ਜੀਵਨੀਆਂ

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ

October 25, 2011 | By

jugraj singh toofanਜੁਗਰਾਜ ਸਿੰਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ’ ‘ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ’ ਅੱਜ ਫਿਰ ਸ਼ਾਮ ਨੂੰ ਸਾਡੇ ਘਰ ਰੋਟੀ ਨਹੀਂ ਪੱਕੀ। ਮਾਂ ਨੂੰ ਕਿਹਾ, ‘ਮਾਂ ਭੁੱਖ ਲੱਗੀ ਐ’ ਤਾਂ ਮਾਂ ਨੇ ਜਵਾਬ ਦਿੱਤਾ, ‘ਪੁੱਤ ਅੱਜ ਤਾਂ ਸਾਰੇ ਪੰਜਾਬ ਦੇ ਗਲੋਂ ਪਾਣੀ ਦਾ ਘੁੱਟ ਨਈਂ ਲੰਘਦਾ ਮੈ ਰੋਟੀ ਕਿਵੇਂ ਪਕਾਵਾਂ’ ਏਨਾ ਕਹਿਣ …ਪਿੱਛੋਂ ਮਾਂ ਰੋਣ ਲੱਗੀ, ਮਾਂ ਨੂੰ ਰੋਂਦੇ ਦੇਖ ਕੇ ਛੋਟੀ ਭੈਣ ਵੀ ਨਾਲ ਹੀ ਰੋਣ ਲੱਗ ਪਈ। ਮੈਂ ਹੈਰਾਨ ਸਾਂ, ਮਾਂ ਦੀ ਗੱਲ ਮੇਰੀ ਜਵਾਂ ਸਮਝ ਨਹੀਂ ਆਈ। ਉਮਰ ਹੀ ਛੋਟੀ ਸੀ, ਸਿਰਫ 9 ਸਾਲ। ਗੱਲ 8 ਅਪ੍ਰੈਲ 1990 ਦੀ ਹੈ। ਇਸ ਦਿਨ ਵਾਪਰੀ ਘਟਨਾਂ ਤੇ ਮਾਂ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਲੱਗਣ ਲੱਗੀ ਹੈ, ਜਦੋਂ ਮੈਂ ਇਸ ਦਿਨ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਨੂੰ ਇਹ ਦਿਨ ਚੇਤੇ ਕਰ-ਕਰ ਭੁੱਬਾਂ ਮਾਰਦੇ ਤੱਕਿਆ। ਇਸ ਦਿਨ ਇਕ ਲੋਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ, ਜਿਸਦਾ ਨਾਮ ਅੱਜ ਵੀ ਕਿਸੇ ਨੂੰ ਨਹੀਂ ਭੁੱਲਾ, ‘ਭਾਈ ਜੁਗਰਾਜ ਸਿੰਘ ਤੂਫਾਨ’। ‘ਜੀਹਦੇ ਨਾਮ ਤੋਂ ਸੁਣਕੇ ਦਿਲੀ ਥਰ ਥਰ ਕੰਬਦੀ ਸੀ, ਕਈ ਬੁੱਚੜਾਂ ਦਾ ਜੀਹਨੇ ਕੀਤਾ ਮਾਰ ਸਫਾਇਆ।

ਭਾਈ ਜੁਗਰਾਜ ਸਿੰਘ ਸੀ ਪਾਂਧੀ ਪ੍ਰੀਤ ਦੇ ਪੈਡੇ ਦਾ, ਜਿਸਨੇ ਦੇਸ਼ ਧਰਮ ਲਈ ਸੱਚਾ ਇਸ਼ਕ ਕਮਾਇਆ।’ ਕਿਸੇ ਨੇ ਉਸ ਨੂੰ ‘ਅਮਨ ਦਾ ਦੇਵਤਾ’ ਕਿਹਾ, ਕਿਸੇ ਨੇ ‘ਮਜ਼ਲੂਮਾਂ ਦਾ ਰਾਖਾ’ ਤੇ ਕਿਸੇ ਨੇ ‘ਜ਼ਾਲਮਾਂ ਨੂੰ ਵੰਗਾਰ’ ਤੇ ਕਿਸੇ ਨੇ ਉੱਚੀ ਆਵਾਜ ਵਿਚ ਖਾੜਕੂਆਂ ਨੂੰ ਸੁਨੇਹਾਂ ਦਿੱਤਾ ‘ਯੋਧਿਓ ਤੂਫਾਨ ਬਣੋ’।ਸਚਮੱਚ ਭਾਈ ਸਾਹਿਬ ਦਾ ਜੀਵਨ ਐਸਾ ਸੀ ਕਿ ਆਪਣਿਆਂ ਦੇ ਨਾਲ-ਨਾਲ ਅੱਜ ਤੱਕ ਗ਼ੈਰਾਂ ਦੀ ਮਹਿਫਿਲ ਵਿਚ ਵੀ ਉਹਨਾਂ ਦੇ ਚਰਚੇ ਨੇ। ਭਾਈ ਸਾਹਿਬ ਦੁਆਰਾ ਚਲਾਈਆਂ ਗਈਆਂ ਗੋਲੀਆਂ ਵਿਚੋਂ ਇਕ ਨੇ ਵੀ ਕਿਸੇ ਨਿਰਦੋਸ਼ ਦੀ ਜਾਨ ਨਹੀਂ ਲਈ।

ਬਟਾਲੇ ਤੋਂ ਕਰੀਬ 20 ਕਿ: ਮੀ: ਦੂਰ ਪਿੰਡ ਚੀਮਾਂ ਖੁੱਡੀ (ਨੇੜੇ ਸ਼੍ਰੀ ਹਰਿਗੋਬਿੰਦਪੁਰ) ਵਿਖੇ ਇਕ ਸਧਾਰਨ ਕਿਸਾਨ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਸੰਨ 1971 ਈ. ਨੂੰ ਇਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਜੁਗਰਾਜ ਸਿੰਘ ਰੱਖਿਆ ਗਿਆ। ਪਿੰਡ ਵਿਚ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਦੂਕਚੀਆਂ ਦਾ ਟੱਬਰ ਕਰਕੇ ਜਾਣਿਆਂ ਜਾਂਦਾ ਸੀ, ਕਿਉਂਕਿ ਸ. ਮਹਿੰਦਰ ਸਿੰਘ ਦੇ ਦਾਦਾ ਸ. ਭਾਨ ਸਿੰਘ ਬੜੇ ਪ੍ਰਸਿੱਧ ਨਿਸ਼ਾਨੇ ਬਾਜ ਸਨ। ਬੜੀ ਡੂੰਘੀ ਸੋਚ ਦਾ ਮਾਲਕ, ਪੰਜਾਂ ਭੈਣਾ ਦਾ ਇਕੱਲਾ ਭਰਾ ਜੁਗਰਾਜ ਸਿੰਘ ਬਚਪਨ ਤੋਂ ਹੀ ਬੜਾ ਚੁੱਪ-ਚਾਪ ਰਹਿੰਦਾ ਸੀ। ਮੁੱਢਲੀ ਸਿੱਖਿਆ ਸ਼੍ਰੀ ਹਰਿਗੋਬਿੰਦਪੁਰ ਦੇ ਭੂਸ਼ਨ ਮਾਡਲ ਸਕੂਲ ਤੋਂ ਅਤੇ ਦਸਵੀਂ ਭਗਤੂਪੁਰ ਤੋਂ ਕੀਤੀ।

ਘੱਲੂਘਾਰਾ 1984 ਵੇਲੇ ਜੁਗਰਾਜ ਸਿੰਘ ਦੀ ਉਮਰ 14 ਕੁ ਸਾਲ ਸੀ। ਇਸ ਸਾਰੇ ਘਟਨਾਕ੍ਰਮ ਦਾ ਉਸ ਦੇ ਮਨ ‘ਤੇ ਬਹੁਤ ਗਹਿਰਾ ਅਸਰ ਹੋਇਆ। ਉਸ ਨੇ ਮਾਪਿਆਂ ਅੱਗੇ ਅੰਮ੍ਰਿਤ ਛਕਣ ਦੀ ਇੱਛਾ ਜਾਹਰ ਕੀਤੀ ਪਰ ਪਿਤਾ ਜੀ ਨੇ ਕਿਹਾ ਕਿ ਅਜੇ ਉਮਰ ਛੋਟੀ ਹੈ। 1986 ਵਿਚ ਭਾਈ ਜੁਗਰਾਜ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਇਸੇ ਸਾਲ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ ਵਿਚ ਲਿਜਾਇਆ ਗਿਆ, ਪਰ ਉਮਰ ਛੋਟੀ ਹੋਣ ਕਰਕੇ ਉਹਨਾਂ ਨੂੰ ਕੁਝ ਦੇਰ ਪਿੱਛੋਂ ਹੁਸ਼ਿਆਰਪੁਰ ਬੱਚਿਆਂ ਦੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੋਂ ਅਪ੍ਰੈਲ 1987 ਵਿਚ ਉਹ ਆਪਣੇ ਛੇ ਸਾਥੀਆਂ ਸਮੇਤ ਫਰਾਰ ਹੋ ਗਏ ‘ਤੇ ਸੰਘਰਸ਼ ਵਿਚ ਕੁੱਦ ਪਏ। ਬਾਪੂ ਮਹਿੰਦਰ ਸਿੰਘ ਨੇ ਆਪ ਨੂੰ ਵਰਜਿਆ ਕਿ ਤੂੰ ਪੰਜਾਂ ਭੈਣਾ ਦਾ ਇੱਕੋ ਭਰਾ ਹੈਂ ਤੇ ਸਾਡਾ ਇਕਲੌਤਾ ਸਹਾਰਾ ਹੈਂ। ਆਪਣੇ ਬਾਰੇ ਨਹੀਂ ਤਾਂ ਸਾਡੇ ਸਾਰਿਆਂ ਬਾਰੇ ਹੀ ਕੁਝ ਸੋਚ। ਪਰ ਭਾਈ ਸਾਹਿਬ ਨੇ ਉੱਤਰ ਦਿੱਤਾ, ‘ ਭੈਣਾ ਦੀ ਰਾਖੀ ਵੀ ਆਪ ਗੁਰੂ ਕਰੇਗਾ। ਮੈਂ ਉਨ੍ਹਾਂ ਹਜ਼ਾਰਾਂ ਅਬਲਾਵਾਂ ਦੀ ਬੇਪੱਤੀ ਨਹੀਂ ਸਹਾਰ ਸਕਦਾ ਜੋ ਦਿੱਲੀ, ਕਾਨਪੁਰ, ਬੋਕਾਰੋ ਤੇ ਹੋਰ ਥਾਵਾਂ ‘ਤੇ ਹੋਈ ਹੈ ਕੀ ਉਹ ਮੇਰੀਆਂ ਭੈਣਾ ਨਹੀਂ ਸਨ? ਮੈਂ ਜ਼ਾਲਮਾਂ ਨੂੰ ਸਬਕ ਸਿਖਾਉਣਾ ਹੈ, ਵੀਰਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਹੈ, ਕੌਮ ਨੂੰ ਉਸ ਦੀ ਖੁੱਸੀ ਸ਼ਾਨ ਵਾਪਸ ਦਿਵਾਉਣੀ ਹੈ, ਪੰਜਾਬ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਮੁੜ ਤੋਂ ਉਸ ਦੇ ਸਿਰ ‘ਤੇ ਸਜਾਉਣਾ ਹੈ ਨਹੀਂ ਤਾਂ ਦੁਨੀਆਂ ਤਾਅਨੇ ਮਾਰੇਗੀ ਕਿ ਅਣਖੀਲੇ ਪੰਜਾਬ ਦੇ ਪੁੱਤਰਾਂ ਦੀਆਂ ਰਗਾਂ ਵਿਚ ਹੁਣ ਕਲਗੀਂਧਰ ਦਾ ਖ਼ੂਨ ਨਹੀਂ ਰਿਹਾ। ਹੁਣ ਮੈਂ ਜਾਂ ਤਾਂ ਸ਼ਹੀਦ ਹੋਵਾਂਗਾ ਤੇ ਜਾਂ ਸਭਰਾਵਾਂ ਦੇ ਮੈਦਾਨ ਵਿਚ ਸ. ਸ਼ਾਮ ਸਿੰਘ ਅਟਾਰੀ ਦੇ ਹੱਥੋਂ ਡਿੱਗੇ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ ‘ਤੇ ਝੁਲਾ ਕੇ ਹੀ ਵਾਪਸ ਪਰਤਾਂਗਾ ‘।

ਭਾਈ ਸਾਹਿਬ ਰੂਪੋਸ਼ ਹੋ ਗਏ। ਕਈ ਵੱਡੇ ਕਾਰਨਾਮੇ ਕੀਤੇ ਤੇ ਦੁਸ਼ਟਾਂ ਨੂੰ ਸੋਧੇ ਲਾਏ। ਕੁਝ ਸਮੇਂ ਵਿਚ ਆਪ ਜੀ ਨੂੰ ‘ਖਾਲਿਸਤਾਨ ਲਿਬਰੇਸ਼ਨ ਫੋਰਸ’ ਦਾ ਲੈਫਟੀਨੈਂਟ ਜਨਰਲ ਨਿਯੁਕਤ ਕੀਤਾ ਗਿਆ, ਆਪ ਜੀ ਨੇ ਇਹ ਸੇਵਾ ਖਿੜੇ ਮੱਥੇ ਪ੍ਰਵਾਨ ਕੀਤੀ। ਇਹਨਾਂ ਦਿਨਾਂ ਵਿਚ ਭਾਈ ਸਾਹਿਬ ਦੀ ਬੁੱਚੜ ਗੋਬਿੰਦ ਰਾਮ ਨਾਲ ਅੜਫਸ ਚੱਲ ਰਹੀ ਸੀ। ਗੋਬਿੰਦ ਰਾਮ ਨੇ ਭਾਈ ਸਾਹਿਬ ਦੀਆਂ ਭੈਣਾ ਸਮੇਤ ਹੋਰ ਬਹੁਤ ਸਿਖ ਬੀਬੀਆਂ ਦੀ ਬੇਇੱਜ਼ਤੀ ਕੀਤੀ। ਉਸ ਨੇ ਸਿਖ ਬੀਬੀਆਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ। ਗਬਿੰਦ ਰਾਮ, ਜਿਹੜਾ ਕਹਿੰਦਾ ਸੀ, ‘ ਮੈਂ ਸਿੱਖਾਂ ‘ਤੇ ਐਸਾ ਜ਼ੁਲਮ ਕਰਾਂਗਾ ਕਿ ਉਹ (ਗੂਰੂ) ਗੋਬਿੰਦ ਸਿੰਘ ਨੂੰ ਭੁੱਲ ਜਾਣਗੇ’। ਏਸ ਜ਼ਾਲਮ ਨੇ ਐਲਾਨ ਕੀਤਾ ਸੀ ਕਿ ਅੱਵਲ ਤਾਂ ਮੈ (ਭਾਈ) ਜੁਗਰਾਜ ਸਿੰਘ ਨੂੰ ਛੱਡਦਾ ਨਹੀਂ ਤੇ ਜੇ ਕਿਤੇ ਉਹ ਬਚ ਵੀ ਗਿਆ ਤਾਂ ਉਸ ਨੂੰ ਬਟਾਲੇ ਵਿਚ ਨਹੀਂ ਰਹਿਣ ਦਿੰਦਾ। ਅੱਗੋਂ ਭਾਈ ਸਾਹਿਬ ਦਾ ਜਵਾਬ ਸੀ ਕਿ ਮੈਂ ਆਪਣੇ ਲੋਕਾਂ ਦੇ ਜੰਗਲ ਵਿਚ ਹੀ ਰਹਿਣਾ ਹੈ, ਤੇ ਲੋਕਾਂ ਦਾ ਇਹ ਜੰਗਲ ਹੀ ਗੁਰੀਲਿਆਂ ਦੀ ਅਸਲ ਸੁਰੱਖਿਆ ਛਤਰੀ ਹੁੰਦਾ ਹੈ ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ੍ਹ ਲਵੇ। ..’ਤੇ ਫਿਰ ਇੱਕ ਦਿਨ ਲੋਕਾਂ ਨੇ ਜ਼ਾਲਮ ਗੋਬਿੰਦ ਰਾਮ ਦੀ ਲਾਸ਼ ਦੇ ਟੁਕੜੇ ਹਵਾ ਵਿਚ ਉੱਡਦੇ ਵੇਖੇ। ਜਿਸ ਨੂੰ ਭਾਈ ਜੁਗਰਾਜ ਸਿੰਘ ਨੇ ਕੀਤੇ ਦੀ ਸਜਾ ਦਿੱਤੀ। ਸਾਰੇ ਪੰਜਾਬ ਵਿਚੋਂ ਇੱਕੋ ਵਾਰ ਆਵਾਜ਼ ਆਈ ‘ਜਿਉਂਦਾ ਰਹਿ ਜੁਗਰਾਜ ਸਿਆਂ’।

ਭਾਈ ਜੁਗਰਾਜ ਸਿੰਘ ਦਾ ਨਾਮ ਏਸ ਲਈ ਵੀ ਹਮੇਸ਼ਾਂ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ ਕਿਉਂਕਿ ਉਸ ਨੇ ਆਪਣੇ ਇਲਾਕੇ ਦੇ ਸਾਰੇ ਹਿੰਦੂ ਪਰਿਵਾਰਾਂ ਦਾ ਹਮੇਸ਼ਾਂ ਖਿਆਲ ਰੱਖਿਆ। ਕਈ ਉੱਜੜ ਚੁੱਕੇ ਹਿੰਦੂ ਪਰਿਵਾਰਾਂ ਨੂੰ ਮੁੜ ਵਸਾਇਆ। ਹਿੰਦੂ ਤਾਂ ਸਾਫ ਕਹਿੰਦੇ ਸਨ ਕਿ ਉਹ ਸਾਡਾ ਰਖਵਾਲਾ ਹੈ। ਹਰ ਕਿਸੇ ਦੇ ਦਿਲ ਵਿਚ ਵਸਣ ਵਾਲੇ ਲੋਕ ਨਾਇਕ ਭਾਈ ਜੁਗਰਾਜ ਸਿੰਘ ਦੇ ਪੁਲਿਸ ਨਾਲ ਕਈ ਮੁਕਾਬਲੇ ਹੋਏ, ਪਰ ਹਰ ਵਾਰ ਪੁਲਸੀਆਂ ਨੂੰ ਹਾਰ ਝੱਲਣੀ ਪਈ। 7 ਅਪ੍ਰੈਲ 1990 ਨੂੰ ਆਥਣ ਵੇਲੇ ਭਾਈ ਸਾਹਿਬ ਦਾ ਸਮਸਾ ਪਿੰਡ ਵਿਖੇ ਸੁਰੱਖਿਆਂ ਬਲਾਂ ਨਾਲ ਮੁਕਾਬਲਾ ਹੋਇਆ ਜਿੱਥੋਂ ਬਚ ਕੇ ਉਹ ਆਪਣੇ ਸਾਥੀਆਂ ਸਮੇਤ ਤੜਕੇ 3:30 ਵਜੇ ਮਾੜੀ ਬੁੱਚੀਆਂ ਇਕ ਠਾਹਰ ‘ਤੇ ਪਹੁੰਚ ਗਏ। ਭਾਈ ਸਾਹਿਬ ਏਸ ਵੇਲੇ ਕਾਫੀ ਬੀਮਾਰ ਸਨ। ਕੁਝ ਸਿੰਘਾਂ ਅਨੁਸਾਰ ਤਾਂ ਉਹਨਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਪੀਲੀਆ ਹੋਇਆ ਸੀ। ਨਾਲ ਦੇ ਸਿੰਘ ਪ੍ਰਸ਼ਾਦਾ ਛਕ ਕੇ ਸੌਂ ਗਏ ਪਰ ਭਾਈ ਸਾਹਿਬ ਨੇ ਕੁਝ ਨਹੀਂ ਖਾਧਾ। ਭਾਈ ਸਾਹਿਬ ਹੋਰਾਂ ਦੇ ਮਾੜੀ ਬੁੱਚੀਆਂ ਵਿਖੇ ਹੋਣ ਦੀ ਖ਼ਬਰ ਮੁਖ਼ਬਰ ਨੇ ਪੁਲਿਸ ਨੂੰ ਕਰ ਦਿੱਤੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਿਸੇ ਨੇੜਲੇ ਸਾਥੀ ਵੱਲੋਂ ਗ਼ਦਾਰੀ ਕੀਤੀ ਗਈ, ਜਿਸ ਨੇ ਭਾਈ ਸਾਹਿਬ ਦੀ ਏ.ਕੇ.94 ਰਾਈਫਲ ਦਾ ਪਿੰਨ ਵੀ ਕੱਢ ਲਿਆ ਸੀ। ਭਾਈ ਸਾਹਿਬ ਦੇ ਸਾਥੀ ਭਾਈ ਬਖਸ਼ੀਸ ਸਿੰਘ ਦੀ ਭਰਜਾਈ ਬੀਬੀ ਗੁਰਮੀਤ ਕੌਰ ਅਨੁਸਾਰ ਭਾਈ ਜੁਗਰਾਜ ਸਿੰਘ ਹੋਰਾਂ ਨਾਲ ਇਕ ਸਰਕਾਰੀ ਕੈਟ ਰਲ ਗਿਆ ਸੀ ਜਿਹੜਾ ਸ਼ੇਰ ਦੇ ਸ਼ਿਕਾਰ ਲਈ ਮੌਕੇ ਦੀ ਭਾਲ ਵਿਚ ਸੀ ਤੇ ਮੌਕਾ ਅੱਜ ਆ ਗਿਆ ਸੀ ਕਿਉਂਕਿ ਸ਼ੇਰ ਅੱਜ ਜਖ਼ਮੀ(ਬਿਮਾਰ) ਸੀ ਤੇ ਉੱਤੋਂ ਹਥਿਆਰ ਵੀ ਨਕਾਰਾ ਕਰ ਦਿੱਤੇ ਗਏ।

ਪੁਲਿਸ ਨੇ ਸਵੇਰੇ 6 ਵਜੇ ਠਾਹਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਭਾਈ ਜੁਗਰਾਜ ਸਿੰਘ ‘ਸੂਰਾ ਸੋ ਪਹਿਚਾਨੀਐ’ ਸ਼ਬਦ ਅਕਸਰ ਗਾਉਂਦਾ ਰਹਿੰਦਾ ਸੀ ਤੇ ਅੱਜ ਸਚਮੁੱਚ ਪੁਰਜ਼ਾ-ਪੁਰਜ਼ਾ ਕਟਵਾ ਕੇ ‘ਦੀਨ ਕੇ ਹੇਤ’ ਲੜਨ ਦਾ ਵੇਲਾ ਆ ਗਿਆ ਸੀ। ਭਾਈ ਸਾਹਿਬ ਨੇ ਸਾਥੀ ਸਿੰਘਾਂ ਨੂੰ ਜਗਾਇਆ ਤੇ ਮੁਕਾਬਲੇ ਲਈ ਤਿਆਰ ਹੋ ਜਾਣ ਲਈ ਕਿਹਾ। ਸਾਰੇ ਜਣੇ ਬਾਹਰ ਆ ਗਏ। ਭਾਈ ਸਾਹਿਬ ਨੇ ਪੁਲਿਸ ਨੂੰ ਫੋਕਲ ਪੁਆਇੰਟ ਵਿਖੇ ਮੁਕਾਬਲੇ ਲਈ ਵੰਗਾਰਿਆ ਕਿਉਂਕਿ ਏਥੇ ਮੁਕਾਬਲੇ ਵਿਚ ਪਿੰਡ ਵਾਲਿਆਂ ਦਾ ਜਿਆਦਾ ਨੁਕਸਾਨ ਹੋ ਜਾਣਾ ਸੀ। ਭਾਈ ਸਾਹਿਬ ਸਾਥੀਆਂ ਸਮੇਤ ਘਰੋਂ ਨਿਕਲ ਕੇ ਕਮਾਦ ਵਿਚ ਚਲੇ ਗਏ। ਜਦੋਂ ਏ.ਕੇ. 94 ਚਲਾਈ ਗਈ ਤਾਂ ਗੋਲੀ ਚੈਬਰ ਵਿਚ ਫਸ ਗਈ, ਹੁਣ ਇਹ ਰਾਈਫਲ ਪਿੰਨ ਤੋਂ ਬਿਨਾ ਨਕਾਰਾ ਹੋ ਚੁੱਕੀ ਸੀ। ਭਾਈ ਬਖਸ਼ੀਸ ਸਿੰਘ ਨੇ ਭਾਈ ਜੁਗਰਾਜ ਸਿੰਘ ਨੂੰ ਏ.ਕੇ.47 ਫੜਾ ਦਿੱਤੀ। ਇਸੇ ਵੇਲੇ ਖੇਤਾਂ ਵਿਚ ਲੁਕੇ ਹੋਏ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਜੋ ਭਾਈ ਜੁਗਰਾਜ ਸਿੰਘ ਦੀ ਖੱਬੀ ਲੱਤ ਵਿਚ ਵੱਜੀ। ਤੁਰਦੇ ਤੁਰਦੇ ਉਹ ਸੜਕ ਉੱਤੇ ਪੁੱਜ ਗਏ। ਇੱਥੋਂ ਕਿਸੇ ਤੋਂ ਟਰੈਕਟਰ ਲਿਆ। ਸਾਰੇ ਸਿੰਘ ਟਰੈਕਟਰ ਤੋਂ ਗੋਲੀਆਂ ਚਲਾਉਂਦੇ ਰਹੇ। ਇੱਥੇ ਇਕ ਬਰਸਟ ਭਾਈ ਜੁਗਰਾਜ ਸਿੰਘ ਨੂੰ ਲੱਗਾ ਤੇ ਉਹ ਟਰੈਕਟਰ ਦੇ ਸਟੇਰਿੰਗ ਉੱਤੇ ਹੀ ਡਿੱਗ ਪਏ। ਪੰਜਾਬ ਨੇ ਇਕ ਵਾਰ ਫਿਰ ਧਾਹ ਮਾਰੀ। ਇਕ ਹੋਰ ਸੂਰਮਾਂ ਉਸ ਦੀ ਅਜ਼ਮਤ ਦੀ ਰਾਖੀ ਲਈ ਆਪਾ ਕੁਰਬਾਨ ਕਰ ਗਿਆ ਸੀ। ਮਾਂ ਧਰਤੀ ਸ਼ਹੀਦ ਦੇ ਡੁੱਲ ਰਹੇ ਖ਼ੂਨ ਨੂੰ ਆਪਣੀ ਬੁੱਕਲ ਵਿਚ ਸਾਂਭ ਰਹੀ ਸੀ। 8 ਅਪ੍ਰੈਲ 1990 ਨੂੰ ਕਰੀਬ 20 ਸਾਲ ਦੀ ਉਮਰ ਵਿਚ ਸਵੇਰੇ 10 ਵਜੇ ਦੇ ਕਰੀਬ ਭਾਈ ਜੁਗਰਾਜ ਸਿੰਘ ਤੂਫਾਨ ਆਪਣੇ ਇਕ ਸਾਥੀ ਭਾਈ ਬਖਸ਼ੀਸ ਸਿੰਘ ਸਮੇਤ ਜਾਮੇ ਸ਼ਹਾਦਤ ਪੀ ਗਏ। ਪੁਲਸ ਵਾਲੇ 2 ਵਜੇ ਤੱਕ ਯੋਧਿਆਂ ਦੀਆਂ ਲਾਸ਼ਾਂ ਦੇ ਕਰੀਬ ਨਾ ਗਏ। ਭਾਈ ਸਾਹਿਬ ਦੀ ਸ਼ਹਾਦਤ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜੋ ਵੀ ਸੁਣਦਾ ਸੁੰਨ ਹੋ ਜਾਂਦਾ।

ਭਾਈ ਸਾਹਿਬ ਦਾ ਲੋਕਾਂ ਨਾਲ ਏਨਾ ਸਨੇਹ ਸੀ ਕਿ ਉਹਨਾਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਨੇੜੇ ਦੇ 40-50 ਕਿ:ਮੀ: ਤੱਕ ਦਾ ਏਰੀਆ ਪੂਰੀ ਤਰ੍ਹਾਂ ਬੰਦ ਹੋ ਗਿਆ, ਕਰੀਬ 10 ਦਿਨ ਤੱਕ ਕੋਈ ਦੁਕਾਨ ਨਹੀਂ ਖੁੱਲੀ ਤੇ ਕੋਈ ਬੱਸ ਨਹੀਂ ਚੱਲੀ। ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਲੈਣ ਲਈ ਥਾਣਾ ਸ਼੍ਰੀ ਹਰਗੋਬਿੰਦਪੁਰ ਦਾ ਘੇਰਾਓ ਕੀਤਾ ਗਿਆ। ਸਵੇਰੇ 11 ਵਜੇ ਤੋਂ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਰਾਤ ਨੌਂ ਵਜੇ ਤੱਕ ਲੋਕਾਂ ਦਾ ਜਿਵੇਂ ਹੜ੍ਹ ਆ ਗਿਆ। 30000 ਲੋਕਾਂ ਦੀ ਭੀੜ ਅੱਗੇ ਪੁਲਿਸ ਦੀ ਇਕ ਨਹੀਂ ਚੱਲੀ ਤੇ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਪਣੀਆਂ ਪਈਆਂ। (ਇਹ ਵੀ ਸੁਣਿਆ ਹੈ ਕਿ ਭਾਈ ਸਾਹਿਬ ਤੇ ਉਹਨਾਂ ਦੇ ਸਾਥੀ ਦੀਆਂ ਦੇਹਾਂ ਪੁਲਸ ਨੇ ਸ਼੍ਰੀ ਅੰਮ੍ਰਿਤਸਰ ਦੇ ਕਿਸੇ ਸ਼ਮਸ਼ਾਨ ਘਾਟ ਵਿਚ ਸਸਕਾਰ ਲਈ ਭੇਜ ਦਿੱਤੀਆਂ ਸਨ, ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਣਾ ਫੈਸਲਾ ਬਦਲਣਾ ਪਿਆ।) 17 ਅਪ੍ਰੈਲ ਨੂੰ ਸਿੰਘਾਂ ਦਾ ਭੋਗ ਪਾਇਆ ਗਿਆ। 6 ਕਿੱਲਿਆਂ ਵਿਚ ਪੰਡਾਲ ਲਗਾਇਆ ਗਿਆ। 4 ਲੱਖ ਦੇ ਕਰੀਬ ਲੋਕ ਆਪਣੇ ਚਹੇਤੇ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ। ਏਡੇ ਵੱਡੇ ਇਕੱਠ ਨੇ ਇਕ ਵਾਰ ਤਾਂ ਦਿੱਲੀ ਵਾਲਿਆਂ ਨੂੰ ਕੰਬਣੀ ਛੇੜ ਦਿੱਤੀ। ਉਹਨਾਂ ਨੂੰ ਹੁਣ ਇਹ ਲਹਿਰ ਲੋਕ ਲਹਿਰ ਬਣਦੀ ਦਿਸ ਰਹੀ ਸੀ। ਹਰ ਧਰਮ ਦੇ ਲੋਕ ਭਾਈ ਜੁਗਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਵੱਡੀ ਗਿਣਤੀ ਵਿਚ ਹਿੰਦੂ ਇਸ ਸਮਾਗਮ ਵਿਚ ਸ਼ਾਮਿਲ ਹੋਏ। ਦਰਸ਼ਨ ਲਾਲ ਚੋਪੜਾ ਮੀਤ ਪ੍ਰਧਾਨ ਨਗਰ ਪਾਲਿਕਾ ਸ਼੍ਰੀ ਹਰਿਗੋਬਿੰਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ ਇਹ ਰੋਹ ਭਰਿਆ ਸਮਾਗਮ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਾਹਿਰ ਕਰਦਾ ਹੈ। ਭਾਈ ਜੁਗਰਾਜ ਸਿੰਘ ਇਕ ਜੁਝਾਰੂ ਸੀ, ਉਹਦਾ ਸਰਕਾਰ ਨਾਲ ਟਕਰਾਅ ਸੀ ਪਰ ਜਨਤਾ ਨੂੰ ਉਸ ਦਾ ਸੁਖ ਸੀ। ਉਸ ਦੇ ਜਿਉਂਦੇ ਜੀ ਲੁਟੇਰਿਆਂ ਨੇ ਸਿਰ ਨਹੀਂ ਸੀ ਚੁੱਕਿਆ। ਸਿਰਫ ਸਿਖ ਹੀ ਸੁਖ ਦੀ ਨੀਂਦ ਨਹੀਂ ਸਨ ਸੌਂਦੇ ਸਗੋਂ ਹਿੰਦੂਆਂ ਨੂੰ ਵੀ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ। ਭਾਈ ਜੁਗਰਾਜ ਸਿੰਘ ਨੇ ਹਿੰਦੂਆਂ ਨੂੰ ਉਜੜਨ ਨਹੀਂ ਦਿੱਤਾ ਸਗੋਂ ਜਿਹੜੇ ਉੱਜੜ ਕੇ ਚਲੇ ਗਏ ਸਨ ਉਹਨਾਂ ਨੂੰ ਵੀ ਵਾਪਸ ਲਿਆਂਦਾ ਅਤੇ ਕਿਹਾ ਕਿ ਸਾਡੀ ਲੜਾਈ ਕਿਸੇ ਫਿਰਕੇ ਨਾਲ ਨਹੀਂ, ਸਾਡੀ ਲੜਾਈ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ। ਜ਼ਾਲਮ ਭਾਵੇਂ ਹਿੰਦੂ ਹੋਵੇ ਸਿੱਖ ਜਾਂ ਕੋਈ ਸਰਕਾਰ’।

ਭਾਈ ਜੁਗਰਾਜ ਸਿੰਘ ਐਸਾ ਨਿਰਸੁਆਰਥ ਯੋਧਾ ਸੀ ਜਿਸ ਨੇ ਕਦੇ ਆਪਣੇ ਬਾਰੇ ਜਾਂ ਆਪਣੇ (ਨਿੱਜੀ) ਘਰ ਬਾਰੇ ਕਦੇ ਨਹੀਂ ਸੋਚਿਆ। ਭਾਈ ਸਾਹਿਬ ਦੀ ਸ਼ਹੀਦ ਹੋਣ ਵੇਲੇ ਤੱਕ ਉਹਨਾਂ ਦਾ ਘਰ ਕੱਚਾ ਸੀ, ਦੁਆਲੇ ਚਾਰਦੀਵਾਰੀ ਨਹੀਂ ਸੀ ਅਤੇ ਘਰੇ ਬਿਜਲੀ ਵੀ ਨਹੀਂ ਸੀ ਚਾਨਣ ਲਈ ਦੀਵੇ ਦਾ ਸਹਾਰਾ ਹੀ ਲਿਆ ਜਾਂਦਾ ਸੀ। ਪਰ ਏਸ ਘਰ ਨੇ ਐਸੇ ਚਿਰਾਗ ਨੂੰ ਜਨਮ ਦਿੱਤਾ ਜਿਸ ਨੇ ਸੂਰਜ ਬਣ ਕੇ ਚਾਨਣ ਦੇ ਕਾਤਲਾਂ ਨਾਲ ਮੱਥਾ ਲਾਇਆ। ਭਾਈ ਸਾਹਿਬ ਦੀ ਸ਼ਹੀਦੀ ‘ਤੇ ਹੋਏ ਇਕੱਠ ਨੇ ਹਾਕਮਾਂ ਦੀ ਸੁਰਤ ਭੁਲਾ ਦਿੱਤੀ। ਇਸ ਤੋਂ ਪਿੱਛੋਂ ਸਰਕਾਰ ਨੇ ਸਖਤੀ ਕਰ ਦਿੱਤੀ ਤੇ ਪੁਲਿਸ ਨੂੰ ਹੁਕਮ ਦਿੱਤੇ ਕਿ ਕਿਸੇ ਖਾੜਕੂ ਦੇ ਭੋਗ ‘ਤੇ ਇਕੱਠ ਨਾ ਹੋਣ ਦਿੱਤਾ ਜਾਵੇ। ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਇਸ ਤੋਂ ਪਿੱਛੋਂ ਭਾਈ ਰਛਪਾਲ ਸਿੰਘ ਛੰਦੜਾਂ ਤੇ ਕਈ ਹੋਰ ਜੁਝਾਰੂਆਂ ਦੇ ਭੋਗਾਂ ‘ਤੇ ਲੋਕਾਂ ਉੱਤੇ ਵਰ੍ਹਾਈਆਂ ਗਈਆਂ ਡਾਂਗਾ ਇਸੇ ਦਾ ਹਿੱਸਾ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,