
ਕਿਸੇ ਵੀ ਵਸਤੂ, ਵਿਚਾਰ, ਸਿਧਾਂਤ ਜਾਂ ਇਤਿਹਾਸ ਆਦਿ ਨੂੰ ਸਮਝਣ ਅਤੇ ਗ੍ਰਹਿਣ ਕਰਨ ਲਈ ਉਸ ਪ੍ਰਤੀ ਪਹੁੰਚ ਅਤੇ ਦ੍ਰਿਸ਼ਟੀ ਸਭ ਤੋਂ ਅਹਿਮ ਨੁਕਤਾ ਹੁੰਦਾ ਹੈ ਕਿਉਂਕਿ ਇਸ ਨਾਲ ਹੀ ਸੰਬੰਧਤ ਨੁਕਤਾ/ਘਟਨਾ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਪਹੁੰਚ ਤੇ ਦ੍ਰਿਸ਼ਟੀ ਭਾਵੇਂ ਪੂਰੀ ਤਰ੍ਹਾਂ ਸਿਧਾਂਤਕ ਨੁਕਤਾ ਹੈ ਪਰ ਇਸ ਦਾ ਅਭਿਆਸ ਹਰ ਤਰ੍ਹਾਂ ਦੇ ਅਧਿਐਨ ਵਿਚ ਭੂਮਿਕਾ ਨਿਭਾਉਂਦਾ ਹੈ। ਸਿੱਖ ਇਤਿਹਾਸ ਸੰਬੰਧੀ ਕਾਰਜ ਕਰਨ ਵਾਲੇ ਇਤਿਹਾਸਕਾਰਾਂ ਨੇ ਜਿਸ ਪਹੁੰਚ ਜਾਂ ਦ੍ਰਿਸ਼ਟੀ ਨਾਲ ਇਤਿਹਾਸਕਾਰੀ ਕੀਤੀ, ਉਸ ਤਰੀਕੇ ਅਤੇ ਢੰਗ ਨਾਲ ਉਨ੍ਹਾਂ ਇਤਿਹਾਸ ਦੀਆਂ ਘਟਨਾਵਾਂ ਦੀ ਵਿਆਖਿਆ ਕੀਤੀ ਅਤੇ ਉਦੇਸ਼ ਨਿਸ਼ਚਿਤ ਕੀਤਾ। ਇਸ ਤਰ੍ਹਾਂ ਸਮੁੱਚੀ ਘਟਨਾ ਭਾਵੇਂ ਇਤਿਹਾਸਕ ਹੋਵੇ ਪਰ ਉਸ ਨੂੰ ਵਿਆਖਿਆ ਜਾਂ ਵਰਣਨ ਵਿਚ ਲਿਆਉਣ ਲਈ ਜੋ ਦ੍ਰਿਸ਼ਟੀ ਅਪਣਾਈ ਜਾਂਦੀ ਹੈ, ਉਹ ਘਟਨਾ ਉਸ ਅਨੁਸਾਰੀ ਹੋ ਜਾਂਦੀ ਹੈ। ਵੀਹਵੀਂ ਸਦੀ ਵਿਚ ਸਭ ਤੋਂ ਪਹਿਲਾਂ ਗੋਕਲ ਚੰਦ ਨਾਰੰਗ ਦੁਆਰਾ ਲਿਖੇ ਗਏ ਸਿੱਖ ਇਤਿਹਾਸ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਵਰਣਨ ਕੀਤਾ ਗਿਆ। ਇਸ ਲਗਾਤਾਰਤਾ ਵਿਚ ਸੀਤਾ ਰਾਮ ਕੋਹਲੀ, ਇੰਦੂ ਭੂਸ਼ਣ ਬੈਨਰਜੀ, ਐਨ.ਕੇ. ਸਿਨਹਾ, ਏ.ਸੀ. ਬੈਨਰਜੀ ਆਦਿ ਦਾ ਨਾਂ ਆਉਂਦਾ ਹੈ। ਇਨ੍ਹਾਂ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਸੁਧਾਰਕ ਜਾਂ ਕ੍ਰਾਂਤੀਕਾਰੀ ਦੇ ਰੂਪ ਵਿਚ ਨਜ਼ਰ ਆਉਂਦੇ ਹਨ।
ਗੁਰਮਤਿ ਸਿੱਖੀ ਦਾ ਧੁਰਾ ਹੈ, ਇਸ ਦੇ ਆਧਾਰ ’ਤੇ ਸਿੱਖੀ ਦੀ ਦ੍ਰਿਸ਼ਟੀ, ਸਿਧਾਂਤ, ਪਹੁੰਚ, ਮਰਿਯਾਦਾ, ਜੀਵਨ ਜਾਚ, ਅਧਿਆਤਮ, ਇਤਿਹਾਸ ਆਦਿ ਸਭ ਕੁਝ ਪ੍ਰਭਾਸ਼ਿਤ ਹੁੰਦਾ ਹੈ। ਗੁਰਬਾਣੀ ਗੁਰਮਤਿ ਦਾ ਆਧਾਰ ਅਤੇ ਸਰੋਤ ਹੈ। ਭਾਈ ਵੀਰ ਸਿੰਘ ਗੁਰਮਤਿ ਸਿਧਾਂਤ ਦਾ ਆਧਾਰ ਗੁਰਬਾਣੀ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ, “ਸਿੱਖ ਈਮਾਨ ਦੀ ਨੀਂਹ ਦੈਵੀ ਗਿਆਨ ਉੱਤੇ ਹੈ। ਗੋਬਿੰਦ ਰੂਪ ਦਸਾਂ ਗੁਰੂ ਸਾਹਿਬਾਨ ਨੂੰ ਵਾਹਿਗੁਰੂ ਦੇ ਨਿਰੰਤਰ ਮੇਲ ਵਿਚ ਜੋ ਗਿਆਨ ਸੁਤੇ ਪ੍ਰਾਪਤ ਸੀ, ਉਹ ਆਪਣੀ ਨਿਰਮਲਤਾ ਵਿਚ ਉਨ੍ਹਾਂ ਦੇ ਹ੍ਰਿਦੇ ਤੋਂ ਬਾਣੀ ਤੇ ਹੁਕਮਾਂ ਦਾ ਰੂਪ ਲੈ ਕੇ ਪ੍ਰਗਟ ਹੋਇਆ, ਇਸ ਪਰ ਸਿੱਖੀ ਈਮਾਨ ਦੀ ਨੀਂਹ ਹੈ।” (ਮੁਖਬੰਧ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ ਪਹਿਲੀ, ਕਵੀ ਚੂਣਾਮਣੀ ਭਾਈ ਸੰਤੋਖ ਸਿੰਘ) ਇਤਿਹਾਸ ਦੀਆਂ ਘਟਨਾਵਾਂ ਵਿਚ ਕਈ ਤਰ੍ਹਾਂ ਦੇ ਮਤਭੇਦ ਹੋ ਸਕਦੇ ਹਨ। ਦਲੀਲਾਂ ਨਾਲ ਘਟਨਾਵਾਂ ਦੀ ਵਿਆਖਿਆ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਅਟੱਲ ਹਨ। ‘ਧੁਰ ਕੀ ਬਾਣੀ’ ਦਾ ਸਰੋਤ ਪਰਮਾਤਮਾ ਹੈ। ਗੁਰਮਤਿ ਦਾ ਆਧਾਰ ਗੁਰਬਾਣੀ ਹੈ। ਸਿੱਖ ਸਿਧਾਂਤ, ਵਿਚਾਰ, ਫੈਸਲਿਆਂ, ਜੀਵਨ-ਜਾਚ ਦਾ ਮੂਲ ਸਰੋਤ ਅਤੇ ਆਧਾਰ ਹਮੇਸ਼ਾ ਗੁਰਬਾਣੀ ਹੀ ਰਹੇਗਾ। ਇਸ ਲਈ ਗੁਰ-ਇਤਿਹਾਸ ਨਾਲ ਸੰਬੰਧਤ ਘਟਨਾਵਾਂ ਦੀ ਵਿਆਖਿਆ ਸਮੇਂ ਉਨ੍ਹਾਂ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਵਾਚਣਾ, ਸਮਝਣਾ ਅਤੇ ਵਿਆਖਿਆ ਵਿਚ ਲਿਆਉਣਾ ਅਹਿਮ ਲੋੜ ਹੁੰਦਾ ਹੈ।
ਇਤਿਹਾਸ ਦੀਆਂ ਵੱਖ-ਵੱਖ ਘਟਨਾਵਾਂ ਇਕ ਦੂਜੇ ਤੋਂ ਹਮੇਸ਼ਾਂ ਭਿੰਨ-ਭਿੰਨ ਹੁੰਦੀਆਂ ਹਨ। ਕਿਸੇ ਖਾਸ ਖਿੱਤੇ, ਲੋਕਾਂ, ਸਭਿਆਚਾਰ, ਪਰੰਪਰਾ ਅਤੇ ਵਿਚਾਰਧਾਰਾ ਦੇ ਬਦਲਾਅ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀ ਪ੍ਰਵਿਰਤੀ, ਉਦੇਸ਼ ਅਤੇ ਵਰਤਾਰਾ ਬਦਲਦਾ ਰਹਿੰਦਾ ਹੈ। ਵਿਚਾਰਧਾਰਕ ਆਧਾਰ ਅਤੇ ਕੀਮਤਾਂ ਦੇ ਨਾਲ ਹੀ ਘਟਨਾਵਾਂ ਦਾ ਮੁੱਲ ਆਧਾਰਿਤ ਹੁੰਦਾ ਹੈ। ਇਸ ਵਿਚ ਦੂਜਾਪਣ, ਧਿਰ, ਨਿੱਜੀ ਪ੍ਰਵਿਰਤੀ, ਪ੍ਰਭਾਵ ਆਦਿ ਘਟਨਾ ਦੇ ਬਿਰਤਾਂਤ ਅਤੇ ਵਿਆਖਿਆ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਇਤਿਹਾਸ ਕੋਈ ਕੁਦਰਤੀ ਅਤੇ ਸਹਿਜਭਾਵੀ ਵੇਗ ਨਾ ਹੋ ਕੇ ਸੋਚ-ਸਮਝ ਦੁਆਰਾ ਘੜਿਆ ਬਿਰਤਾਂਤ ਹੁੰਦਾ ਹੈ। ਸੋ ਇਸ ਲਈ ਇਸ ਪਰਖ-ਪੜਚੋਲ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ।
ਇਤਿਹਾਸਕਾਰੀ ਵਿਚ ਸਿੱਖ ਇਤਿਹਾਸਕਾਰੀ ਆਪਣੀ ਵਿਸ਼ੇਸ਼ ਥਾਂ ਰੱਖਦੀ ਹੈ। ਇਤਿਹਾਸਕਾਰੀ ਦੇ ਮਾਪਦੰਡ, ਆਧਾਰ ਅਤੇ ਨਿਯਮ ਆਪਣੇ, ਸੁਤੰਤਰ ਅਤੇ ਵਖਰੇ ਹੋ ਸਕਦੇ ਹਨ, ਇਸ ਅੰਤਰਗਤ ਜਦੋਂ ਸਿੱਖ ਇਤਿਹਾਸਕਾਰੀ ਨੂੰ ਅਧਿਐਨ ਵਿਚ ਲਿਆਂਦਾ ਜਾਵੇਗਾ ਤਾਂ ਸਿੱਖ ਇਤਿਹਾਸਕਾਰੀ ਗੁਰਮਤਿ ਦਰਸ਼ਨ ਤੋਂ ਹੀ ਸੇਧਿਤ ਹੋਵੇਗੀ। ਸਿੱਖ ਕੀਮਤਾਂ, ਦਰਸ਼ਨ ਇਤਿਹਾਸ ਦੀ ਵਿਆਖਿਆ ਨੂੰ ਸੇਧਤ ਕਰੇਗਾ। ਸਿੱਖ ਇਤਿਹਾਸ ਗੁਰਮਤਿ ਤੋਂ ਸੇਧਤ ਸੀ। ਇਸ ਦਾ ਹਰ ਕਿਰਦਾਰ ਗੁਰਮਤਿ ਨੂੰ ਨਿਭਾਉਣ ਲਈ ਆਪਣੀ ਜਾਨ ਤਕ ਕੁਰਬਾਨ ਕਰਦਾ ਹੈ। ਦੁਨਿਆਵੀ ਲਾਲਚ ਅਤੇ ਪੈਮਾਨੇ ਉਸ ਲਈ ਮਾਅਨੇ ਨਹੀਂ ਰੱਖਦੇ। ਗੁਰੂ ਬਖਸ਼ਿਸ਼ ਅਤੇ ਗੁਰੂ ਸਨਮੁਖ ਸੁਰਖਰੂ ਹੋਣਾ ਸਿੱਖ ਲਈ ਪਹਿਲ ਅਤੇ ਅਹਿਮ ਹੁੰਦਾ ਹੈ। ਆਮ ਸਮਾਜਕ ਨਫੇ-ਨੁਕਸਾਨ ਦੇ ਮਾਪਦੰਡ ਮੁਨੱਖੀ ਸਵਾਰਥੀ ਪ੍ਰਵਿਰਤੀ ਦੀ ਕਾਢ ਹੁੰਦੇ ਹਨ, ਜਿਨ੍ਹਾਂ ਕਾਰਨ ਮਨੁਖ ਜੋੜ-ਘਟਾਓ ਕਰਨ ਦਾ ਆਦੀ ਹੋ ਜਾਂਦਾ ਹੈ। ਗੁਰਮਤਿ ਸੱਚ ਦਾ ਮਾਰਗ ਹੈ, ਜਿਸ ਵਿਚ ਜੀਵਨ, ਕਿਰਦਾਰ ਅਤੇ ਸਿਧਾਂਤ ਅਹਿਮੀਅਤ ਰਖਦੇ ਹਨ। ਇਸ ਲਈ ਵਰਤਮਾਨ ਸਮੇਂ ਵਿਚ ਮਨੁੱਖੀ ਪ੍ਰਵਿਰਤੀ ਅਤੇ ਪੱਧਰ ਨੂੰ ਸਿੱਖ ਸੰਘਰਸ਼ ਦੇ ਮੁੱਲਾਂ, ਕੀਮਤਾਂ ਅਤੇ ਫੈਸਲਿਆਂ ਨੂੰ ਹਜ਼ਮ ਕਰਨਾ ਕਈ ਵਾਰ ਮੁਸ਼ਕਿਲ ਲਗਦਾ ਹੈ। ਇਹ ਅਜ ਦੇ ਮਨੁੱਖ ਦੀ ਸੀਮਾ ਹੈ ਕਿ ਉਸ ਦਾ ਵਿਸ਼ਵਾਸ ਏਨ੍ਹਾਂ ਪੇਤਲਾ ਹੋ ਗਿਆ ਹੈ ਕਿ ਉਹ ਆਪਣੇ ਘਰ ਦੇ ਜੀਆਂ ’ਤੇ ਭਰੋਸਾ ਨਹੀਂ ਕਰ ਪਾ ਰਿਹਾ। ਆਪਣਾ ਆਲਾ-ਦੁਆਲਾ ਉਸ ਨੂੰ ਦੁਸ਼ਮਣ ਲੱਗਦਾ ਹੈ ਅਤੇ ਜਿਸ ਨਾਲ ਉਸ ਨੇ ਦੌੜ ਆਰੰਭੀ ਹੋਈ ਹੈ। ਇਸ ਦੇ ਉਲਟ ਗੁਰਮਤਿ ਦੀ ਦ੍ਰਿਸ਼ਟੀ ਦੇ ਧਾਰਨੀ ਵਰਤਮਾਨ ਸਮੇਂ ਵਿਚ ਵੀ ਅਜਿਹੇ ਵਿਵਹਾਰ ਤੋਂ ਦੂਰ ਰਹਿੰਦੇ ਹਨ। ਸਿੱਖ ਇਤਿਹਾਸ ਦੇ ਕਿਰਦਾਰ ਉਹ ਨਾਇਕ ਹਨ, ਜਿਹੜੇ ਕਹਿਣੀ ਅਤੇ ਕਰਨੀ ਦੇ ਪੂਰੇ ਸੂਰਬੀਰ ਮਰਜੀਵੜੇ ਹੋਏ। ਉਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਅਤੇ ਅਥਾਹ ਤਸੀਹੇ ਸਹਿੰਦਿਆਂ ਆਪਣੇ ਧਰਮ ਅਤੇ ਸਿਦਕ ਦਾ ਸਬੂਤ ਦਿਤਾ ਹੈ।
ਵਰਤਮਾਨ ਪਹੁੰਚ ਅਤੇ ਦ੍ਰਿਸ਼ਟੀ ਦੀਆਂ ਅਨੇਕ ਸੀਮਾਵਾਂ ਅਤੇ ਸਮੱਸਿਆਵਾਂ ਹਨ। ਗੁਰਮਤਿ ਇਨ੍ਹਾਂ ਦਾ ਹੱਲ ਹੈ। ਸੋ ਇਸ ਲਈ ਗੁਰਮਤਿ ਦੀ ਪਹੁੰਚ ਰਾਹੀਂ ਇਤਿਹਾਸ ਨੂੰ ਸਮਝ ਕੇ ਵਰਤਮਾਨ ਨੂੰ ਸੇਧਤ ਕਰਨਾ ਚਾਹੀਦਾ ਹੈ।
ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ,
ਪਟਿਆਲਾ ਸੰਪ: +੯੧-੯੮੫੫੫-੩੪੯੬੧
-0-