ਚੰਡੀਗੜ੍ਹ: ਅਮਰੀਕਾ ਦੀ ਫੌਜ ‘ਡਰੋਨਾਂ’ ਬਾਰੇ ਆਪਣੀ ਪੁਰਾਣੀ ਨੀਤੀ ਦੀ ਥਾਂ ਹੁਣ ਇਕ ਨਵੀਂ ਨੀਤੀ ਲੈ ਕੇ ਆ ਰਹੀ ਹੇ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਗਸੇਥ ਦਾ ਕਹਿਣਾ ਹੈ ਕਿ ਡਰੋਨ ਲੜਾਕੂ ਜਹਾਜ਼ਾਂ ਵਾਙ ਨਵੀਂ ਬਲਕਿ ਗੋਲੀ ਸਿੱਕੇ ਵਾਙ (ਭਾਵ ਕਿ ਬਹੁਤ ਵੱਡੀ ਗਿਣਤੀ ਵਿਚ) ਬਣਾਏ ਜਾਣੇ ਚਾਹੀਦੇ ਹਨ।

ਨਵੇਂ ਅਮਲ ਤਹਿਤ ਡਰੋਨ ਖਰੀਦਣ ਦੀ ਤਾਕਤ ਫੌਜੀ ਕਮਾਂਡਰਾਂ ਦੇ ਹੱਥ ਸੌਂਪੀ ਜਾ ਰਹੀ ਹੈ ਅਤੇ ਬਾਹਰੋਂ ਡਰੋਨ ਮੰਗਵਾਉਣ ਦੀ ਥਾਂ ਅਮਰੀਕਾ ਵਿਚ ਬਣੇ ਡਰੋਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਅਮਰੀਕੀ ਫੌਜ ਦੀ ਹਰ ਟੁਕੜੀ (ਸਕੁਐਡ) ਕੋਲ ਆਪਣਾ ਡਰੋਨਾ ਦਾ ਝੁੰਡ (ਡਰੋਨ ਸਵੈਰਮ) ਹੋਵੇਗਾ।
ਅਗਲੀਆਂ ਜੰਗਾਂ ਨਾ ਸਿਰਫ ਆਧੁਨਿਕ ਲੜਾਜੂ ਜਹਾਜ਼ਾਂ ਨਾਲ ਜਿੱਤੀਆਂ ਜਾਣਗੀਆਂ ਬਲਕਿ ਇਹਨਾ ਵਿਚ ਮੈਦਾਨ-ਏ-ਜੰਗ ਉੱਤੇ ਘੁੰਮਣ ਵਾਲੇ ਘੱਟ ਖਰਚੇ ਵਾਲੇ ਲੱਖਾਂ ਡਰੋਨ ਵੀ ਅਹਿਮ ਤੱਤ ਹੋਣਗੇ।
ਅਖਬਾਰੀ ਖਬਰਾਂ ਅਨੁਸਾਰ ਅਮਰੀਕੀ ਰੱਖਿਆ ਵਿਭਾਗ ਦੀ ਸਾਹਮਣੇ ਆਈ ਚਿੱਠੀ (ਮੀਮੋ) ਵਿਚ ਇਸ ਗੱਲ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ ਕਿ ਹੋਰਨਾਂ ਮੁਲਕਾਂ ਵੱਲੋਂ ਬਹੁਤ ਵੱਡੀ ਪੱਧਰ ਉੱਤੇ ਘੱਟ ਖਰਚੇ ਵਾਲੇ ਡਰੋਨ ਬਣਾਏ ਜਾ ਰਹੇ ਹਨ। ਰੂਸ ਵੱਲੋਂ ਮੌਜੂਦਾ ਸਾਲ ਵਿਚ 40 ਲੱਖ ਡਰੋਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।.
ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਵੱਲੋਂ ਹੁਣ ਨਵੇਂ ਨੇਮਾਂ ਤਹਿਤ ਗੁਰੱਪ-1 ਅਤੇ ਗਰੁੱਪ-2 ਦੇ ਡਰੋਨਾਂ ਨੂੰ ਆਮ ਵਰਤੋਂ ਦੀਆਂ (ਕੰਜ਼ਿਊਮਏਬਲ) ਸ਼ੈਆਂ ਵਜੋਂ ਬਿਆਨਿਆ ਜਾ ਰਿਹਾ ਹੈ। ਜਿੱਥੇ ਪਹਿਲਾਂ ਇਹਨਾ ਡਰੋਨਾਂ ਨੂੰ “ਸਟੈਲਥ ਬੰਬਰਾਂ” ਵਾਙ ਬਹੁਤ ਖਾਸ ਮੰਨ ਕੇ ਉਚੇਚ ਕਰਕੇ ਮੁੜ ਵਰਤਣ ਲਈ ਸਾਂਭਿਆ ਜਾਂਦਾ ਸੀ ਓਥੇ ਨਵੀਂ ਨੀਤੀ ਤਹਿਤ ਇਹ ਕਿਹਾ ਜਾ ਰਿਹਾ ਹੈ ਕਿ ਡਰੋਨਾਂ ਨੂੰ ਹੱਥਗੋਲਿਆਂ ਵਾਙ ਇਕ ਵਾਰ ਚੱਲਣ ਵਾਲੀ ਸ਼ੈਅ ਮੰਨਿਆ ਜਾਵੇ।
ਕਮਾਂਡਰਾਂ- ਜਿਵੇਂ ਕਿ ਕਰਨਲ, ਕੈਪਟਨ ਤੇ ਇਹਨਾ ਅਹੁਦਿਆਂ ਦੇ ਹਮਰੁਤਬਾ ਅਫਸਰਾਂ ਨੂੰ ਡਰੋਨ ਖਰੀਦਣ, ਪਰਖਣ, ਡਰੋਨਾਂ ਵਿਚ ਬਦਲਾਅ ਕਰਨ ਅਤੇ ਡਰੋਨ ਵਰਤਣ ਦੇ ਅਖਤਿਆਰ ਦਿੱਤੇ ਜਾ ਰਹੇ ਹਨ ਅਤੇ ਉਹਨਾ ਨੂੰ ਇਹਨਾ ਕੰਮਾਂ ਲਈ ਉੱਪਰਲੀ ਅਫਸਰਸ਼ਾਹੀ ਦੀ ਮਨਜੂਰੀ ਲੈਣ ਦੀ ਲੋੜ ਨਹੀਂ ਹੋਵੇਗੀ।
ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਇਹਨਾ ਡਰੋਨਾਂ ਨੂੰ ਹਾਸਿਲ ਕਰਨ ਤੇ ਵਰਤੋਂ ਚ ਲਿਆਉਣ ਵਾਲੀ ਪਹਿਲੀ ਕਮਾਂਡ ਹੋਵੇਗੀ ਜਿਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਅਮਰੀਕਾ ਵੱਲੋਂ ਇਸ ਖੇਤਰ ਵਿਚ ਚੀਨ ਦੇ ਮੁਕਾਬਲੇ ਦੀ ਤਿਆਰੀ ਕੀਤੀ ਜਾ ਰਹੀ ਹੈ।