ਜੂਨ 1984 ਦਾ ਉਪਰੇਸ਼ਨ ਬਲੂ ਸਟਾਰ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉੱਤੇ ਹੋਈ ਹੋਵੇ-ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ-ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ। ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ।