January 21, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (16 ਜਨਵਰੀ, 2010) : ਫਰੀਦਕੋਟ ਦੇ ਪਿੰਡ ਸਾਧਾਂਵਾਲਾ ਵਿੱਚ ਸੌਦਾ ਸਾਧ ਦੇ ਚੇਲਿਆਂ ਵਲੋਂ ਸਾਂਤਮਈ ਸਿੱਖਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਘਟਨਾ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਸਾਧਾਂਵਾਲਾ ਦੀ ਪੰਚਾਇਤ ਨੇ ਕਈ ਦਿਨ ਪਹਿਲਾਂ ਤੋਂ ਹੀ ਐਸ.ਐਸ.ਪੀ. ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਸੀ ਕਿ ਸੌਦਾ ਸਾਧ ਦੇ ਚੇਲਿਆਂ ਨੂੰ ਪਿੰਡ ਵਿੱਚ ਇਹ ਸਮਾਗਮ ਕਰਨ ਦੀ ਇਜ਼ਾਜਤ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਪਿੰਡ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਇਸ ਚੇਤਾਵਨੀ ਦੇ ਬਾਵਯੂਦ ਵੀ ਪ੍ਰਸ਼ਾਸਨ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਇਹ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਜਿਸ ਕਾਰਨ ਅੱਜ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅੱਜ ਜਦੋਂ ਪਿੰਡ ਦੀ ਪੰਚਾਇਤ ਅਤੇ ਸਿੱਖ ਜਥੇਬੰਦੀਆਂ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਸਮਾਗਮ ਨਾ ਕਰਨ ਲਈ ਕਿਹਾ ਤਾਂ ਹਥਿਆਰਾਂ ਨਾਲ ਲੈ¤ਸ ‘ਪ੍ਰੇਮੀਆਂ’ ਨੇ ਪਿੰਡ ਦੀ ਪੰਚਾਇਤ ਅਤੇ ਸਿੱਖਾਂ ’ਤੇ ਡਾਂਗਾਂ ਅਤੇ ਗੋਲੀਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿਚ ਬਾਬਾ ਦਿਲਬਾਗ ਸਿੰਘ ਸਭਰਾਵਾਂ ਅਤੇ ਏਕਨੂਰ ਖਾਲਸਾ ਫੌਜ ਦੇ ਹਿੰਮਤ ਸਿੰਘ ਸਮੇਤ ਕਈ ਸਿੱਖ ਜ਼ਖਮੀ ਹੋ ਗਏ। ਭਾਈ ਚੀਮਾ ਨੇ ਕਿਹਾ ਕਿ ਸੌਦਾ ਸਾਧ ਦੇ ਚੇਲਿਆਂ ਦੇ ਵਹਿਸ਼ੀਪੁਣੇ ਕਾਰਨ ਹੁਣ ਤੱਕ ਅਨੇਕਾਂ ਸਿੱਖ ਸ਼ਹੀਦ ਹੋ ਚੁੱਕੇ ਹਨ ਤੇ ਸੈਂਕੜੇ ਜ਼ਖਮੀ ਹੋਏ ਹਨ ਇਸਦੇ ਬਾਵਯੂਦ ਵੀ ਪੰਜਾਬ ਦੀ ਬਾਦਲ ਸਰਕਾਰ ਨੇ ਇਸ ਸਮਾਜ ਵਿਰੋਧੀ ਅਨਸਰ ਨੂੰ ਕੋਈ ਵੀ ਕਰਤੂਤ ਕਰਨ ਲਈ ਖੁੱਲ੍ਹਾ ਛੱਡ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ. ਐਸ. ਐਸ. ਨਾਲ ਮਿਲ ਕੇ ਪੰਜਾਬ ਦੀ ਧਰਤੀ ’ਤੇ ਪਾਖੰਡਵਾਦ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਗੱਠਜੋੜ ਤੋਂ ਹੀ ਥਾਪੜਾ ਲੈ ਕੇ ਬਿਹਾਰੀ ਸਾਧ ਆਸੂਤੋਸ਼ ਵੀ ਲੰਮੇ ਸਮੇਂ ਤੋਂ ਸਿੱਖਾਂ ਨਾਲ ਲੜਾਈ ਮੁੱਲ ਲੈ ਰਿਹਾ ਹੈ। ਇਸ ਸਮੇਂ ਭਾਈ ਚੀਮਾ ਨਾਲ ਦਲ ਦੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਪ੍ਰਮਿੰਦਰ ਸਿੰਘ ਕਾਲਾ ਅਤੇ ਹਰਪਾਲ ਸਿੰਘ ਸ਼ਹੀਦਗੜ੍ਹ ਵੀ ਹਾਜ਼ਰ ਸਨ।
Related Topics: Akali Dal Panch Pardhani