਈ ਇੱਕਜੁਟ ਹੋਵੇ। ਇਹ ਸੱਦਾ ਦਿੰਦਿਆਂ ਸ੍ਰੋਮਣੀ ਅਕਾਲੀ ਦਾ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਦਇਆ ਸਿੰਘ ਕੱਕੜ ਤੇ ਭਾਈ ਹਰਪਾਲ ਸਿੰਘ ਚੀਮਾ, ਨੇ ਕਿਹਾ ਕਿ ਸਿੱਖਾਂ ਪੰਥ ਦੀਆਂ ਅਨੇਕਾਂ ਕੁਰਬਾਨੀਆਂ ਉਪਰੰਤ ਸਥਾਪਿਤ ਹੋਈ ਸ਼੍ਰੋਮਣੀ ਕਮੇਟੀ ਦੀ ਮੌਜ਼ੂਦਾ ਹਾਲਤ ਨਰੈਣੂ ਮਹੰਤ ਦੇ ਸਮੇਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ।ਅੱਜ ਵੀ ਪੰਥਕ ਭਲਾਈ ਦੀ ਗੱਲ ਕਰਨ ਵਾਲੇ ਸਿੱਖਾਂ ਨਾਲ ਉਹੀ ਸਲੂਕ ਕੀਤਾ ਜਾਂਦਾ ਹੈ ਜੋ ਪ੍ਰ. ਗੁਰਮੁਖ ਸਿੰਘ ਨਾਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਸਿਆਸਤਦਾਨਾਂ ਦੇ ਥਾਪੇ ਜਥੇਦਾਰ ਨਿਰਦੋਸ਼ ਤੇ ਨਿਹੱਥੇ ਸਿੱਖਾਂ ਨੂੰ ਅਪਣੇ ਲੱਠਮਾਰਾਂ ਤੋਂ ਕੁਟਵਾ ਦਿੰਦੇ ਹਨ।ਅਕਾਲ ਤਖ਼ਤ ਸਹਿਬ ’ਤੇ ਫਰਿਆਦ ਲੈ ਕੇ ਪਹੁੰਚੀ ਫਰਿਆਦੀ ਧਿਰ ਨੂੰ ਵੀ ਦੋਸ਼ੀ ਧਿਰ ਦੇ ਨਾਲ ਹੀ ‘ਸਜ਼ਾ’ ਲਗਾ ਦਿੱਤੀ ਜਾਂਦੀ ਹੈ।
ਉਕਤ ਆਗੂਆਂ ਨੇ ਕਿਹਾ ਜਿਸ ਧਨਵੰਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਲੀਨ ਚਿੱਟ ਦਿੰਦਾ ਹੈ ਉਸੇ ਧਨਵੰਤ ਸਿੰਘ ਨੂੰ ਅਦਾਲਤ 10 ਸਾਲ ਦੀ ਸਜ਼ਾ ਦਿੰਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਸਿਆਸਤਦਾਨਾਂ ਦੇ ਥਾਪੇ ਜਥੇਦਾਰ ਠੇਸ ਪਹੁੰਚਾ ਰਹੇ ਹਨ। ਅਕਾਲ ਤਖ਼ਤ ਸਾਹਿਬ ਦੇ ਗੁਰਮਤੇ ਅਨੁਸਾਰ ਸੌਦਾ ਸਾਧ ਦੇ ਡੇਰੇ ਬੰਦ ਕਰਵਾਉਣ ਲਈ ਯਤਨਸ਼ੀਲ ਸਿੱਖਾਂ ’ਤੇ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਕੇਸ ਪਾ ਰਹੀਆਂ ਹਨ ਪਰ ਤਖ਼ਤਾਂ ਦੇ ਜਥੇਦਾਰ ਅਪਣੇ ਸਰਕਾਰੀ ਆਕਾਵਾਂ ਦੀ ਇਸ ਪੰਥ ਵਿਰੋਧੀ ਕਾਰਗੁਜ਼ਾਰੀ ਦਾ ਵਿਰੋਧ ਕਰਨ ਦੀ ਹਿੰਮਤ ਵਿਚ ਵੀ ਨਹੀਂ ਹਨ। ਬਹੁਤਗਿਣਤੀ ਸ਼੍ਰੋਮਣੀ ਕਮੇਟੀ ਮੈਂਬਰ ਦੁਰਾਚਾਰ ਤੇ ਸ਼ਰਾਬ ਦੇ ਸੇਵਨ ਦੇ ਦੋਸ਼ੀ ਹਨ। ਨਸ਼ਿਆਂ ਦੇ ਤਸਕਰਾਂ ਤੇ ਆਰ ਐਸ.ਐਸ. ਦੇ ਪੰਥ ਵਿਰੋਧੀ ਸਰਗਨਿਆਂ ਨੂੰ ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ ਵਿਸ਼ੇਸ਼ ਤੌਰ ’ਤੇ ਕਮਰੇ ਮਿਲਦੇ ਹਨ ਪਰ ਪੰਥ ਲਈ ਜਾਨਾਂ ਕੁਰਬਾਨ ਕਰ ਗਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਲਈ ਇਨ੍ਹਾਂ ਸਰਾਵਾਂ ਵਿਚ ਕੋਈ ਥਾਂ ਨਹੀਂ। ਉਕਤ ਆਗੂਆਂ ਨੇ ਕਿਹਾ ਕਿ ਗੁਰੂ ਦੀ ਗੋਲਕ ਦੀ ਅੰਨ੍ਹੀ ਲੁੱਟ ਤੇ ਦੁਰਵਰਤੋਂ, ਦਰਬਾਰ ਸਾਹਿਬ ਦੇ ਅਸਿਸਟੈਂਟ ਮੈਨੇਜਰ ਦਾ ਸਰੋਵਰ ਵਿਚਲੇ ਬੀਬੀਆਂ ਦੇ ਪੋਣੇ ਵਿਚ ਜਾ ਵੜਣਾ, ਦਲਜੀਤ ਸਿੰਘ ਬੇਦੀ ਵਰਗਿਆਂ ਤੇ ਹੋਰ ਮੁਲਾਜ਼ਮਾਂ ਦੀ ਆਚਰਹੀਣਤਾ ਦੇ ਕਿੱਸੇ ਇਸ ਗੱਲ ਦੇ ਗਵਾਹ ਹਨ ਕਿ ਅੱਜ ਫਿਰ ਸਾਡੇ ਗੁਰਧਾਮਾਂ ’ਤੇ ਮੱਸੇ ਰੰਗੜਾਂ ਨੇ ਕਬਜ਼ੇ ਕਰ ਲਏ ਹਨ ਜਿਨ੍ਹਾਂ ਨੂੰ ਇੱਥੋਂ ਬਾਹਰ ਕੱਢ ਕੇ ਗੁਰਧਾਮਾਂ ਦਾ ਸਮੁੱਚਾ ਪ੍ਰਬੰਧ ਪੰਥ ਦੇ ਹੱਥਾਂ ਵਿਚ ਸੌਪਣ ਲਈ ਸਮੁੱਚੇ ਪੰਥ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਹੁਣ ਅੱਗੇ ਆ ਜਾਣਾ ਚਾਹੀਦਾ ਹੈ ਵਰਨਾ ਇਹ ਪੰਥਕ ਧਿਰਾਂ ਖੁਦ ਵੀ ਸਿੱਖੀ ਨਾਲ ਹੋ ਰਹੇ ਖਿਲਵਾੜ ਤੇ ਨੁਕਸਾਨ ਦੀਆਂ ਜਿਮੇਵਾਰ ਹੋਣਗੀਆਂ ਜਿਸਦਾ ਜਵਾਬ ਮੌਕਾ ਆਉਣ ’ਤੇ ਸਭ ਨੂੰ ਪੰਥ ਦੀ ਕਚਹਿਰੀ ਵਿਚ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੇ ਸੁੱਚਜਾ ਪ੍ਰਬੰਧ ਬਹਾਲ ਹੋਣ ਨਾਲ ਕੌਮ ਦਾ ਧਾਰਮਿਕ ਹੀ ਨਹੀਂ ਸਗੋਂ ਸਮਾਜਿਕ ਪੱਧਰ ਵੀ ਉਚਾ ਉਠਣਾ ਯਕੀਨੀ ਹੈ।
Related Topics: Akali Dal Panch Pardhani, Shiromani Gurdwara Parbandhak Committee (SGPC)