ਕੌਮਾਂਤਰੀ ਖਬਰਾਂ

ਚੀਨੀ ‘ਜਸੂਸੀ’ ਗੁਬਾਰੇ ਦਾ ਮਸਲਾ: ਅਮਰੀਕਾ ਦੇ ਸੈਕਟਰ ਆਫ ਸਟੇਟ ਦਾ ਬੀਜਿੰਗ ਦੌਰਾ ਰੱਦ

February 5, 2023 | By

ਵਾਸ਼ਿੰਗਟਨ: ਅਮਰੀਕਾ ਦੇ ਅਸਮਾਨ ਵਿਚ ਚੀਨ ਦੇ ‘ਜਸੂਸੀ’ ਗੁਬਾਰੇ ਨੇ ਨਾ ਸਿਰਫ ਅਮਰੀਕਾ ਸਮੇਤ ਦੁਨੀਆ ਭਰ ਦੇ ਖਬਰ ਅਦਾਰਿਆਂ ਦੀਆਂ ਸੁਰਖੀਆਂ ਇਕੱਠੀਆ ਕੀਤੀਆਂ ਹਨ ਬਲਕਿ ਇਸ ਕਾਰਨ ਅਮਰੀਕਾ ਦੇ ਸੈਕਟਰੀ ਆਫ ਸੇਟਟ ਦਾ ਚੀਨ ਦੌਰਾ ਵੀ ਰੱਦ ਹੋ ਗਿਆ ਹੈ। ਇਸ ਦੌਰੇ ਦਾ ਮਨੋਰਥ ਚੀਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਤਣਾਅ ਨੂੰ ਘਟਾਉਣ ਬਾਰੇ ਸੀ।

ਬੀਤੇ ਦਿਨਾਂ ਤੋਂ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਅਮਰੀਕਾ ਦੇ ਅਸਮਾਨ ਵਿਚ ਚੀਨ ਦਾ ਇਕ ਵੱਡਾ ਗੁਬਾਰਾ ਉੱਡ ਕੇ ਪਹੁੰਚ ਗਿਆ ਹੈ। ਪੈਂਟਾਗਨ ਵੱਲੋਂ ਇਸ ਨੂੰ ਚੀਨ ਦਾ ਜਸੂਸੀ ਗੁਬਾਰਾ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਇਹ ਮੌਸਮ ਦਾ ਮਿਜਾਜ ਜਾਨਣ ਲਈ ਛੱਡਿਆ ਗਿਆ ਆਮ (ਸਿਵਲ) ਗੁਬਾਰਾ ਹੈ ਜੋ ਕਿ ਹਵਾਵਾਂ ਦੇ ਰੁਖ ਕਾਰਨ ਉੱਡ ਕੇ ਅਮਰੀਕਾ ਦੇ ਅਸਮਾਨ ਵਿਚ ਚਲਾ ਗਿਆ ਹੈ। ਪਰ ਅਮਰੀਕਾ ਦਾ ਕਹਿਣਾ ਹੈ ਕਿ ਇਹ ਯਕੀਨਨ ਜਸੂਸੀ ਗੁਬਾਰਾ ਹੀ ਹੈ।

ਅਮਰੀਕਾ ਦੇ ਰੱਖਿਆ ਮਹਿਕਮੇਂ ਅਨੁਸਾਰ ਅਮਰੀਕਾ ਨੇ ਇਹਨਾ ਗੁਬਾਰਿਆਂ ਦਾ ਪਤਾ ਲੱਗਦਿਆਂ ਹੀ ਸੰਵੇਦਨਸ਼ੀਲ ਚੀਜਾਂ ਗੁਪਤ ਕਰ ਲੱਈਆਂ ਸਨ ਅਤੇ ਇਹਨਾ ਦਾ ਅਮਰੀਕਾ ਦੀ ਸੁਰੱਖਿਆ ਉੱਤੇ ਕੋਈ ਅਸਰ ਨਹੀਂ ਹੈ। ਅਮਰੀਕਾ ਵੱਲੋਂ ਗੁਬਾਰੇ ਫੁੰਡ ਦੇ ਹੇਠਾਂ ਸੁੱਟ ਲੈਣ ਬਾਰੇ ਵੀ ਸੋਚਿਆ ਗਿਆ ਸੀ ਪਰ ਇਸ ਦੇ ਮਲਬੇ ਦੇ ਧਰਤੀ ਉੱਤੇ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਨੁਕਸਾਨ ਕਾਰਨ ਇਸ ਦੇ ਸਮੁੰਦਰ ਉੱਤੇ ਪਹੁੰਚਣ ਦੀ ਉਡੀਕ ਕਰਨ ਦਾ ਫੈਸਲਾ ਕੀਤਾ ਗਿਆ।

ਸੱਤ ਦਿਨਾਂ ਬਾਅਦ ਅਮਰੀਕਾ ਨੇ ਗੁਬਾਰਾ ਸੁੱਟਿਆ:

ਲੰਘੇ ਦਿਨ ਅਮਰੀਕਾ ਨੇ ਚੀਨੀ ‘ਜਸੂਸੀ’ ਗੁਬਾਰੇ ਦੇ ਸਮੁੰਦਰ ਉੱਤੇ ਪਹੁੰਚਣ ਤੋਂ ਬਾਅਦ ਇਹ ਨੂੰ ਮਿਜ਼ਾਇਲ ਮਾਰ ਕੇ ਸੁੱਟ ਲਿਆ। ਅਮਰੀਕਾ ਦੇ ਹਵਾਈ ਜਹਾਜ਼ਾਂ ਤੋਂ ਇਕ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਇਲ ਦਾਗੀ ਗਈ ਜਿਸ ਤੋਂ ਬਾਅਦ ਗੁਬਾਰਾ ਪਾੜ ਗਿਆ ਅਤੇ ਹੇਠਾਂ ਡਿੱਗ ਗਿਆ।

ਅਮਰੀਕਾ ਦਾ ਕਹਿਣਾ ਹੈ ਕਿ ਹੁਣ ਇਸ ਦੇ ਸਮੁੰਦਰ ਤਟ ਰਾਖੇ (ਕੋਸਟਲ ਗਾਰਡਸ) ਇਸ ਗੁਬਾਰੇ ਦਾ ਮਲਬਾ ਇਕੱਠਾ ਕਰਨਗੇ ਜਿਸ ਨਾਲ ਅਮਰੀਕਾ ਦਾ ਪੱਖ ਮਜਬੂਤ ਹੋਵੇਗਾ ਕਿ ਇਹ ਚੀਨ ਦਾ ਜਸੂਸੀ ਗੁਬਾਰਾ ਹੀ ਸੀ। ਅਮਰੀਕਾ ਨੇ ਕਿਹਾ ਕਿ ਚੀਨ ਕੌਮਾਂਤਰੀ ਨੇਮਾਂ ਦੀ ਉਲੰਘਣਾ ਕਰ ਰਿਹਾ ਹੈ।

ਚੀਨ ਦਾ ਪ੍ਰਤੀਕਰਮ:

ਚੀਨ ਨੇ ਅਮਰੀਕਾ ਦੀ ਕਾਰਵਾਈ ਉੱਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੇ ਲੋੜ ਤੋਂ ਵੱਧ ਪ੍ਰਤੀਕਿਰਿਆ ਕੀਤੀ ਹੈ। ਚੀਨ ਦਾ ਕਹਿਣਾ ਹੈ ਕਿ ਉਹਨਾ ਪਹਿਲਾਂ ਹੀ ਕਿਹਾ ਸੀ ਕਿ ਇਹ ਸ਼ਹਿਰੀ (ਸਵਿਲੀਅਨ) ਗੁਬਾਰਾ ਹੈ ਅਤੇ ਹਵਾਵਾਂ ਦੇ ਰੁਖ ਕਾਰਨ ਅਮਰੀਕਾ ਦੇ ਅਸਮਾਨ ਵਿਚ ਚਲਾ ਗਿਆ ਹੈ। ਚੀਨ ਨੇ ਵੀ ਅਮਰੀਕਾ ਉੱਤੇ ਕੌਮਾਂਤਰੀ ਨੇਮਾਂ ਦੀ ਉਲੰਘਣਾ ਦੇ ਦੋਸ ਲਗਾਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।