ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ

ਬਾਬਾ ਬੰਦਾ ਸਿੰਘ ਬਹਾਦਰ

October 16, 2023 | By

ਪ੍ਰੋ. ਹਰਪਾਲ ਸਿੰਘ ਪੰਨੂ ਦੀ ਇਹ ਲਿਖਤ ਸਿੱਖ ਸ਼ਹਾਦਤ ਮੈਗਜ਼ੀਨ ਮਈ 2001 ਵਿੱਚ ਛਪੀ ਸੀ।ਇੱਥੇ ਅਸੀ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝਾਂ ਕਰ ਰਹੇ ਹਾਂ।

ਗੁਰੁ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤ ਸਮਾ ਗਏ ਤਾਂ ਸਿੱਖਾਂ ਵਿੱਚ ਇੱਕ ਵਾਰ ਅਨਾਥ ਹੋ ਜਾਣ ਦਾ ਅਹਿਸਾਸ ਹੋਇਆ। ਗੁਰੂ ਜੀ ਦੇ ਜੀਵਨਕਾਲ, ਦੌਰਾਨ ਭਾਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਯੋਧੇ ਵੱਖ-ਵੱਖ ਘਟਨਾਵਾਂ ਵਿੱਚ ਸ਼ਹੀਦ ਹੋ ਗਏ ਸਨ ਪਰ ਬਾਕੀ ਬਚਿਆਂ ਨੇ ਕਦੀ ਢਹਿੰਦੀ ਕਲਾ ਵੱਲ ਰੁਖ ਨਹੀਂ ਸੀ ਕੀਤਾ ਕਿਉਂਕਿ ਨੀਲੇ ਦਾ ਸਵਾਰ ਉਹਨਾਂ ਦੇ ਸਾਹਮਣੇ ਸੀ। ਜਿੰਨਾ ਚਿਰ ਤਕ ਦੀਨ ਅਤੇ ਦੁਨੀਆਂ ਦਾ ਮਾਲਕ ਅੰਗ-ਸੰਗ ਸੀ ਉਦੋਂ ਤਕ ਉਹਨਾਂ ਨੂੰ ਮਰਨ ਦਾ ਡਰ ਨਹੀਂ ਸੀ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਕਲਗੀਧਰ ਪਿਤਾ ਨੇ ਸ਼ਹਾਦਤਾਂ ਅਜਾਈਂ ਨਹੀਂ ਜਾਣ ਦੇਣੀਆਂ। ਜਦੋਂ ਮੁਗਲ ਸਰਕਾਰ ਦਾ ਖੰਜਰ ਹੋਰ ਤਿੱਖਾ ਹੋ ਕੇ ਉਹਨਾਂ ਦੀਆਂ ਛਾਤੀਆਂ ਵੱਲ ਵਧਦਾ ਆ ਰਿਹਾ ਸੀ ਤਾਂ ਦੁਰਭਾਗ ਵਸ ਜਵਾਨ ਉਮਰੇ ਦਸਮ ਪਾਤਸ਼ਾਹ ਦਾ ਅਕਾਲ ਚਲਾਣਾ ਹੋ ਗਿਆ। ਇੱਕ ਵਾਰੀ ਸਿੱਖ ਸੰਗਤ ਤੇ ਖਾਲਸਾ ਪੰਥ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਹਨਾਂ ਦਾ ਸੂਰਜ ਅਸਤ ਹੋ ਗਿਆ ਹੈ ਤੇ ਚੁਫੇਰੇ ਅੰਧਕਾਰ ਪਸਰ ਗਿਆ ਹੈ ਜਿਸ ਵਿਚੋਂ ਕੋਈ ਆਸ ਦੀ ਕਿਰਨ, ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਭਾਵੇਂ ਗੁਰੂ ਜੀ ਚੰਗੀ ਤਰ੍ਹਾਂ ਦ੍ਰਿੜ ਕਰਵਾ ਗਏ ਸਨ ਕਿ ਜਿਥੇ ਪੰਥ ਅਤੇ ਗ੍ਰੰਥ ਇਕੱਠੇ ਹੋਣਗੇ ਮੈਂ ਉੱਥੇ ਹੋਵਾਂਗਾ ਪਰ ਉਹਨਾਂ ਨੂੰ ਧਰਵਾਸ ਦੇਣ ਵਾਲਾ ਕੋਈ ਪ੍ਰਤੱਖ ਨਹੀਂ ਦਿਸਦਾ ਸੀ।

ਇਸ ਸਮੇਂ ਬਾਬਾ ਬੰਦਾ ਸਿੰਘ ਨੇ ਖਾਲਸੇ ਦੀ ਕਮਾਨ ਸੰਭਾਲੀ। ਬਾਬਾ ਬੰਦਾ ਸਿੰਘ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਅਚਾਨਕ ਪ੍ਰਗਟ ਹੋਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਲਗਦਾ। ਪੰਜਾਬ ਤੋਂ ਦੂਰ ਸਿੱਖੀ ਤੋਂ ਵੰਚਿਤ ਇੱਕ ਬੈਰਾਗੀ ਪਹਾੜੀ ਰਾਜਪੂਤ ਦੱਖਣ ਵਿੱਚ ਡੇਰਾ ਜਮਾ ਕੇ ਰਿੱਧੀਆਂ ਸਿੱਧੀਆਂ ਦੇ ਜ਼ੋਰ ਉੱਤੇ ਸ਼ੁਹਰਤ ਵਿੱਚ ਸੰਤੁਸ਼ਟ ਹੀ ਨਹੀਂ ਸੀ ਸਗੋਂ ਹੰਕਾਰ ਗਿਆ ਹੋਇਆ ਸੀ। ਉਹ ਸੋਲਾਂ ਸਾਲ ਤੋਂ ਨਾਂਦੇੜ ਵਿੱਚ ਸੀ ਜਿਥੇ ਉਸ ਨੂੰ ਮੰਨਣ ਵਾਲਿਆਂ ਦੀ ਚੰਗੀ ਚੋਖੀ ਗਿਣਤੀ ਸੀ। ਉਸਨੂੰ ਜਾਨਣ ਵਾਲੇ ਬਾਕੀ ਸਾਧੂ ਸੰਤ ਉਸ ਨੂੰ ਇਸ ਲਈ ਪਸੰਦ ਨਹੀਂ ਕਰਦੇ ਸਨ ਕਿਉਂਕਿ ਉਹ ਹਰੇਕ ਆਏ ਗਏ ਵਿਦਵਾਨ ਅਤੇ ਫਕੀਰ ਦੀ ਬੇਇਜ਼ਤੀ ਕਰਨੋਂ ਝਿਜਕਦਾ ਨਹੀਂ ਸੀ। ਉਸਨੂੰ ਆਪਣੇ ਤਪ, ਬੁੱਧੀ ਅਤੇ ਵਿਦਵਤਾ ਉੱਪਰ ਫਖਰ ਸੀ।

ਗੁਰੂ ਜੀ ਜਦੋਂ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਦੱਖਣ ਵੱਲ ਜਾ ਰਹੇ ਸਨ ਤਾਂ ਰਾਜਸਥਾਨ ਵਿੱਚ ਉਹਨਾਂ ਨੂੰ ਖ਼ਬਰ ਮਿਲ ਗਈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ। ਜੈਪੁਰ ਵਿਖੇ ਮਹੰਤ ਜੈਤ ਰਾਮ ਗੁਰੂ ਦਰਸ਼ਨਾਂ ਲਈ ਆਇਆ ਗੁਰੂ ਜੀ ਨੇ ਕਿਹਾ ਅਸਾਂ ਹੁਣ ਨਾਂਦੇੜ ਵੱਲ ਜਾਣਾ ਹੈ। ਕੋਈ ਗੁਣੀ ਸੱਜਣ ਹੈ ਤਾਂ ਦੱਸੋ। ਕੋਈ ਅਜਿਹਾ ਹੋਰ ਪਰਮਾਤਮਾ ਪੁਰਸ਼ ਹੈ ਜਿਸ ਦੀ ਸੰਗਤ ਕਰਕੇ ਲਾਹਾ ਲੈ ਸਕੀਏ ? ਜੈਤ ਰਾਮ ਜੀ ਨੇ ਕੁਝ ਵਿਅਕਤੀਆਂ ਦੇ ਨਾਮ ਦੱਸੋ ਪਰ ਨਾਲ ਹੀ ਕਿਹਾ ਉੱਥੇ ਮਾਧੋਦਾਸ ਨਾਂ ਦਾ ਇੱਕ ਬੈਰਾਗੀ ਵੀ ਹੈ ਜਿਹੜਾ ਕਰਾਮਾਤਾਂ ਦੇ ਹੰਕਾਰ ਵਿੱਚ ਆਏ ਗਏ ਦੀ ਅਕਸਰ ਹੱਤਕ ਕਰਦਾ ਹੈ। ਉਸਨੂੰ ਨਾ ਮਿਲਣਾ ਕਿਉਂਕਿ ਉਹ ਸਲੀਕਾ, ਅਦਬ ਤੇ ਸਤਿਕਾਰ ਛੱਡ ਗਿਆ ਹੋਇਆ ਹੈ ।

ਗੁਰੂ ਜੀ ਨੇ ਫੈਸਲਾ ਕੀਤਾ ਕਿ ਪਹਿਲਾਂ ਮਾਧੋਦਾਸ ਨੂੰ ਹੀ ਮਿਲਿਆ ਜਾਵੇ। ਉਸ ਬਾਰੇ ਪ੍ਰਸਿੱਧ ਸੀ ਕਿ ਜੋ ਕੋਈ ਉਸਦੇ ਆਸਣ ਉੱਪਰ ਬੈਠ ਜਾਂਦਾ ਸੀ ਉਸਨੂੰ ਦੈਵੀ ਸ਼ਕਤੀ ਦੇ ਸਹਾਰੇ ਹੇਠਾਂ ਗਿਰਾ ਦਿੰਦਾ ਸੀ। ਗੁਰੁ ਗੋਬਿੰਦ ਸਿੰਘ ਜੀ ਜਦੋਂ ਉਸਦੇ ਡੇਰੇ ਵਿੱਚ ਗਏ ਤਾਂ ਮਾਧੋਦਾਸ ਜੰਗਲ ਵੱਲ ਗਿਆ ਹੋਇਆ ਸੀ। ਗੁਰੂ ਜੀ ਉਸਦੇ ਆਸਣ ਉੱਪਰ ਬਿਰਾਜਮਾਨ ਹੋ ਗਏ। ਮਾਧੋਦਾਸ ਨੂੰ ਪਤਾ ਲੱਗਾ ਤਾਂ ਉਸਨੇ ਪ੍ਰਾਪਤ ਕੀਤੀਆਂ ਸ਼ਕਤੀਆਂ ਰਾਹੀਂ ਗੁਰੂ ਜੀ ਨੂੰ ਹੇਠਾਂ ਗਿਰਾਣਾ ਚਾਹਿਆ। ਅਜਿਹਾ ਹੋ ਨਾ ਸਕਿਆ। ਉਹ ਤੇਜ਼ੀ ਨਾਲ ਆਪਣੇ ਡੇਰੇ ਵਿੱਚ ਆਇਆ ਤੇ ਗੁੱਸੇ ਨਾਲ ਗੁਰੂ ਜੀ ਨੂੰ ਪੁਛਿਆ ?

ਤੁਸੀਂ ਕੌਣ ਹੋ ?

ਗੁਰੂ ਜੀ ਨੇ ਕਿਹਾ – ਮੈਂ ਉਹੀ ਹਾਂ ਜਿਸ ਨੂੰ ਤੂੰ ਜਾਣਦਾ

ਮਾਧੋਦਾਸ ਨੇ ਪੁੱਛਿਆ – ਕਿਸਨੂੰ ਜਾਣਦਾ ਹਾਂ ਮੈਂ ?

ਗੁਰੂ ਜੀ ਨੇ ਕਿਹਾ – ਉਸਨੂੰ ਜਿਸਦੀ ਤਲਾਸ਼ ਵਿੱਚ ਤੂੰ ਥਾਂ-ਥਾਂ ਭਟਕਦਾ ਰਿਹਾ । ਉਹੀ ਹਾਂ ਮੈਂ ।

ਮਾਧੋਦਾਸ ਨੇ ਸੋਚ ਕੇ ਕਿਹਾ – ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਤਾਂ ਨਹੀਂ ?

ਗੁਰੂ ਜੀ ਨੇ ਕਿਹਾ – ਹਾਂ, ਮੈਂ ਉਹੀ ਹਾਂ। ਤੂੰ ਦੱਸ ਤੂੰ ਕੌਣ ਹੈ !

ਮਾਧੋਦਾਸ ਨੇ ਕਿਹਾ – ਜੀ ਮੈਂ ਤੁਹਾਡਾ ਬੰਦਾ ਹਾਂ।

ਗੁਰੂ ਜੀ ਨੇ ਕਿਹਾ- ਜੇ ਮੇਰਾ ਬੰਦਾ ਹੈਂ ਤਾਂ ਬੰਦਿਆਂ ਜਿਹੇ ਕੰਮ ਕਰ।

ਮਾਧੋਦਾਸ ਗੁਰੂ ਚਰਨਾਂ ਵਿੱਚ ਡਿਗ ਪਿਆ । ਉਦੋਂ ਗੁਰੂ ਜੀ ਦੀ ਉਮਰ 42 ਸਾਲ ਸੀ ਤੇ ਬੰਦਾ ਸਿੰਘ 38 ਸਾਲ ਦਾ ਸੀ । ਇਹ ਸੀ ਸੰਖੇਪ ਗੱਲਬਾਤ ਜਿਹੜੀ ਮਾਧੋਦਾਸ ਅਤੇ ਦਸਮ ਪਾਤਸ਼ਾਹ ਵਿਚਕਾਰ ਪਹਿਲੀ ਵਾਰ ਹੋਈ। ਕੁਝ ਦਿਨ ਗੁਰੂ ਜੀ ਉਸਦੇ ਡੇਰੇ ਵਿੱਚ ਟਿਕੇ ਜਿਥੇ ਉਹਨਾਂ ਨੇ ਮਾਧੋਦਾਸ ਨੂੰ ਅੰਮ੍ਰਿਤ ਛਕਾਇਆ ਅਤੇ ਬੰਦਾ ਸਿੰਘ ਨਾਮ ਰੱਖਿਆ । ਉਹਨਾਂ ਨੇ ਬੰਦਾ ਸਿੰਘ ਨੂੰ ਦੱਸਿਆ ਕਿ ਪੰਜਾਬ ਵਿੱਚ ਜ਼ੁਲਮ ਦੀ ਹਨੇਰੀ ਵਗ ਰਹੀ ਹੈ। ਤੂੰ ਪੰਜਾਬ ਰਵਾਨਾ ਹੋ ਜਿਥੇ ਪੰਥ ਤੇਰੀ ਸਹਾਇਤਾ ਕਰੇਗਾ। ਤੂੰ ਇਸ ਜ਼ੁਲਮ ਨੂੰ ਸਮਾਪਤ ਕਰ। ਬੰਦਾ ਸਿੰਘ ਨੇ ਕਿਹਾ – ਪਰ ਹਕੂਮਤ ਬੜੀ ਤਾਕਤਵਰ ਹੈ- ਮੈਂ ਇਕੱਲਾ ਕੀ ਕਰ ਸਕਾਂਗਾ ? ਮੈਨੂੰ ਕੋਈ ਅਜਿਹੀ ਕਰਾਮਾਤ ਬਖਸ਼ੋ ਕਿ ਮੈਂ ਅਜਿਹਾ ਕਰ ਸਕਾਂ। ਮਹਾਰਾਜ ਨੇ ਕਿਹਾ- ਗੁਰੂ ਦੇ ਘਰ ਵਿੱਚ ਅਨੰਤ ਸ਼ਕਤੀਆਂ ਅਤੇ ਬਰਕਤਾਂ ਹਨ। ਮੈਂ ਇਹ ਸਾਰੀਆਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦੇ ਦਿੱਤੀਆਂ ਹਨ। ਤੈਨੂੰ ਜਦੋਂ ਸ਼ਕਤੀ ਦੀ ਜ਼ਰੂਰਤ ਪਵੇ ਤਦ ਗੁਰੂ ਗ੍ਰੰਥ ਅਤੇ ਗੁਰੂ ਪੰਥ ਅੱਗੇ ਅਰਦਾਸ ਕਰੀਂ। ਤੈਨੂੰ ਉਹ ਕੁਝ ਪ੍ਰਾਪਤ ਹੋਵੇਗਾ ਜਿਸ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਇਹ ਘਟਨਾ ਸਤੰਬਰ 1708 ਈਸਵੀ ਦੀ ਹੈ ।

ਔਰੰਗਜ਼ੇਬ ਦੀ ਮੌਤ ਉਪਰੰਤ ਤਾਜ ਤਖਤ ਦੀ ਪ੍ਰਾਪਤੀ ਵਾਸਤੇ ਉਸਦੇ ਪੁੱਤਰਾਂ ਦੀ ਖਾਨਾਜੰਗੀ ਸ਼ੁਰੂ ਹੋ ਗਈ ਤਾਂ ਗੁਰੂ ਜੀ ਨੇ ਬਹਾਦਰਸ਼ਾਹ ਨੂੰ ਸਭ ਤੋਂ ਵੱਡਾ ਹੋਣ ਕਾਰਨ ਤਖਤ ਦਾ ਵਾਰਸ ਮੰਨਿਆ ਤੇ ਉਸਦੀ ਸਹਾਇਤਾ ਲਈ ਫੌਜ ਭੇਜੀ। ਬਹਾਦਰਸ਼ਾਹ ਇਸ ਲੜਾਈ ਵਿੱਚ ਸਫਲ ਹੋਇਆ ਤਾਂ ਉਸਨੇ ਗੁਰੂ ਜੀ ਦਾ ਸਤਿਕਾਰ ਕੀਤਾ। ਪੁਸ਼ਾਕ ਅਤੇ ਸੁਗਾਤਾਂ ਜਿਹੜੀਆਂ ਬਾਦਸ਼ਾਹ ਵਲੋਂ ਆਪਣੇ ਸ਼ੁਭਚਿੰਤਕਾਂ ਨੂੰ ਦਿੱਤੀਆਂ ਜਾਇਆ ਕਰਦੀਆਂ ਸਨ- ਮਹਿਲ ਦੇ ਦਸਤੂਰ ਅਨੁਸਾਰ ਉਹ ਸੁਗਾਤਾਂ ਲੈਣ ਵਾਲਾ ਆਪ ਇਹਨਾਂ ਨੂੰ ਚੁੱਕ ਕੇ ਮਹਿਲ ਵਿੱਚ ਬਾਹਰ ਆਉਂਦਾ ਸੀ ।

ਕਿਸੇ ਅਤਿਅੰਤ ਸਤਿਕਾਰਯੋਗ ਮੁਸਲਮਾਨ ਫਕੀਰ ਨੂੰ ਕੇਵਲ ਇਹ ਹੱਕ ਪ੍ਰਾਪਤ ਸੀ ਕਿ ਉਹ ਸੁਗਾਤਾਂ ਆਪਣੇ ਸੇਵਾਦਾਰ ਤੋਂ ਚੁਕਵਾ ਕੇ ਲਿਆਏ। ਗੁਰੂ ਜੀ ਦੇ ਨਾਲ ਗਏ ਸਿੱਖ ਨੇ ਇਹ ਸੁਗਾਤਾਂ ਪ੍ਰਾਪਤ ਕੀਤੀਆਂ ਤੇ ਸਤਿਕਾਰ ਸਹਿਤ ਗੁਰੂ ਜੀ ਨੂੰ ਮਹਿਲ ਵਿਚੋਂ ਵਿਦਾ ਕੀਤਾ ਗਿਆ |

ਇਹਨਾਂ ਸਾਰੀਆਂ ਘਟਨਾਵਾਂ ਦੀ ਖਬਰ ਵਜ਼ੀਰ ਖਾਨ ਤਕ ਅੱਪੜ ਰਹੀ ਸੀ । ਉਸਨੂੰ ਇਹ ਵੀ ਪਤਾ ਸੀ ਕਿ ਗੱਦੀ ਨਸ਼ੀਨੀ ਲਈ ਗੁਰੂ ਜੀ ਨੇ ਬਾਦਸ਼ਾਹ ਦੀ ਫੌਜੀ ਮਦਦ ਕੀਤੀ ਹੈ ਤੇ ਬਾਦਸ਼ਾਹ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਹੈ। ਉਸਨੂੰ ਆਪਣੇ ਕੀਤੇ ਹੋਏ ਕੁਕਰਮਾਂ ਤੋਂ ਭੈ ਆਉਣਾ ਲੱਗਾ। ਉਸ ਨੂੰ ਡਰ ਹੋ ਗਿਆ ਕਿ ਕਿਤੇ ਬਾਦਸ਼ਾਹ ਗੁਰੂ ਜੀ ਨਾਲ ਕੋਈ ਸੰਧੀ ਨਾ ਕਰ ਲਵੇ। ਅਜਿਹਾ ਹੋਣ ਦੀ ਸੂਰਤ ਵਿੱਚ ਉਸਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਉਸਨੇ ਦੋ ਪਠਾਣ ਗੁਰੂ ਦੀ ਦਾ ਕਤਲ ਕਰਨ ਦੀ ਸਾਜ਼ਿਸ਼ ਨਾਲ ਭੇਜੋ। ਇਹ ਪਹਿਲੋਂ ਦਿੱਲੀ ਮਾਤਾ ਸੁੰਦਰੀ ਜੀ ਪਾਸ ਗਏ ਤੇ ਉਥੋਂ ਗੁਰੂ ਜੀ ਦਾ ਸਿਰਨਾਵਾਂ ਲਿਆ। ਇਹ ਦੋਵੇਂ ਪਠਾਣ ਜਾਂ ਇਹਨਾਂ ਦੇ ਬਜ਼ੁਰਗ ਕਦੀ ਗੁਰੂ ਘਰ ਦੇ ਨੇੜੇ ਰਹੇ ਲਗਦੇ ਹਨ ਕਿਉਂਕਿ ਇਹਨਾਂ ਨੂੰ ਸਭ ਪਤੇ ਟਿਕਾਣੇ ਦੱਸ ਦਿੱਤੇ ਗਏ ਤੋਂ ਗੁਰੂ ਜੀ ਦੇ ਕੈਂਪ ਵਿੱਚ ਵੀ ਸਵੇਰ ਸ਼ਾਮ ਹਾਜ਼ਰ ਹੁੰਦੇ ਰਹੇ। ਇਹਨਾਂ ਉੱਤੇ ਕਿਸੇ ਨੇ ਸ਼ੱਕ ਨਾ ਕੀਤਾ। ਇਹ ਮੌਕੇ ਦੀ ਤਲਾਸ਼ ਵਿੱਚ ਸਨ ਤੇ ਇੱਕ ਦਿਨ ਮੌਕਾ ਮਿਲਦਿਆਂ ਹੀ ਜਦੋਂ ਮਹਾਰਾਜ ਸੁੱਤੇ ਪਏ ਸਨ, ਛੁਰੇ ਨਾਲ ਹੱਲਾ ਕਰ ਦਿੱਤਾ। ਜ਼ਖਮ ਡੂੰਘਾ ਸੀ ਪਰ ਗੁਰੂ ਜੀ ਨੇ ਛੁਰੰਬਾਜ਼ ਨੂੰ ਥਾਂਏਂ ਤਲਵਾਰ ਦੇ ਵਾਰ ਨਾਲ ਸੋਧ ਦਿੱਤਾ ਤੇ ਦੂਜਾ ਭੱਜਣ ਲੱਗਾ ਸਿੰਘਾਂ ਨੇ ਕਤਲ ਕਰ ਦਿੱਤਾ।

‘ਬਹੁਤ ਸਾਰੇ ਸਮਕਾਲੀ ਦਸਤਾਵੇਜਾਂ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਜੀ ਨੇ ਬੰਦਾ ਸਿੰਘ ਸਮੇਤ ਪੰਜਾਬ ਵਿੱਚ ਆਉਣਾ ਸੀ ਪਰ ਇਸ ਹਮਲੇ ਦੀ ਦੁਰਘਟਨਾ ਕਰਕੇ ਉਹਨਾਂ ਨੂੰ ਰੁਕਣਾ ਪੈ ਗਿਆ। ਗੁਰੂ ਜੀ ਦੀ ਇੱਛਾ ਸੀ ਕਿ ਬਹਾਦਰਸ਼ਾਹ ਨਾਲ ਸਿੱਖ ਮਸਲੇ ਦਾ ਕੋਈ ਹੱਲ ਤੈਅ ਕਰ ਲਿਆ ਜਾਵੇ ਪਰ ਬਾਦਸ਼ਾਹ ਨੇ ਪ੍ਰਤੀਤ ਕੀਤਾ ਕਿ ਮੁਸਲਮਾਨ ਇਸ ਨਾਲ ਨਾਰਾਜ਼ ਹੋ ਜਾਣਗੇ। ਉਹ ਅਜੇ ਬਹੁਤ ਸ਼ਕਤੀਸ਼ਾਲੀ ਨਹੀਂ ਸੀ ਹੋਇਆ, ਅੰਦਰੋਂ ਅੰਦਰੀ ਸੱਤਾ ਵਾਸਤੇ ਹੰਭਲੇ ਮਾਰੇ ਜਾ ਰਹੇ ਸਨ। ਸੋ ਬਗੈਰ ਕਿਸੇ ਸਥਾਈ ਹੱਲ ਦੇ, ਗੁਰੂ ਜੀ ਦਾ ਬਹਾਦਰਸ਼ਾਹ ਨਾਲੋਂ ਸੰਵਾਦ ਟੁੱਟ ਗਿਆ। ਗੁਰੂ ਜੀ ਜ਼ਖਮੀ ਹੋ ਗਏ ਤਾਂ ਬੰਦਾ ਸਿੰਘ ਨੂੰ ਪੰਜਾਬ ਇਕੱਲਿਆਂ ਆਉਣਾ ਪਿਆ। ਉਸ ਨੇ ਦੂਰ ਨੇੜੇ ਦੀਆਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖੇ ਅਤੇ ਧਰਮ ਯੁੱਧ ਵਿੱਚ ਸ਼ਾਮਲ ਹੋਣ ਦੀ ਅਰਜ਼ ਕੀਤੀ। ਸਿੱਖਾਂ ਵਲੋਂ ਉਸਨੂੰ ਭਰਵਾਂ ਹੁੰਗਾਰਾ ਮਿਲਿਆ। ਸਿਰਲੱਥ ਗੈਰਤਵੰਦ ਯੋਧਿਆਂ ਨੇ ਉਸ ਵੱਲ ਵਹੀਰਾਂ ਘੱਤ ਦਿੱਤੀਆਂ। ਇਹਨਾਂ ਸੰਤ ਸਿਪਾਹੀਆਂ ਨੇ ਉਹ ਸ਼ਕਤੀਸ਼ਾਲੀਗੜ ਤੋੜੇ ਕਿ ਪੰਜਾਬ ਟੁੱਟ ਗਿਆ ਤੇ ਦਿੱਲੀ ਤਖਤ ਤਕ ਧਮਕਾਂ ਸੁਣੀਆਂ ਗਈਆਂ ।

ਬਾਬਾ ਬੰਦਾ ਸਿੰਘ ਜਿਨ੍ਹਾਂ ਦਾ ਪਹਿਲਾ ਨਾਮ ਲਛਮਣ ਦੇਵ ਜੀ ਦਾ ਜਨਮ 16 ਅਕਤੂਬਰ 1670 ਈਸਵੀ ਵਿੱਚ ਹੋਇਆ। ਪਿਤਾ ਰਾਮਦੇਵ ਪੁਣਛ ਜ਼ਿਲ੍ਹਾ ਦੇ ਪਿੰਡ ਰਾਜੌੜੀ ਦੇ ਰਾਜਪੁਤ ਭਾਰਦਵਾਜ ਸਨ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਲਛਮਣ ਦੇਵ ਭਾਵੇਂ ਦਰਮਿਆਨੇ ਕੱਦ ਦਾ ਸੀ ਪਰ ਉਹ ਬੜਾ ਫੁਰਤੀਲਾ ਤੋਂ ਹਿੰਮਤੀ ਜੁਆਨ ਸੀ। ਵਿਹਾਰਕ ਵਿਦਿਆ ਪ੍ਰਾਪਤ ਕੀਤੀ ਤੇ ਖੇਤੀ ਦੇ ਕੰਮ ਵਿੱਚ ਮਾਪਿਆਂ ਦਾ ਹੱਥ ਵਟਾਉਂਦਾ। ਘੋੜ ਸਵਾਰੀ ਦਾ ਸ਼ੌਕ ਸੀ ਅਤੇ ਅਕਸਰ ਸ਼ਿਕਾਰ ਖੇਡਣ ਦੀਆਂ ਮੁਹਿੰਮਾਂ ਉੱਤੇ ਜਾਂਦਾ। ਸ਼ਸਤਰ ਵਿਦਿਆ ਉਹਨਾਂ ਦਿਨਾਂ ਵਿੱਚ ਹਰ ਜੁਆਨ ਦਾ ਸ਼ੌਕ ਵੀ ਹੋਇਆ ਕਰਦਾ ਸੀ ਤੇ ਮਜਬੂਰੀ ਵੀ। ਹਥਿਆਰ ਤੋਂ ਬਗੈਰ ਘਰੋਂ ਬਾਹਰ ਨਿਕਲਣਾ ਬੁਰਾ ਮੰਨਿਆ ਜਾਂਦਾ ਸੀ। ਜੰਗਲਾਂ ਵਿੱਚ ਜਾਨਵਰ ਸਨ ਤੇ ਜੰਗਲਾਂ ਤੋਂ ਬਾਹਰ ਫਿਰਦੇ ਮਨੁੱਖਾਂ ਦਾ ਵਿਹਾਰ ਵੀ ਜਾਨਵਰਾਂ ਵਾਲਾ ਸੀ ।

ਬਾਬਾ ਬੰਦਾ ਸਿੰਘ ਬਹਾਦਰ

ਪਿਤਾ ਜੀ ਧਾਰਮਿਕ ਰੁਚੀਆਂ ਵਾਲੇ ਸਨ। ਅਕਸਰ ਸਾਧੂਆਂ ਦੀ ਸੰਗਤ ਕਰਦੇ ਅਤੇ ਸਾਧੂਆਂ ਨੂੰ ਘਰ ਬੁਲਾ ਕੇ ਭੋਜਨ ਛਕਾਉਂਦੇ। ਜਾਨਕੀਦਾਸ ਬੈਰਾਗੀ ਆਏ ਤਾਂ ਉਹਨਾਂ ਦੀ ਸੰਗਤ ਦਾ ਲਛਮਣ ਦੇਵ ਉੱਤੇ ਬੜਾ ਡੂੰਘਾ ਪ੍ਰਭਾਵ ਪਿਆ ਤੇ ਚੜਦੀ ਉਮਰੇ ਇਹ ਜੁਆਨ ਘਰ ਬਾਰ ਤਿਆਗ ਕੇ ਬੈਰਾਗੀ ਸਾਧਾਂ ਦੇ ਟੋਲੇ ਵਿੱਚ ਸ਼ਾਮਲ ਹੋ ਗਿਆ। ਸਾਧੂਆਂ ਨੇ ਉਸਦਾ ਨਾਮ ਮਾਧੋਦਾਸ ਰੱਖਿਆ। ਸਾਧੂਆਂ ਨਾਲ ਦੇਸ਼ ਰਟਨ ਕਰਦਾ-ਕਰਦਾ ਨਾਸਿਕ ਸ਼ਹਿਰ ਅੱਪੜ ਗਿਆ ਜਿਥੇ ਪੰਚਵਟੀ ਦੇ ਸਥਾਨ ਤੇ ਔਘੜ ਨਾਥ ਸਾਧੂ ਰਹਿੰਦਾ ਸੀ। ਔਘੜ ਨਾਥਾਂ ਰਿਧੀਆਂ ਸਿਧੀਆਂ ਦਾ ਮਾਲਕ ਮੰਨਿਆ ਪ੍ਰਮੰਨਿਆ ਹੋਇਆ ਤਪੱਸਵੀ ਸੀ। ਮਾਧੋਦਾਸ ਨੇ ਔਘੜ ਦੀ ਸ਼ਾਗਿਰਦੀ ਕਬੂਲ ਕੀਤੀ ਤੇ ਉਹਨਾਂ ਦੀ ਬੜੀ ਸੇਵਾ ਕੀਤੀ। ਜੋ ਗੁਣ ਤੇ ਸ਼ਕਤੀਆਂ ਬਾਬਾ ਔਘੜ ਪਾਸ ਸਨ ਉਹ ਸਭ ਮਾਧੋਦਾਸ ਨੂੰ ਦੇ ਦਿੱਤੀਆਂ। ਉਹਨਾਂ ਨੇ ਆਪਣਾ ਇੱਕ ਗ੍ਰੰਥ ਵੀ ਮਾਧੋਦਾਸ ਨੂੰ ਦਿੱਤਾ ਤੇ 1621 ਈਸਵੀ ਵਿੱਚ ਔਘੜ ਪ੍ਰਲੋਕ ਸਿਧਾਰ ਗਏ। ਉਸ ਸਮੇਂ ਮਾਧੋਦਾਸ ਦੀ ਉਮਰ 21 ਸਾਲ ਸੀ। ਨਾਸਿਕ ਤੋਂ ਚਲ ਕੇ ਮਾਧੋਦਾਸ ਨਾਂਦੇੜ ਆ ਗਿਆ ਤੇ ਇੱਥੇ ਉਸਨੇ ਆਪਣਾ ਪੱਕਾ ਟਿਕਾਣਾ ਬਣਾਉਣ ਦਾ ਫੈਸਲਾ ਕੀਤਾ। ਇੱਥੇ ਲੋਕਾਂ ਵਿੱਚ ਉਸਦੀਆਂ ਕਰਾਮਾਤਾਂ, ਸ਼ਕਤੀਆਂ ਦੀ ਚਰਚਾ ਦੂਰ ਦੂਰ ਤਕ ਫੈਲ ਗਈ ਤੇ ਉਹ ਇੱਕ ਤਕੜੇ ਮੱਠ ਦਾ ਨਾਥ ਹੋ ਗਿਆ ਇਸ ਥਾਂ ਉਹ 16 ਸਾਲ ਰਿਹਾ ਤੋਂ ਜਦੋਂ ਗੁਰੂ ਜੀ ਨਾਂਦੇੜ ਆਏ ਤਾਂ ਉਦੋਂ ਮਾਧੋਦਾਸ ਦੀ ਉਮਰ 38 ਸਾਲ ਸੀ। ਇਸ ਉਮਰ ਵਿੱਚ ਅੰਮ੍ਰਿਤ ਛਕ ਕੇ ਉਹ ਮਾਧੋਦਾਸ ਤੋਂ ਜਦੋਂ ਬੰਦਾ ਸਿੰਘ ਬਣਿਆ ਤਾਂ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ। ਇੱਕ ਨਵਾਂ ਯੁੱਗ ਆਰੰਭ ਹੋਇਆ ।

ਉਸਨੂੰ ਗੁਰੂ ਜੀ ਨੇ ਹੁਕਮਨਾਮਾ, ਪੰਜ ਤੀਰ, ਇੱਕ ਨਿਸ਼ਾਨ ਸਾਹਿਬ ਤੋਂ ਇੱਕ ਨਗਾਰਾ ਬਖਸ਼ਿਆ। ਥਾਪੀ ਦੇ ਕੇ ਬਹਾਦਰ ਦਾ ਖਿਤਾਬ ਦਿੱਤਾ| ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ਼ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਪੰਜ ਪਿਆਰੇ ਅਤੇ 25 ਹੋਰ ਸਿੰਘ ਉਹਨਾਂ ਨਾਲ ਭੇਜੋ। ਅਸੀਸਾਂ ਦੇ ਕੇ ਗੁਰੂ ਜੀ ਨੇ ਬੰਦਾ ਸਿੰਘ ਨੂੰ , ਪੰਜਾਬ ਵੱਲ ਘੱਲਿਆ ਤੇ ਪੰਥ ਦੀ ਤਾਬਿਆ ਵਿੱਚ ਰਹਿਣ ਦਾ ਹੁਕਮ ਦਿੱਤਾ ਜੋ ਹੁਕਮ ਬਾਬਾ ਬੰਦਾ ਸਿੰਘ ਨੇ ਸ਼ਹਾਦਤ ਤਕ ਨਿਭਾਇਆ।

ਹੁਣ ਜਦੋਂ ਪੰਜਾਬ ਵੱਲ ਬਾਬਾ ਬੰਦਾ ਸਿੰਘ ਨੇ ਕੂਚ ਕੀਤਾ ਤਾਂ ਕੇਵਲ 25-30 ਸਿੰਘਾਂ ਦਾ ਇਹ ਨਿੱਕਾ ਜਿਹਾ ਜਥਾ ਸੀ। ਪਰ ਪੰਜਾਬ ਦੀ ਧਰਤੀ ਵੱਲ ਜਿਉਂ ਜਿਉਂ ਉਹ ਵਧਿਆ ਅਣਖੀਲੇ ਯੋਧੇ ਉਸ ਦੇ ਨਾਲ ਰਲਦੇ ਗਏ ਤੇ ਇੱਕ ਨਿੱਕੀ ਸੈਨਿਕ ਟੁਕੜੀ ਵੱਡੇ ਕਾਫਲੇ ਵਿੱਚ ਤਬਦੀਲ ਹੋ ਗਈ। ਪੰਜਾਬ ਦੇ ਅਣਖੀ ਵਸਨੀਕਾਂ ਨੂੰ ਆਪਣਾ ਨਾਇਕ ਮਿਲ ਗਿਆ ਤਾਂ ਫਿਰ ਜਾਨਾਂ ਦੀ ਪ੍ਰਵਾਹ ਕਿਸਨੇ ਕਰਨੀ ਸੀ ? ਸਾਹਿਬਜ਼ਾਦਿਆਂ ਨੂੰ ਬੱਕਰੇ ਵਾਂਗ ਗੋਡੇ ਹੇਠ ਦੇ ਕੇ ਕੋਹ ਕੋਹ ਮਾਰਨ ਦੀ ਵਿਥਿਆ ਭਾਰਤ ਵਿੱਚ ਜਿਥੇ ਜਿਥੇ ਵੀ ਜਿਸ ਜਿਸ ਨੇ ਸੁਣੀ ਹਰ ਕਿਸੇ ਦਾ ਖੂਨ ਖੋਲ ਗਿਆ ਸੀ ਪਰ ਉਹਨਾਂ ਪਾਸ ਕਈ ਜਥੇਦਾਰ ਨਹੀਂ ਸੀ ਬੰਦਾ ਸਿੰਘ ਦੇ ਸੁਨੇਹੇ ਪੁਜਦੇ ਗਏ ਤੇ ਲਸ਼ਕਰ ਵੱਡਾ ਹੁੰਦਾ ਗਿਆ। ਪੰਜਾਬ ਦੇ ਵਸਨੀਕਾਂ ਨੇ ਜ਼ੁਲਮ ਦਾ ਖੰਜਰ ਆਪਣੀ ਛਾਤੀ ਤੋਂ ਪਰੇ ਧੱਕਣ ਦਾ ਇਤਿਹਾਸਕ ਫੈਸਲਾ ਕੀਤਾ| ਸਭ ਤੋਂ ਪਹਿਲਾਂ ਪਾਣੀਪਤ ਸ਼ਹਿਰ ਉੱਤੇ ਹੱਲਾ ਬੋਲਿਆ ਤੇ ਇਸ ਸ਼ਹਿਰ ਉੱਪਰ ਨਿਸ਼ਾਨ ਸਾਹਿਬ ਲਹਿਰਾ ਦਿੱਤਾ | ਖਜ਼ਾਨਾ ਲੁੱਟ ਲਿਆ ਗਿਆ ਤੇ ਘੋੜੇ, ਹਥਿਆਰ ਵਸੂਲ ਲਏ। ਉਸ ਪਿਛੋਂ ਸਮਾਣੇ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਰਸਤੇ ਵਿੱਚ ਪਤਾ ਲੱਗਾ ਕਿ ਕੈਂਥਲ ਵਿੱਚ ਭਾਰੀ ਖਜ਼ਾਨਾ ਪਿਆ ਹੈ। ਕੈਂਥਲ ਉੱਪਰ ਚੜ੍ਹਾਈ ਕਰਕੇ ਖਜ਼ਾਨਾ ਲੁੱਟ ਲਿਆ । ਇੱਥੇ ਵੱਡੀ ਲੜਾਈ ਨਹੀਂ ਹੋਈ ਕਿਉਂਕਿ ਕਿਸੇ ਨੇ ਮੁਕਾਬਲਾ ਕਰਨ ਦੀ ਹਿੰਮਤ ਹੀ ਨਹੀਂ ਕੀਤੀ। ਕੈਂਥਲਪਤੀ ਨੇ ਬੰਦਾ ਸਿੰਘ ਦੀ ਈਨ ਮੰਨ ਗਈ। ਸਾਰਾ ਖਜ਼ਾਨਾ ਸਿੰਘਾਂ ਵਿੱਚ ਵੰਡ ਦਿੱਤਾ।

ਸਮਾਣਾ ਸ਼ਹਿਰ ਸੱਯਦਾਂ ਦਾ ਘੁੱਗ ਵਸਦਾ ਅਮੀਰ ਸ਼ਹਿਰ ਸੀ । ਸੱਯਦਾਂ ਨੂੰ ਉਚੀ ਕੁਲ ਵਾਲੇ ਮੰਨਿਆਂ ਜਾਂਦਾ ਹੈ ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਪੁੰਨ ਕਾਰਜ ਸੱਯਦਾਂ ਨੂੰ ਸੌਂਪਿਆ ਗਿਆ ਸੀ। ਮੁਸਲਮਾਨਾਂ ਦਾ ਵਿਸ਼ਵਾਸ ਸੀ ਕਿ ਕਿਸੇ ਤਕੜੇ ਕਾਫਰ ਨੂੰ ਕਤਲ ਕਰਨ ਨਾਲ ਸੁਰਗ ਪ੍ਰਾਪਤ ਹੁੰਦਾ ਹੈ। ਸੱਯਦ ਕਿਉਂਕਿ ਸਤਿਕਾਰ ਯੋਗ ਲੋਕ ਸਨ ਇਸ ਲਈ ਇਹ ਪੁੰਨ ਉਹਨਾਂ ਨੇ ਕੀਤਾ। ਜਦੋਂ ਫਕੀਰਾਂ ਅਤੇ ਸਾਧੂਆਂ ਦੇ ਅਣਮਨੁੱਖੀ ਢੰਗ ਨਾਲ ਕਤਲ ਕਰਨ ਨੂੰ ਪੁੰਨ ਕਾਰਜ ਕਿਹਾ ਜਾਵੇ ਉਦੋਂ ਫਿਰ ਰੱਬ ਸੱਚਾ ਬਾਬਾ ਬੰਦਾ ਸਿੰਘ ਜਿਹੇ ਸੂਰਬੀਰਾਂ ਨੂੰ ਧਰਤੀ ਉਪਰੋਂ ਜ਼ੁਲਮ ਦੀ ਜੜ੍ਹ ਕੱਢਣ ਲਈ ਭੇਜਦਾ ਹੈ। ਸਮਾਣੇ ਉੱਪਰ ਹੱਲਾ ਬੋਲਣ ਦਾ ਕਾਰਨ ਇਹ ਸੀ ਕਿ ਨੌਵੇਂ ਪਾਤਸ਼ਾਹ ਜੀ ਦਾ ਕਾਤਲ ਜੱਲਾਦ ਜਲਾਲੁਦੀਨ ਤੇ ਸਾਹਿਬਜ਼ਾਦਿਆਂ ਦੇ ਕਾਤਲ ਦੋ ਭਰਾ ਸਾਸ਼ਲ ਬੇਗ ਤੇ ਬਾਸ਼ਲ ਬੇਗ ਇਥੋਂ ਦੇ ਬਾਸ਼ਿੰਦੇ ਸਨ ।

ਸਮਾਣੇ ਦੇ ਆਲੇ ਦੁਆਲੇ ਤਕੜੀ ਉਚੀ ਕੰਧ ਸੀ ਤੇ ਸ਼ਹਿਰ ਦਾ ਹਰ ਘਰ ਇੱਕ ਗੜੀ ਵਾਂਗ ਸੀ। ਅਮੀਰ ਸੱਯਦਾਂ ਨੇ ਆਤਮ ਰੱਖਿਆ ਲਈ ਆਪਣੇ ਘਰਾਂ ਨੂੰ ਨਿੱਕੇ ਨਿੱਕੇ ਕਿਲਿਆਂ ਵਾਂਗ ਉਸਾਰਿਆ ਸੀ ਤਾਂ ਕਿ ਸੁਰੱਖਿਆ ਪੱਖੋਂ ਕੋਈ ਕਸਰ ਨਾ ਰਹੇ।ਗਿਆਰਾਂ ਨਵੰਬਰ 1709 ਨੂੰ ਸ਼ੁਕਰਵਾਰ ਦੇ ਦਿਨ ਸਵੇਰ ਸਾਰ ਇਸ ਸਿੱਖ ਜਰਨੈਲ ਨੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਸੱਯਦਾਂ ਨੂੰ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਦਰਵਾਜੇ ਬੰਦ ਕਰ ਸਕਦੇ। ਇਹ ਹੱਲਾ ਬਿਜਲੀ ਦੀ ਲਿਸ਼ਕਾਰ ਵਰਗਾ ਸੀ ਜਿਸਦੇ ਸਾਹਮਣੇ ਕਿਸੇ ਦੀ ਪੇਸ਼ ਨਾ ਗਈ । ਇਸ ਸ਼ਹਿਰ ਅੰਦਰ ਦਸ ਹਜ਼ਾਰ ਦੀ ਗਿਣਤੀ ਵਿੱਚ ਸੱਯਦ ਅਤੇ ਮੁਗਲ ਕਤਲ ਕੀਤੇ ਗਏ ਤੇ ਹਜ਼ਾਰਾਂ ਸਾਲਾਂ ਤੋਂ ਘੁੱਗ ਵੱਸਦਾ ਰੌਣਕਾਂ ਭਰਿਆ ਇਹ ਅਮੀਰ ਸ਼ਹਿਰ ਥੇਹ ਹੋ ਗਿਆ। ਮੁੜ ਕੇ ਇਹ ਸ਼ਹਿਰ ਠੀਕ ਢੰਗ ਨਾਲ ਕਦੀ ਵੀ ਨਹੀਂ ਵਸ ਸਕਿਆ। ਮੁਸਲਮਾਨਾਂ ਨੇ ਇਸ ਥਾਂ ਨੂੰ ਬਦਕਿਸਮਤ ਜਾਣ ਕੇ ਫਿਰ ਇਧਰ ਟਿਕਾਣੇ ਨਹੀਂ ਬਣਾਏ। ਸਮਾਣੇ ਦਾ ਸੁਬੇਦਾਰ ਫਤਿਹ ਸਿੰਘ ਨੂੰ ਥਾਪ ਕੇ ਅਗਲਾ ਨਿਸ਼ਾਨਾ ਸਰਹੰਦ ਦੀ ਸ਼ਾਨ ਨੂੰ ਪੈਰਾਂ ਵਿੱਚ ਰੋਲਣ ਦਾ ਸੀ। ਵਜ਼ੀਰ ਖਾਨ ਨੇ ਇੱਥੇ ਘੋਰ ਪਾਪ ਕੀਤਾ ਹੋਇਆ ਸੀ ਤੇ ਦਿਲ ਦਾ ਇਹ ਡੂੰਘਾ ਘਾਉ ਅਜੇ ਤਾਜ਼ਾ ਸੀ। ਇੱਥੇ ਨਿੱਕੀਆਂ ਜਿੰਦਾ ਨਾਲ ਵੱਡੇ ਸਾਕੇ ਹੋਏ ਸਨ ।

ਬੰਦਾ ਸਿੰਘ ਸਮਾਣੇ ਤੋਂ ਸਰਹੰਦ ਵੱਲ ਨਹੀਂ ਵਧਿਆ ਸਗੋਂ ਪਹਿਲੋਂ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਉਸਨੂੰ ਪਤਾ ਲੱਗਾ ਸੀ ਕਿ ਉਸ ਪਾਸੇ ਤੋਂ ਬਹੁਤ ਸਾਰੇ ਸਿੰਘ ਉਸ ਦੀ ਸੈਨਾ ਵਿੱਚ ਰਲਣ ਲਈ ਆ ਰਹੇ ਸਨ ਪਰ ਰਾਹ ਵਿੱਚ ਰੋਕ ਲਏ ਗਏ ਸਨ । ਰਾਹ ਵਿੱਚ ਘੜਾਮ ਸ਼ਹਿਰ ਸੀ ਜਿਥੇ ਦੇ ਨੈਬ ਸੂਬੇਦਾਰ ਨੇ ਬੰਦਾ ਸਿੰਘ ਨੂੰ ਰੋਕਣ ਦਾ ਯਤਨ ਕੀਤਾ। ਘੜਾਮ ਉੱਪਰ ਹੱਲਾ ਕਰਨ ਦਾ ਬੰਦਾ ਸਿੰਘ ਦਾ ਕੋਈ ਇਰਾਦਾ ਨਹੀਂ ਸੀ ਪਰ ਘੜਾਮੀਆਂ ਨੇ ਵੰਗਾਰਿਆ ਤਾਂ ਸਿੰਘਾਂ ਨੇ ਚੜਾਈ ਕਰ ਦਿੱਤੀ। ਮੁਗਲ ਬੜੀ ਬਹਾਦਰੀ ਨਾਲ ਲੜੇ ਪਰ ਪਛਾੜ ਦਿੱਤੇ ਗਏ ਤੇ ਘੜਾਮ ਸ਼ਹਿਰ ਲੁੱਟ ਲਿਆ ਗਿਆ । ਉਥੋਂ ਅਗੇ ਮੁਸਤਫਾਬਾਦ ਉੱਤੇ ਕਬਜ਼ਾ ਕਰ ਲਿਆ। ਇਥੋਂ ਉਸਨੇ ਸਢੋਰੇ ਵੱਲ ਚੜਾਈ ਦਾ ਰੁਖ ਕਰ ਲਿਆ ਤਾਂ ਸ਼ਿਕਾਇਤ ਮਿਲੀ ਕਿ ਕਪੂਰੀ ਦਾ ਹਾਕਮ ਕਦਮੁੱਦੀਨ ਇਲਾਕੇ ਦੀਆਂ ਔਰਤਾਂ ਦੀ ਪੱਤ ਲੁੱਟਦਾ ਹੈ ਤੇ ਕੋਈ ਗੈਰ ਮੁਸਲਿਮ ਔਰਤ ਸੁਰੱਖਿਅਤ ਨਹੀਂ । ਕਪੂਰੀ ਉੱਤੇ ਹੱਲਾ ਬੋਲ ਕੇ ਕਦਮੁੱਦੀਨ ਦੀ ਹਵੇਲੀ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਦੌਲਤ ਤਾਂ ਭਸਮ ਹੋਈ ਸੀ- ਕਦਮੁੱਦੀਨ ਵੀ ਰਾਖ ਹੋ ਗਿਆ ।

ਸਢੌਰੇ ਦਾ ਹਾਕਮ ਉਸਮਾਨ ਖਾਨ ਬੜਾ ਜ਼ਾਲਮ ਸੀ। ਉਸ ਤੋਂ ਬਦਲਾ ਲੈਣ ਦਾ ਤਤਕਾਲੀ ਮਨੋਰਥ ਇਹ ਵੀ ਸੀ ਉਸਨੂੰ ਨੇਕਦਿਲ ਇਨਸਾਨੂੰ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਦੇ ਕੇ ਮਾਰਿਆ ਸੀ ਕਿਉਂਕਿ ਉਸਨੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਦੀ ਫੌਜੀ ਸਹਾਇਤਾ ਕੀਤੀ ਸੀ। ਸਢੌਰੇ ਉੱਤੇ ਹੱਲਾ ਬੋਲ ਦਿੱਤਾ ਗਿਆ ਤਾਂ ਸਤਾਏ ਲੋਕ ਵੱਡੀ ਗਿਣਤੀ ਵਿੱਚ ਬੰਦਾ ਸਿੰਘ ਦੀਆਂ ਫੌਜਾਂ ਨਾਲ ਆ ਰਲੇ ਤੇ ਕਤਲੇਆਮ ਦਾ ਕੁਹਰਾਮ ਮਚਾ ਦਿੱਤਾ। ਕਿੰਨੇ ਹਜ਼ਾਰ ਮੁਗਲ ਕਤਲ ਕੀਤੇ ਗਏ ਕੋਈ ਪੱਕੀ ਗਿਣਤੀ ਨਹੀਂ ਪਰ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ |

ਹੁਣ ਉਹਨਾਂ ਯੋਧਿਆਂ ਨੇ ਰੋਪੜ ਵੱਲ ਚਾਲੇ ਪਾ ਦਿੱਤੇ। ਵਜ਼ੀਰ ਖਾਨ ਲਗਾਤਾਰ ਸਿੱਖਾਂ ਦੀਆਂ ਇਹਨਾਂ ਸਰਗਰਮੀਆਂ ਉੱਤੇ ਨਜ਼ਰ ਰੱਖ ਰਿਹਾ ਸੀ ਤੇ ਉਹ ਭੈਭੀਤ ਸੀ। ਉਸਨੇ ਦੇਖਿਆ ਕਿ ਬੰਦਾ ਸਿੰਘ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਦੀ ਕਿਸੇ ਦੀ ਸਤਿਆ ਹੀ ਨਹੀਂ ਰਹੀ। ਜੇ ਕੀਰਤਪੁਰ ਦੇ ਇਲਾਕੇ ਵੱਲ ਰੋਕੇ ਸਿੰਘਾਂ ਦੇ ਕਾਫਲੇ ਇਹਨਾਂ ਨਾਲ ਰਲ ਗਏ ਫਿਰ ਇਹਸਰਹੰਦ ਵਿੱਚ ਵਿਆਪਕ ਤਬਾਹੀ ਮਚਾ ਦੇਣਗੇ। ਉਸਨੇ ਤੁਰੰਤ ਮਲੇਰਕੋਟਲੇ ਦੇ ਨਵਾਬ ਸ਼ੇਰਖਾਨ ਨੂੰ ਲਿਖਿਆ ਕਿ ਦੋਹਾਂ ਕਾਫਲਿਆਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾਏ। ਇਹ ਉਹੀ ਮੁਹੰਮਦ ਸ਼ੇਰ ਖਾਨ ਸੀ ਜਿਸਨੇ ਸਾਹਿਬਜ਼ਾਦਿਆਂ ਦਾ ਕਤਲ ਕਰਨ ਦੀ ਵਾਰਦਾਤ ਦੀ ਨਿੰਦਿਆ ਕੀਤੀ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਅਸੂਲ ਇਹ ਹੈ ਕਿ ਇਹਨਾਂ ਦੇ ਵਡੇਰਿਆਂ ਨਾਲ ਮੈਦਾਨੇ ਜੰਗ ਵਿੱਚ ਲੋਹਾ ਲਿਆ ਜਾਵੇ। ਉਸਨੇ ਆਪਣੇ ਭਰਾ ਖਿਜ਼ਰਖਾਨ ਅਤੇ ਦੋ ਭਤੀਜਿਆਂ ਨਸ਼ਤਰ ਖਾਨ ਤੇ ਵਲੀ ਮੁਹੰਮਦ ਖਾਨ ਸਮੇਤ ਆਪਣੀ ਪੂਰੀ ਸੈਨਾ ਨਾਲ ਲੈਸ ਹੋ ਕੇ ਮਾਝੇ ਤੇ ਦੁਆਬੇ ਦੇ ਰੁਕ ਕਾਫਲੇ ਉੱਤੇ ਹੱਲਾ ਬੋਲ ਦਿੱਤਾ। ਸਿੱਖਾਂ ਦੀ ਗਿਣਤੀ ਘੱਟ ਸੀ ਤੇ ਜੰਗੀ ਸਾਮਾਨ ਪੂਰਾ ਨਹੀਂ ਸੀ। ਪਰ ਉਹ ਜਿੱਤ ਹਾਰ ਦਾ ਖਿਆਲ ਤਾਂ ਤਿਆਗੀ ਬੈਠੇ ਸਨ ਉਹਨਾਂ ਨੇ ਤਾਂ ਮਰਨਾ ਸੀ ਤੇ ਕੋਈ ਸ਼ਕਤੀ ਉਹਨਾਂ ਨੂੰ ਰੋਕ ਨਹੀਂ ਸਕਦੀ ਸੀ। ਸਾਰਾ ਦਿਨ ਅੰਤਾਂ ਦੀ ਵਾਢ ਹੋਈ। ਮੁਗਲ ਲਸ਼ਕਰ ਬਹੁਤ ਵੱਡਾ ਸੀ ਜਿਸ ਨੂੰ ਸਰ ਕਰਨਾ ਇਹਨਾਂ ਥੋੜੇ ਜਿਹੇ ਸਿੰਘਾਂ ਲਈ ਆਸਾਨ ਨਹੀਂ ਸੀ । ਪਹਿਲੇ ਦਿਨ ਯੁੱਧ ਹੁੰਦਾ ਰਿਹਾ ਤੇ ਰਾਤ ਪੈ ਗਈ। ਰਾਤੋ ਰਾਤ ਆਸੇ ਪਾਸਿਓ ਹੋਰ ਸਿੰਘਾਂ ਦੇ ਜਥੇ ਇਹਨਾਂ ਮਝੈਲਾਂ ਨਾਲ ਆ ਗਏ |

ਖਿਜ਼ਰ ਖਾਨ ਨੇ ਸਵੇਰ ਸਾਲ ਹੱਲਾ ਬੋਲਿਆ ਤੇ ਤੇਜ਼ੀ ਨਾਲ ਸਿੱਖਾਂ ਵੱਲ ਵਧਣ ਲੱਗਾ | ਉਸ ਨੂੰ ਆਪਣੀ ਸ਼ਕਤੀ ਕਾਰਨ ਜਿੱਤ ਦਾ ਪੂਰਾ ਵਿਸ਼ਵਾਸ ਸੀ। ਸਿੰਘਾਂ ਨੇ ਪੂਰੀ ਤਾਕਤ ਨਾਲ ਅਜਿਹਾ ਹੱਲਾ ਬੋਲਿਆ ਕਿ ਖਿਜ਼ਰ ਖਾਨ ਕਤਲ ਕਰ ਦਿੱਤਾ। ਹੁਣ ਮੁਹੰਮਦ ਸ਼ੇਰ ਖਾਨ ਦੋਵੇਂ ਭਤੀਜਿਆਂ ਨਾਲ ਅੱਗੇ ਵਧਿਆ ਤਾਂ ਸਿੰਘਾਂ ਨੇ ਨਸ਼ਤਰ ਖਾਨ ਅਤੇ ਮੁਹੰਮਦ ਖਾਨ ਧਰਤੀ ਉੱਤੇ ਸੁੱਟ ਲਏ ਅਤੇ ਨਵਾਬ ਸ਼ੇਰ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜੋ ਉਸਦੀ ਕੋਈ ਪ੍ਰਾਪਤੀ ਸੀ ਤਾਂ ਕੇਵਲ ਇਹ ਕਿ ਉਸਦੀ ਜਾਨ ਬਚ ਗਈ ਅਤੇ ਉਹ ਬੜੀ ਮੁਸ਼ਕਿਲ ਨਾਲ ਆਪਣੇ ਭਰਾ ਅਤੇ ਭਤੀਜਿਆਂ ਦੀਆਂ ਲਾਸ਼ਾਂ ਸਸਕਾਰ ਕਰਨ ਵਾਸਤੇ ਲਿਆ ਸਕਿਆ । ਇਹਨਾਂ ਤਿੰਨਾਂ ਦੀਆਂ ਲਾਸ਼ਾਂ ਸਿੱਖਾਂ ਤੋਂ ਖੋਹਣ ਵਾਸਤੇ ਉਸ ਨੂੰ ਭਿਅੰਕਰ ਯੁੱਧ ਕਰਨਾ ਪਿਆ ਸੀ। ਇਸ ਤੋਂ ਬਾਅਦ ਇਹ ਜੰਗੀ ਜਥਾ ਫਤਿਹ ਦੇ ਜੈਕਾਰੇ ਬੁਲਾਉਂਦਾ ਜਦੋਂ ਬਾਬਾ ਬੰਦਾ ਸਿੰਘ ਪਾਸ ਪੁੱਜਾ, ਉਹ ਇਹਨਾਂ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਬਨੂੜ ਉੱਪਰ ਕਬਜਾ ਕਰ ਚੁੱਕਾ ਸੀ। ਦੋਵਾਂ ਜਥਿਆਂ ਨੇ ਮਿਲ ਕੇ ਗੁਰੂ ਕਲਗੀਧਰ ਨੂੰ ਯਾਦ ਕਰਦਿਆਂ ਅਸਮਾਨ ਜੈਕਾਰਿਆਂ ਨਾਲ ਗੂੰਜਾ ਦਿੱਤਾ। ਏਨੀ ਸ਼ਕਤੀ ਕੇਂਦਰਿਤ ਹੋ ਗਈ ਤਾਂ ਸੁਭਾਵਕ ਸੀ ਕਿ ਅਗਲਾ ਨਿਸ਼ਾਨਾ ਗੁਰੂ ਮਾਰੀ ਸਰਹੰਦ ਨੂੰ ਬਣਾਇਆ ਜਾਂਦਾ।

ਸਰਹੰਦ ਦਾ ਗਵਰਨਰ ਵਜ਼ੀਰ ਖਾਨ ਚਿੰਤਾਗ੍ਰਸਤ ਤਾਂ ਸੀ ਪਰ ਉਹ ਚੰਗਾ ਹੌਸਲੇ ਵਾਲਾ ਲੜਾਕਾ ਸੀ । ਉਸਨੇ ਕਿਲ੍ਹੇ ਦੀ ਚੰਗੀ ਤਰ੍ਹਾਂ ਸੁਰੱਖਿਆ ਦਾ ਬੰਦੋਬਸਤ ਕਰ ਲਿਆ ਅਤੇ ਸਰਹੰਦ ਦੁਆਲੇ ਵਲੀ ਫਸੀਲ ਉੱਪਰ ਫੌਜ ਤੈਨਾਤ ਕਰ ਦਿੱਤੀ। ਉਸ ਪਾਜ ਤੋਪਾਂ ਵੀ ਸਨ ਤੇ ਬੰਦੂਕਾਂ ਵੀ, ਚੰਗੇ ਘੋੜੇ ਸਨ ਤੇ ਕਾਫੀ ਹਾਥੀ। ਸਿੰਘਾਂ ਪਾਸ ਵਧੇਰੇ ਕਰਕੇ ਕਿਰਪਾਨਾਂ ਅਤੇ ਨੇਜ਼ੇ ਸਨ। ਪਰ ਜੋ ਸਿੰਘਾਂ ਪਾਸ ਸੀ ਉਹ ਵਜ਼ੀਰ ਖਾਨ ਦੇ ਸਿਪਾਹੀਆਂ ਪਾਸ ਨਹੀਂ ਸੀ ਉਹ ਸੀ ਸ਼ਹਾਦਤ ਦਾ ਅਨੁਪਮ ਚਾਅ ਕਿ ਜਲਦੀ ਗੁਰੂ ਚਰਨਾਂ ਵਿੱਚ ਜਾਈਏ- ਉਸ ਗੁਰੂ ਦੇ ਚਰਨਾਂ ਵਿੱਚ ਜਿਸਨੇ ਇਹਨਾਂ ਸਿੱਖਾਂ ਲਈ ਆਪਣਾ ਕੁਝ ਵੀ ਲੁਕਾ ਕੇ ਬਚਾ ਕੇ ਨਹੀਂ ਸੀ ਰਖਿਆ। ਬੰਦਾ ਸਿੰਘ ਨਾਲ ਸੈਂਕੜਿਆਂ ਦੀ ਦੀ ਗਿਣਤੀ ਵਿੱਚ ਅਜਿਹੇ ਤਿਆਗੀ ਸਿੱਖ ਯੋਧੇ ਸਨ ਜਿਨ੍ਹਾਂ ਨੇ ਆਪਣਾ ਘਰ ਘਾਟ ਤੇ ਜ਼ਮੀਨਾਂ ਵਿੱਚ ਕੇ ਹਥਿਆਰ ਤੇ ਘੋੜੇ ਖਰੀਦੇ ਸਨ ਤੇ ਧਰਮ ਯੁਧ ਦੇ ਚਾਉ ਨਾਲ ਭਰੇ ਸਰਹਿੰਦ ਵੱਲ ਵਧ ਰਹੇ ਸਨ।

ਵਜ਼ੀਰ ਖਾਨ ਪਾਸ ਪੰਦਰਾਂ ਹਜ਼ਾਰ ਦੀ ਆਪਣੀ ਫੌਜ ਸੀ ਤੇ ਏਨੀ ਕੁ ਉਸਨੇ ਆਪਣੇ ਤਾਣਿਆਂ ਵਿਚਲੇ ਪਰਗਣਿਆਂ ਤੋਂ ਮੰਗਵਾ ਲਈ। ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਵਿੱਚ ਹੋਕੇ ਦਿੱਤੇ ਗਏ ਕਿ ਜੱਹਾਦ ਵਿੱਚ ਕਾਫਰਾਂ ਵਿਰੁੱਧ ਆਮ ਲੋਕ ਵੀ ਭਾਗ ਲੈਣ । ਇਉਂ ਉਸ ਦੀ ਗਿਣਤੀ ਕਾਫੀ ਸੀ । ਉਹ ਤੁਰਪ ਚਾਲਾਂ ਵਿੱਚ ਵੀ ਪ੍ਰਬੀਨ ਸੀ । ਉਸਨੇ ਇੱਕ ਸਾਜ਼ਿਸ਼ ਤਹਿਤ ਆਪਣੇ ਦੀਵਾਨ ਸੁੱਚਾ ਨੰਦ ਦੇ ਭਤੀਜੇ ਨੂੰ ਇੱਕ ਹਜ਼ਾਰ ਦੀ ਫੌਜ ਦੇ ਕੇ ਬੰਦਾ ਸਿੰਘ ਪਾਸ ਭੇਜਿਆ। ਉਸ ਨੇ ਬੰਦਾ ਸਿੰਘ ਪਾਸ ਆ ਕੇ ਕਿਹਾ ਮੈਂ ਆਪਣੇ ਬਜੁਰਗਾਂ ਦੀਆਂ ਕਰਤੂਤਾਂ ਤੋਂ ਸ਼ਰਮਿੰਦਾ ਹੋ ਕੇ ਗੁਰੂ ਪੰਥ ਦੀ ਸ਼ਰਣ ਵਿੱਚ ਵਜ਼ੀਰ ਖਾਂ ਵਿਰੁੱਧ ਬਗਾਵਤ ਕਰਕੇ ਆਇਆ ਹਾਂ ! ਖਾਲਸਾ ਮੈਨੂੰ ਸ਼ਰਣ ਦੇਵੇ। ਉਸ ਨੂੰ ਹਦਾਇਤ ਇਹ ਸੀ ਕਿ ਚੌਕਸ ਰਹੋ ਜਦੋਂ ਦਾਅ ਲੱਗੋ ਬੰਦਾ ਸਿੰਘ ਨੂੰ ਕਤਲ ਕਰ ਦਿਓ। ਜੇ ਅਜਿਹਾ ਨਾ ਹੋ ਸਕੇ ਤਾਂ ਯੁੱਧ ਵਿੱਚ ਪਿਛੋਂ ਬੰਦਾ ਸਿੰਘ ਦੇ ਬੰਦਿਆਂ `ਤੇ ਧਾਵਾ ਬੋਲ ਦਿਓ। ਇਸ ਨਾਲ ਉਹਨਾਂ ਦੇ ਹੌਸਲੇ ਢਹਿ ਜਾਣਗੇ। ਬਾਬਾ ਬੰਦਾ ਸਿੰਘ ਦੀ ਉਮਰ ਸਾਧੂਆਂ ਸੰਤਾਂ ਵਿੱਚ ਲੰਘੀ ਸੀ। ਉਸ ਨੇ ਇਸ ਉੱਤੇ ਇਤਬਾਰ ਕੀਤਾ |

ਵਜ਼ੀਰ ਖਾਨ ਘੱਟ ਬਹਾਦਰ ਯੋਧਾ ਨਹੀਂ ਸੀ। ਉਸਨੇ ਫੈਸਲਾ ਕੀਤਾ ਕਿ ਸਰਹੰਦ ਬੰਦਾ ਸਿੰਘ ਨੂੰ ਪੁੱਜਣ ਹੀ ਨਹੀਂ ਦੇਣਾ । ਜਿਥੇ ਉਹ ਟਿਕਿਆ ਹੋਇਆ ਹੈ ਉੱਥੇ ਹੱਲਾ ਬੋਲ ਦਿੱਤਾ ਜਾਵੇ। ਬੰਦਾ ਸਿੰਘ ਨੂੰ ਨਵਾਬ ਦੀ ਚੜਾਈ ਦੀ ਖਬਰ ਮਿਲੀ ਤਾਂ ਉਸਨੇ ਸਾਥੀਆਂ ਨੂੰ ਹਦਾਇਤ ਕੀਤੀ ਜਿਹੜੇ ਮੁਸਲਮਾਨ ਈਨ ਮੰਨ ਲੈਣ ਉਹਨਾਂ ਨੂੰ ਨਹੀਂ ਮਾਰਨਾ। ਜਿਹੜੇ ਹਿੰਦੂ ਬਦੀ ਦਿਖਾ ਦੇਣ ਉਹਨਾਂ ਉੱਤੇ ਤਰਸ ਕਰਨਾ। ਇਸਤਰੀਆਂ ਅਤੇ ਬੱਚਿਆਂ ਉੱਪਰ ਹੱਥ ਨਹੀਂ ਚੁਕਣਾ|

ਬਾਬਾ ਬੰਦਾ ਸਿੰਘ ਨੇ ਆਪਣੀਆਂ ਸੈਨਿਕ ਟੁਕੜੀਆਂ ਦੀ ਵੰਡ ਕਰ ਕੇ ਭਾਈ ਬਾਜ਼ ਸਿੰਘ, ਭਾਈ ਫਤਿਹ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਕਰਮ ਸਿੰਘ ਹੱਥ ਕਮਾਨ ਸੌਂਪ ਦਿੱਤੀ ਤੇ ਆਪ ਉਹ ਉਚੀ ਟਿੱਬੀ ‘ਤੇ ਚੜ੍ਹ ਗਏ ਤਾਂ ਕਿ ਯੁੱਧ ਚਾਰੇ ਪਾਸਿਓ ਦੇਖ ਕੇ ਜ਼ਰੂਰੀ ਹਦਾਇਤਾਂ ਜਾਰੀ ਕਰਦੇ ਰਹਿਣ। ਵਜ਼ੀਰਖਾਨ ਨੇ ਖੁੰਖਾਰ ਹੱਲਾ ਕੀਤਾ ਤਾਂ ਇੱਕ ਵਾਰੀ ਸਿੰਘਾਂ ਦੇ ਪੈਰ ਹਿੱਲ ਗਏ। ਸੁੱਚਾ ਨੰਦ ਦਾ ਭਤੀਜਾ ਹਜ਼ਾਰਾਂ ਸੈਨਿਕਾਂ ਸਮੇਤ ਪੁੱਠਾ ਦੌੜਿਆ ਤਾਂ ਸਿੰਘਾਂ ਦੇ ਹੌਸਲੇ ਢਹਿ ਗਏ । ਪਰ ਤੁਰੰਤ ਭਾਈ ਬਾਜ਼ ਸਿੰਘ ਨੇ ਪਿਛੇ ਹਟ ਰਹੇ ਸਿੰਘਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਅੱਗੇ ਵਧਣ ਲਈ ਕਿਹਾ | ਪੂਰਾ ਕੁਹਰਾਮ ਮੱਚ ਗਿਆ । ਚਾਰੇ ਪਾਸਿਓ ਸਿੰਘਾਂ ਨੇ ਮੁਗਲਾਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ। ਬਾਜ਼ ਸਿੰਘ ਨੇ ਆਪਣਾ ਘੋੜਾ ਸਰਪਟ ਦੌੜਾ ਕੇ ਵਜ਼ੀਰ ਖਾਨ ਪਾਸ ਲੈ ਆਂਦਾ ਤੇ ਆਹਮੋ ਸਾਹਮਣਾ ਯੁੱਧ ਸ਼ੁਰੂ ਹੋ ਗਿਆ। ਬਾਜ਼ ਸਿੰਘ ਨੇ ਵਜ਼ੀਰ ਖਾਨ ਉੱਤੇ ਨੇਜ਼ੇ ਨਾਲ ਹੱਲਾ ਕੀਤਾ ਤਾਂ ਨੇਜ਼ਾ ਘੋੜੇ ਦੇ ਮੱਥੇ ਵਿੱਚ ਜਾ ਖੁੱਭਾ | ਵਜ਼ੀਰ ਖਾਨ ਨੇ ਤੀਰ ਨਾਲ ਬਾਜ਼ ਸਿੰਘ ਦੀ ਬਾਂਹ ਜ਼ਖਮੀ ਕਰ ਦਿੱਤੀ ਤੇ ਫਿਰ ਤਲਵਾਰ ਹਵਾ ਵਿੱਚ ਲਹਿਰਾ ਕੇ ਬਾਜ਼ ਸਿੰਘ ਵੱਲ ਤੇਜ਼ੀ ਨਾਲ ਵਧਿਆ । ਵਜ਼ੀਰ ਖਾਨ ਦੇ ਪਿਛਲੇ ਪਾਸੇ ਘੋੜਾ ਦੌੜਾ ਕੇ ਫਤਿਹ ਸਿੰਘ ਆ ਗਿਆ ਤੇ ਉਸ ਨੇ ਐਨ ਨਜ਼ਦੀਕ ਆ ਕੇ ਦੋਵਾਂ ਹੱਥਾਂ ਨਾਲ ਤਲਵਾਰ ਦਾ ਏਡਾ ਸਖਤ ਵਾਰ ਕੀਤਾ ਕਿ ਤਲਵਾਰ ਸੱਜਾ ਮੋਢਾ ਚੀਰਦੀ ਹੋਈ ਖੱਬੀ ਵੱਖੀ ਵਿਚੋਂ ਨਿਕਲ ਗਈ ਤੇ ਵਜ਼ੀਰ ਖਾਨ ਦੇ ਦੋ ਟੋਟੇ ਹੋ ਗਏ । ਇਹ ਮਹਾਨ ਕਾਰਨਾਮਾ 12 ਮਈ 1710 ਈਸਵੀ ਸ਼ੁਕਰਵਾਰ ਨੂੰ ਹੋਇਆ| ਮਲੇਰਕੋਟਲਾ ਦਾ ਨਵਾਬ ਸ਼ੋਰ ਖਾਨ ਵੀ ਇਸ ਦਿਨ ਇਸ ਜੰਗ ਵਿੱਚ ਲੜਦਾ ਹੋਇਆ ਮਾਰਿਆ ਗਿਆ ।

ਖਾਫੀ ਖਾਨ ਲਿਖਦਾ ਹੈ ਕਿ ਮੌਤਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਸੀ ਥੋੜੇ ਕੁ ਹੀ ਕਿਸਮਤ ਵਾਲੇ ਬਚ ਸਕੇ ਤੇ ਉਹ ਕੇਵਲ ਜਾਨ ਬਚਾ ਪਾਏ- ਨਾ ਸ਼ਸਤਰ ਲਿਜਾ ਸਕੇ ਨਾ ਘੋੜੇ। ਇਸ ਸਾਰੇ ਸਾਮਾਨ ਉੱਪਰ ਸਿੰਘਾਂ ਦਾ ਕਬਜ਼ਾ ਹੋਇਆ ਤੇ ਪੈਦਲ ਸਿੱਖ ਸਿਪਾਹੀ ਘੋੜ ਸਵਾਰ ਹੋ ਗਏ | ਵਜ਼ੀਰ ਖਾਨ ਦੀ ਫੌਜ ਦਾ ਮੁਕੰਮਲ ਸਫਾਇਆ ਹੋ ਗਿਆ। ਸਿੰਘ ਹੁਣ ਸਰਹੰਦ ਸ਼ਹਿਰ ਵੱਲ ਵਧੇ। ਸ਼ਹਿਰ ਵਾਸੀ ਲੰਮਾ ਸਮਾਂ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸਨ। ਉਹ ਕੇਵਲ ਇੱਕ ਦਿਨ ਲਈ 13 ਮਈ ਨੂੰ ਸਿੱਖ ਫੌਜਾਂ ਨੂੰ ਰੋਕ ਸਕੇ ਪਰ ਇਹਨਾਂ ਸੂਰਮਿਆਂ ਦੇ ਹੜ੍ਹ ਨੂੰ ਕੌਣ ਰੋਕਣ ਵਾਲਾ ਸੀ। 14 ਮਈ ਨੂੰ ਉਹ ਸਰਹੰਦ ਸ਼ਹਿਰ ਵਿੱਚ ਦਾਖਲ ਹੋ ਗਏ ।

ਵਜ਼ੀਰ ਖਾਨ ਦਾ ਬੇਟਾ ਦੌਲਤ ਖਾਨ ਖਾਲੀ ਹੱਥੀਂ ਜਾਨ ਬਚਾ ਕੇ ਪਰਿਵਾਰ ਸਮੇਤ ਦਿੱਲੀ ਦੌੜ ਗਿਆ। ਸਿੰਘਾਂ ਨੇ ਸੁੱਚਾ ਨੰਦ ਦੀ ਹਵੇਲੀ ਉੱਤੇ ਹੱਲਾ ਕੀਤਾ ਤੇ ਇਥੋਂ ਬਹੁਤ ਧਨ ਮਿਲਿਆ ਜਿਹੜਾ ਕਾਲੀਆਂ ਕਰਤੂਤਾਂ ਰਾਹੀਂ ਦੀਵਾਨ ਨੇ ਇਕੱਠਾ ਕੀਤਾ ਹੋਇਆ ਸੀ। ਫਿਰ ਹਵੇਲੀ ਨੂੰ ਅੱਗ ਲਾ ਦਿੱਤੀ ਗਈ ਤੇ ਥੋੜ੍ਹੇ ਸਮੇਂ ਵਿੱਚ ਹੀ ਇਹ ਹਵੇਲੀ ਖੇਹ ਹੋ ਗਈ। ਪੂਰੇ ਸਰਹਿੰਦ ਸ਼ਹਿਰ ਵਿੱਚ ਲੁੱਟ ਮਾਰ ਆਰੰਭ ਹੋ ਗਈ ਤੇ ਇਸ ਗੱਲ ਦੇ ਚੋਖ ਸਬੂਤ ਹਨ ਕਿ ਕਿਸੇ ਮਸਜਿਦ ਨੂੰ ਨੁਕਸਾਨ ਨਹੀਂ ਪੁਚਾਇਆ ਗਿਆ | ਸਰਹੰਦ ਦਾ ਸੂਬੇਦਾਰ ਬਾਜ਼ ਸਿੰਘ ਨੂੰ ਥਾਪਿਆ ਗਿਆ ।

ਸਰਹੰਦ ਦੀ ਵਿਜੇ ਤੋਂ ਬਾਅਦ ਪੰਜਾਬ ਵਿੱਚ ਹਕੂਮਤ ਦਾ ਲੱਕ ਟੁੱਟ ਗਿਆ ਤੇ ਕਿਧਰੇ ਵੀ ਬੰਦਾ ਸਿੰਘ ਨੂੰ ਮੁਸ਼ਕਲ ਪੇਸ਼ ਨਹੀਂ ਆਈ। ਇਸ ਪਿਛੋਂ ਘੁਡਾਣੀ, ਮਲੇਰਕੋਟਲਾ ਆਦਿਕ ਸ਼ਹਿਰ ਆਰਾਮ ਨਾਲ ਫਤਹਿ ਕਰਕੇ ਸਰਕਾਰ ਖਾਲਸਾ ਦਾ ਸਿੱਕਾ ਅਤੇ ਸੰਮਤ ਜਾਰੀ ਕੀਤਾ । ਸਿੱਕੇ ਉੱਪਰ ਇਹ ਸ਼ਬਦ ਉਕਰੇ ਹੋਏ ਸਨ :

ਦੇਗ ਤੇਗੋ ਫਤਿਹੋ ਨੁਸਰਤਿ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥ 

(ਦੇਗ ਤੇਗ ਫਤਿਹ ਤੇ ਸੇਵਾ ਨਿਸ਼ਚੇ ਨਾਲ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਜੀ ਤੋਂ ਪ੍ਰਾਪਤ ਕੀਤੀ)

ਗੰਗਾ ਜਮਨਾ ਤੋਂ ਲੈ ਕੇ ਰਾਵੀ ਤਕ ਤੇ ਸ਼ਿਵਾਲਕ ਪਹਾੜੀਆਂ ਚੋਂ ਲੈ ਕੇ ਰਾਜਸਥਾਨ ਦੀਆਂ ਹੱਦਾਂ ਤਕ ਖਾਲਸਾ ਫੌਜਾਂ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਹੋ ਗਿਆ ਅਤੇ ਸਿੰਘਾਂ ਦਾ ਇਹ ਵਿਸ਼ਵਾਸ ਪੱਕਾ ਹੋ ਗਿਆ ਕਿ ਗੁਰੂ ਦੇ ਬਚਨ ਅਟੱਲ ਹਨ। ਜਦੋਂ ਪਿਆਰ ਨਾਲ ਦਸਮ ਪਾਤਸ਼ਾਹ ਕਿਹਾ ਕਰਦੇ ਸਨ ਕਿ ਤੁਸੀਂ ਰਾਜ ਕਰੋਗੇ- ਇਹ ਵਾਕ ਸੱਚ ਹੋ ਰਹੇ ਹਨ ।

ਇਸ ਸਮੇਂ ਬਾਦਸ਼ਾਹ ਬਹਾਦਰਸ਼ਾਹ ਦੱਖਣ ਦੀ ਬਗਾਵਤ ਦਬਾਉਣ ਲਈ ਗਿਆ ਹੋਇਆ ਸੀ। ਉਸ ਪਾਸ ਫਰਵਰੀ 1710 ਤੋਂ ਹੀ ਵਜ਼ੀਰ ਖਾਨ ਖਤਾਂ ਰਾਹੀਂ ਇਤਲਾਹ ਭੇਜ ਰਿਹਾ ਸੀ ਕਿ ਪੰਜਾਬ ਵਿੱਚ ਸਿੱਖਾਂ ਤੋਂ ਮੁਸਲਮਾਨਾਂ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਹੈ। ਬਾਦਸ਼ਾਹ ਨੂੰ ਗੜਬੜ ਦਾ ਤਾਂ ਪਤਾ ਸੀ ਪਰ ਇਹ ਏਨੀ ਭਿਆਨਕ ਤਬਾਹੀ ਮਚਾ ਦੇਣਗੇ ਕਿ ਵਜ਼ੀਰ ਖਾਨ ਸਮੇਤ ਸਾਰੀ ਸੈਨਾ ਖਤਮ ਹੋ ਜਾਵੇਗੀ ਇਸਦਾ ਬਾਦਸ਼ਾਹ ਸਮੇਤ ਕਿਸੇ ਨੂੰ ਖਾਬੋ ਖਿਆਲ ਵੀ ਨਹੀਂ ਸੀ। ਬਾਦਸ਼ਾਹ ਨੇ ਫੈਸਲਾ ਕੀਤਾ ਕਿ ਪੰਜਾਬ ਦੀ ਬਗਾਵਤ ਉਹ ਆਪ ਜਾ ਕੇ ਦਬਾਏਗਾ। ਬਾਦਸ਼ਾਹ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਪ੍ਰਧਾਨ ਮੰਤਰੀ ਮੁਨੀਮ ਖਾਨ ਨੇ ਕੀਤਾ ਤੇ ਕਿਹਾ ਇਹ ਸਾਡੀ ਸ਼ਕਤੀਸ਼ਾਲੀ ਮੁਗਲ ਹਕੂਮਤ ਦੀ ਹੱਤਕ ਹੈ ਕਿ ਬਾਦਸ਼ਾਹ ਸਲਾਮਤ ਖੁਦ ਪੰਜਾਬ ਜਾਣ। ਇਨਾ ਘਸਿਆਰਿਆਂ ਨੂੰ ਤਾਂ ਮੈਂ ਹੀ ਖਦੇੜ ਸਕਦਾ ਹਾਂ। ਪ੍ਰਧਾਨ ਮੰਤਰੀ ਮੁਨੀਮ ਖਾਨ ਨੇ ਕਿਹਾ ਕਿ ਬਾਦਸ਼ਾਹ ਨੂੰ ਰਾਜਸਥਾਨ ਵਿੱਚ ਰਾਜਪੂਤਾਂ ਦੀ ਬਗਾਵਤ ਦਬਾਉਣ ਜਾਣਾ ਚਾਹੀਦਾ ਹੈ ਕਿਉਂਕਿ ਉਹ ਵਧੀਕ ਖਤਰਨਾਕ ਹਨ ।

ਬਾਦਸ਼ਾਹ ਨੇ ਕਿਹਾ- ਮੈਂ ਸਿੱਖਾਂ ਨੂੰ ਵੀ ਜਾਣਦਾ ਹਾਂ ਰਾਜਪੂਤਾਂ ਨੂੰ ਵੀ। ਰਾਜਪੁਤ ਕੁਝ ਲੈ ਦੇ ਕੇ ਰਾਜੀਨਾਮਾ ਕਰ ਲੈਣਗੇ। ਪਰ ਸਿੱਖ ਅਜਿਹਾ ਨਹੀਂ ਕਰਦੇ। ਉਹ ਵਧੀਕ ਖਤਰਨਾਕ ਹਨ। ਮੈਂ ਤਾਂ ਪੰਜਾਬ ਦੀ ਬਗਾਵਤ ਦਬਾਉਣ ਜਾਵਾਂਗਾ ਹੀ, ਮੁਨੀਮਖਾਨ ਵੀ ਚਲਣ ਤੇ ਆਪਣੇ ਜੌਹਰ ਦਿਖਾਉਣ। ਬਾਦਸ਼ਾਹ ਨੇ 17 ਜੂਨ 1710 ਨੂੰ ਪੰਜਾਬ ਵੱਲ ਕੂਚ ਕੀਤਾ। ਬਾਦਸ਼ਾਹ ਨੇ ਸੱਠ ਹਜ਼ਾਰ ਦੀ ਫੌਜ ਤਿਆਰ ਕਰਨ ਦਾ ਹੁਕਮ ਕੀਤਾ। ਉਸਨੇ ਆਪਣੇ ਵੱਡੇ ਪੁੱਤਰ ਮੁਅੱਜ਼ਮੀਨ ਨੂੰ ਵੀ ਨਾਲ ਲਿਆ। ਸਿੰਘਾਂ ਨਾਲ ਰਸਤੇ ਵਿੱਚ ਝੜਪਾਂ ਲੈਂਦਾ ਹੋਇਆ ਉਹ 24 ਨਵੰਬਰ 1710 ਨੂੰ ਸਢੋਰੇ ਪੁੱਜਾ। ਏਡੇ ਵੱਡੇ ਲਸ਼ਕਰ ਨਾਲ ਸਿੱਖ ਸਿੱਧੀ ਲੜਾਈ ਨਹੀਂ ਲੜ ਸਕਦੇ ਹਨ। ਉਹ ਸੱਜਿਓ ਖੱਬਿਓ ਕਦੋਂ ਪਿਛੋਂ ਕਦੀ ਅੱਗੋਂ ਹਮਲਾ ਕਰਦੇ ਭਾਰੀ ਤਬਾਹੀ ਮਚਾਉਂਦੇ ਤੇ ਫਰਾਰ ਹੋ ਜਾਂਦੇ। ਸ਼ਾਹੀ ਫੌਜਾਂ ਨੂੰ ਜੰਗਲ ਦੀਆਂ ਮੁਸੀਬਤਾਂ ਝੱਲਣ ਦੀ ਆਦਤ ਨਹੀਂ ਸੀ। ਝਾੜੀਆਂ ਕੰਡਿਆਂ ਵਿਚੋਂ ਲੰਘਦੇ ਹੋਏ ਉਹਨਾਂ ਨੇ ਜਿਸਮ ਲਹੂ ਲੁਹਾਣ ਹੋ ਜਾਂਦੇ ਤੇ ਉਹ ਸਿੰਘਾਂ ਦਾ ਪਿੱਛਾ ਨਾ ਕਰ ਸਕਦੇ ।

ਬੰਦਾ ਸਿੰਘ ਲੋਹਗੜ ਦੇ ਕਿਲੇ ਵਿੱਚ ਸੀ ਤੇ ਇਸ ਕਿਲੇ ਦੀ ਉਸ ਨੇ ਆਪ ਹੀ ਮੁਰੰਮਤ ਕੀਤੀ ਸੀ । ਉਸ ਕਿਲੇ ਵਿੱਚ ਖਾਣ ਪੀਣ ਦਾ ਵਧੇਰਾ ਸਮਾਨ ਨਹੀਂ ਸੀ | ਚਾਰੇ ਪਾਸੇ ਬਾਦਸ਼ਾਹ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਅਤੇ ਸਰਕਦੇ-ਸਰਕਦੇ ਨੇੜੇ ਹੁੰਦੇ ਗਏ। ਇਹ ਘੇਰਾ ਮੁਨੀਮ ਖਾਨ ਦੀ ਫੌਜ ਦਾ ਸੀ ਤੇ ਮੁਨੀਮ ਖਾਨ ਨੇ ਬਾਦਸ਼ਾਹ ਨੂੰ ਕਿਹਾ ਹੋਇਆ ਸੀ ਕਿ ਜਲਦੀ ਹੀ ਉਹ ਆਪ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਪੇਸ਼ ਕਰੇਗਾ। ਦਸੰਬਰ 1710 ਨੂੰ ਪੂਰੇ ਜ਼ੋਰ ਨਾਲ ਜਦੋਂ ਹੱਲਾ ਬੋਲਿਆ ਤਾਂ ਫੌਜ ਕਿਲੇ ਵਿੱਚ ਦਾਖਲ ਹੋਈ। ਪਰ ਅਫਸੋਸ, ਬੰਦਾ ਸਿੰਘ ਰਾਤੋ ਰਾਤ ਸਖਤ ਘੇਰੇ ਵਿਚੋਂ ਨਿਕਲ ਚੁਕਿਆ ਸੀ। ਮੁਨੀਮ ਖਾਨ ਹੱਥ ਮਲਦਾਂ ਰਹਿ ਗਿਆ।

ਉਸ ਨੂੰ ਪਤਾ ਸੀ ਕਿ ਬਾਦਸ਼ਾਹ ਸਲਾਮਤ ਸਖਤ ਨਾਰਾਜ ਹੋਣਗੇ । ਉਸ ਨੇ ਬਾਦਸ਼ਾਹ ਨੂੰ ਮਿਲਣ ਦੀ ਆਗਿਆ ਮੰਗੀ ਤਾਂ ਬਹਾਦਰਸ਼ਾਹ ਨੇ ਨਾਂਹ ਕਰ ਦਿੱਤੀ ਤੇ ਹੁਕਮ ਦਿੱਤਾ ਕਿ ਉਸ ਤੋਂ ਨਗਾਰਾ ਖੋਹ ਲਿਆ ਜਾਵੇ। ਉਹ ਨਗਾਰੇ ਦਾ ਹੱਕਦਾਰ ਨਹੀਂ। ਬਾਦਸ਼ਾਹ ਨੇ ਕਿਹਾ ਹਜ਼ਾਰਾਂ ਕੁੱਤਿਆਂ ਦੇ ਘੇਰੇ ਵਿਚੋਂ ਗਿੱਦੜ ਬਚ ਕੇ ਕਿਵੇਂ ਲੰਘ ਗਿਆ ? ਤੁਹਾਨੂੰ ਸ਼ਰਮ ਨਹੀਂ ਆਉਂਦੀ ? ਮੁਨੀਮ ਖਾਨ ਦੇ ਸ਼ਰੀਕਾਂ ਨੇ ਉਸ ਦਾ ਰੱਜ ਕੇ ਮਜ਼ਾਕ ਉਡਾਇਆ। ਉਹ ਪ੍ਰਧਾਨ ਮੰਤਰੀ ਦੀ ਹੋਈ ਬੇਇਜ਼ਤੀ ਤੋਂ ਖੁਸ਼ ਸਨ। ਏਨੀ ਬੇਇਜ਼ਤੀ ਦਾ ਸਦਮਾ ਮੁਨੀਮ ਖਾਨ ਝੱਲ ਨਾ ਸਕਿਆ ਤੇ ਬਿਮਾਰ ਪੈ ਗਿਆ। ਢਾਈ ਮਹੀਨਿਆਂ ਬਾਅਦ ਉਸਦੀ ਮੌਤ ਹੋ ਗਈ ।

ਬੰਦਾ ਸਿੰਘ ਬਹਾਦਰ ਨਾਹਨ ਵੱਲ ਦੀਆਂ ਪਹਾੜੀਆਂ ਵਿੱਚ ਆਪਣੀਆਂ ਫੌਜਾਂ ਸਮੇਤ ਖਿਸਕ ਗਿਆ । ਮੈਦਾਨਾਂ ਵਿੱਚ ਜੇ ਉਹ ਸ਼ਾਹੀ ਫੌਜਾਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਹਾੜਾਂ ਵਿੱਚ ਉਹ ਟਿਕ ਕੇ ਬੈਠਾ ਰਿਹਾ। ਉਸਨੇ ਪਹਾੜੀ ਰਾਜਿਆਂ ਨੂੰ ਵੀ ਸਬਕ ਸਿਖਾਉਣਾ ਸੀ ਜਿਹੜੇ ਗੁਰੂ ਜੀ ਨੂੰ ਅਕਸਰ ਤੰਗ ਕਰਦੇ ਰਹਿੰਦੇ ਸਨ ।

1 ਅਗਸਤ 1711 ਈਸਵੀ ਨੂੰ ਬਾਦਸ਼ਾਹ ਲਗਭਗ ਸਵਾ ਸਾਲ ਪਿਛੋਂ ਲਾਹੌਰ ਪੁੱਜਾ। ਬੰਦਾ ਸਿੰਘ ਅਤੇ ਸਿੱਖ ਫੌਜਾਂ ਲਗਾਤਾਰ ਉਸ ਦੇ ਕੂਚ ਵਿੱਚ ਵਿਘਨ ਪਾ ਰਹੇ ਸਨ। ਲਾਹੌਰ ਦੇ ਕਿਲੇ ਵਿੱਚ ਜਾ ਕੇ ਉਹ ਸੁਰੱਖਿਅਤ ਹੋ ਗਿਆ ਅਤੇ ਜਿਧਰੋਂ ਵੀ ਬੰਦਾ ਸਿੰਘ ਦਾ ਪਤਾ ਲਗਦਾ ਉਸਦਾ ਪਿੱਛਾ ਕਰਨ ਲਈ ਫੌਜਾਂ ਭੇਜਦਾ ਰਹਿੰਦਾ। ਉਸਨੇ ਸ਼ਾਹੀ ਫੁਰਮਾਨ ਵੀ ਜਾਰੀ ਕੀਤਾ ਕਿ ਸਿੰਘਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਨਾਮ ਨਾਲ ਕੁੱਤਾ ਜਾ ਗਧਾ ਜ਼ਰੂਰ ਲਿਖਿਆ ਜਾਇਆ ਕਰੋ। ਅਜਿਹਾ ਕੀਤਾ ਜਾਣ ਲੱਗਾ। ਏਨੀਆਂ ਝੜਪਾਂ ਅਤੇ ਤੰਗੀਆਂ ਕਾਰਨ ਬਾਦਸ਼ਾਹ ਦਾ ਦਿਮਾਗ ਟਿਕਾਣੇ ਸਿਰ ਨਾ ਰਿਹਾ। ਉਸਨੇ ਸ਼ਾਹੀ ਹੁਕਮ ਜਾਰੀ ਕੀਤਾ, “ਲਾਹੌਰ ਦੇ ਸਭ ਕੁੱਤੇ ਅਤੇ ਗਧੇ ਮਾਰ ਦਿੱਤੇ ਜਾਣ। ਗਧਿਆਂ ਅਤੇ ਕੁੱਤਿਆਂ ਦੀ ਸ਼ਾਮਤ ਆ ਗਈ। ਘੁਮਿਆਰ ਅਫਸਰਾਂ ਪਾਸ ਫਰਿਆਦ ਕਰਦੇ ਕਿ ਇਹਨਾਂ ਬੇਜ਼ਬਾਨਾਂ ਦਾ ਕੀ ਕਸੂਰ ਹੈ ? ਅਫਸਰ ਤਰਸ ਖਾ ਕੇ ਕਹਿੰਦੇ ਸ਼ਾਹੀ ਹੁਕਮ ਹੈ ਮੰਨਣਾ ਤਾ ਪਵੇਗਾ ਹੀ। ਪਰ ਤੁਸੀਂ ਇਉਂ ਕਰੋ ਕਿ ਗਧਿਆਂ ਸਮੇਤ ਲਾਹੌਰ ਸ਼ਹਿਰ ਛੱਡ ਕੇ ਚਲੇ ਜਾਓ।ਇਉਂ ਹੀ ਹੋਇਆ | ਲਾਹੌਰ ਵਿੱਚ ਕੋਈ ਗਧਾ ਨਾ ਰਿਹਾ। ਪਰ ਗਰੀਬ ਕੁੱਤਿਆਂ ਲਈ ਕਿਸਨੇ ਹਾਅ ਦਾ ਨਾਅਰਾ ਮਾਰਨਾ ਸੀ ? ਅਮੀਨਦੀਨ ਲਿਖਦਾ ਹੈ ਕਿ ਸੈਂਕੜੇ ਕੁੱਤੇ ਸਵੇਰ ਸਾਰ ਰਾਵੀ ਦਰਿਆ ਵਿੱਚ ਛਾਲਾਂ ਮਾਰਦੇ, ਤਰਦੇ ਹੋਏ ਸ਼ਹਿਰੋਂ ਬਾਹਰ ਚਲੇ ਜਾਂਦੇ। ਸਾਰਾ ਦਿਨ ਬਾਹਰ ਰਹਿੰਦੇ ਤੇ ਰਾਤ ਪੈਣ ਤੇ ਭੁੱਖੇ ਮਰਦੇ ਫਿਰ ਰਾਵੀ ਵਿੱਚ ਛਾਲਾਂ ਮਾਰਦੇ ਤੇ ਸ਼ਹਿਰ ਵਿੱਚ ਦਾਖਲ ਹੋ ਕੇ ਜੋ ਲੱਭਦਾ ਖਾ ਕੇ ਸਵੇਰ ਸਾਰ ਫਿਰ ਦੌੜ ਜਾਂਦੇ। 14 ਫਰਵਰੀ 1712 ਨੂੰ ਲਾਹੌਰ ਵਿੱਚ ਖਬਰ ਸੁਣੀ ਗਈ ਕਿ ਬਾਦਸ਼ਾਹ ਸਲਾਮਤ ਦੀ ਮੌਤ ਹੋ ਗਈ ਹੈ। ਸ਼ਾਹਜ਼ਾਦਿਆਂ ਵਿੱਚ ਤਖਤ ਵਾਸਤੇ ਖਾਨਾਜੰਗੀ ਛਿੜ ਪਈ। ਸ਼ਾਹਜ਼ਾਦਾ ਅਜ਼ੀਮੁੱਸ਼ਾਨ, ਜਿਹੜਾ ਬਾਦਸ਼ਾਹ ਨਾਲ ਹੀ ਲਾਹੌਰ ਸਿੱਖਾਂ ਦੀ ਬਗਾਵਤ ਦਬਾਉਣ ਆਇਆ ਸੀ ਨੇ ਤਖਤ ਦਾ ਮਾਲਕ ਹੋਣ ਦਾ ਐਲਾਨ ਕਰ ਦਿੱਤਾ। ਉਹ ਸਿਰ ਤੇ ਤਾਜ ਰੱਖ ਕੇ ਹਾਥੀ ਉੱਪਰ ਸਵਾਰ ਹੋ ਲਾਹੌਰ ਸ਼ਹਿਰ ਦਾ ਚੱਕਰ ਲਾਉਣ ਲੱਗਾ। ਸ਼ਾਹਜ਼ਾਦੇ ਦੇ ਹਾਥੀ ਦੇ ਤੋਪ ਦਾ ਗਲਾ ਲੱਗਾ ਤਾਂ ਉਹ ਬੇਕਾਬੂ ਹੋ ਗਿਆ ਤੇ ਬੇਤਹਾਸ਼ਾ ਦੌੜਨ ਲੱਗਾ।ਉਸਨੇ ਹਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ। ਸਮੇਤ ਰਾਜਕੁਮਾਰ ਦੇ ਇਹ ਹਾਥੀ ਡੁੱਬ ਕੇ ਮਰ ਗਿਆ। ਖਾਨਾ ਜੰਗੀ ਚਲਦੀ ਰਹੀ। ਆਖਰ 2 ਫਰਵਰੀ 1713 ਨੂੰ ਅਜ਼ੀਸ਼ਾਨ ਦਾ ਪੁੱਤਰ ਫਰੁੱਖਸੀਅਰ ਤਖਤ ‘ਤੇ ਬੈਠਾ। ਲਗਭਗ ਇੱਕ ਸਾਲ ਚਲਦੀ ਹੋਈ ਇਸ ਖਾਨਾਜੰਗੀ ਦਾ ਬੰਦਾ ਸਿੰਘ ਨੇ ਪੁਰਾ ਫਾਇਦਾ ਉਠਾਇਆ ਅਤੇ ਜਿਹੜੇ ਟਿਕਾਣੇ ਖੁੱਸ ਗਏ ਸਨ ਉਹਨਾਂ ਉੱਪਰ ਕਬਜਾ ਕਰ ਲਿਆ।

ਫਰੁੱਖਸੀਅਰ ਬੰਦਾ ਸਿੰਘ ਦੀਆਂ ਕਾਰਵਾਈਆਂ ਤੋਂ ਚਿੰਤਾਤੁਰ ਸੀ। ਉਸਨੇ ਖਜ਼ਾਨਾ ਅਤੇ ਫੌਜਾਂ ਲਾਹੌਰ ਦੇ ਸੂਬੇਦਾਰ ਅਬਦੁੱਸਮਾਨ ਖਾਨ ਪਾਸ ਭੇਜੀਆਂ ਕਿ ਬੰਦਾ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਪੇਸ਼ ਕੀਤਾ ਜਾਵੇ। ਉਹ ਬੜੇ ਹੱਲੇ ਕਰਦਾ ਪਰ ਬੰਦਾ ਸਿੰਘ ਕਾਬੂ ਨਾ ਆਉਂਦਾ| ਆਖਰ ਉਸ ਨੇ ਰਾਜਸਥਾਨ ਵਾਲੇ ਪਾਸੇ ਭੱਟੀਆਂ ਨੂੰ ਦਬਾਉਣ ਦਾ ਫੈਸਲਾ ਕੀਤਾ। ਭੱਟੀ ਕੋਈ ਵੱਡੀ ਮੁਸੀਬਤ ਨਹੀਂ ਸਨ ਸਗੋਂ ਨਵਾਬ ਬੰਦਾ ਸਿੰਘ ਤੋਂ ਡਰਦਾ ਟਲ ਗਿਆ ਸੀ। ਸੈਨਾਪਤੀਆਂ ਨੂੰ ਕਾਂਬਾ ਚੜਿਆ ਹੋਇਆ ਸੀ। ਉਸਨੂੰ ਬਾਦਸ਼ਾਹ ਨੇ ਵਾਪਸ ਆਉਣ ਦਾ ਹੁਕਮ ਦਿੱਤਾ ਕਿ ਬੰਦਾ ਸਿੰਘ ਦੀ ਬਗਾਵਤ ਦਬਾਉਣੀ ਜਰੂਰੀ ਹੈ। ਉਹ ਆ ਤਾਂ ਗਿਆ ਪਰ ਲੱਖੀ ਜੰਗਲ ਵੱਲ ਖਿਸਕ ਗਿਆ ਜਦੋਂ ਕਿ ਬੰਦਾ ਸਿੰਘ ਉਸ ਪਾਸੇ ਹੈ ਹੀ ਨਹੀਂ ਸੀ। ਬਾਦਸ਼ਾਹ ਨੇ ਉਸਦੀ ਜਵਾਬ ਤਲਬੀ ਕੀਤੀ ਤੇ ਸਖਤ ਤਾੜਨਾ ਕੀਤੀ ਕਿ ਬੰਦਾ ਸਿੰਘ ਦਾ ਪਿੱਛਾ ਕੀਤਾ ਜਾਵੇ।

ਬੰਦਾ ਸਿੰਘ ਆਪਣੇ ਸਿੱਖ ਸਾਥੀਆਂ ਨਾਲ ਗੁਰਦਾਸਪੁਰ ਜ਼ਿਲੇ ਵਿੱਚ ਸੀ। ਉਸਨੂੰ ਪਤਾ ਲੱਗਾ ਕਿ ਅਚਾਨਕ ਮੁਗਲ ਫੌਜਾਂ ਉਸਦਾ ਪਿਛਾ ਕਰਦੀਆਂ ਆ ਗਈਆਂ ਹਨ। ਗੁਰਦਾਸ ਨੰਗਲ ਨਾਮ ਦੇ ਪਿੰਡ ਵਿੱਚ ਦੁਨੀਚੰਦ ਦੀ ਹਵੇਲੀ ਸੀ।ਇਹ ਕੋਈ ਕਿਲਾ ਨਹੀਂ ਸੀ ਬਸ ਆਲੇ ਦੁਆਲੇ ਉਚੀ ਕੰਧ ਸੀ। ਵਿਚਕਾਰ ਖੁੱਲ੍ਹਾ ਵਿਹੜਾ | ਬੰਦਾ ਸਿੰਘ ਨੇ ਇਸ ਦੀ ਦੀਵਾਰ ਨੂੰ ਮਜ਼ਬੂਤ ਕੀਤਾ | ਆਖਰ ਨਵਾਬ 25 ਹਜ਼ਾਰ ਦੀ ਸੈਨਾ ਲੈ ਕੇ ਆ ਗਿਆ ਤੇ ਇਸ ਕਚੀ ਗੜ੍ਹੀ ਨੂੰ ਘੇਰ ਲਿਆ। ਬੰਦਾ ਸਿੰਘ ਪਾਸ ਬਹੁਤ ਥੋੜੀ ਸੈਨਾ ਸੀ ਤੇ ਥੋੜੇ ਹਥਿਆਰ। ਖਾਣ ਪੀਣ ਦਾ ਸਾਮਾਨ ਵੀ ਬਹੁਤਾ ਨਹੀਂ ਸੀ। ਹੈਰਾਨੀ ਹੁੰਦੀ ਹੈ ਕਿ 14 ਅਪ੍ਰੈਲ 1715 ਨੂੰ ਪਿਆ ਇਹ ਘੇਰਾ ਅੱਠ ਮਹੀਨੇ ਤਕ ਅੰਦਰ ਜਾਣ ਦੀ ਹਿੰਮਤ ਨਾ ਕਰ ਸਕਿਆ ਤੇ 7 ਦਸੰਬਰ 1715 ਨੂੰ ਬੰਦਾ ਸਿੰਘ ਆਪਣੇ ਭੁੱਖੇ ਤਿਹਾਏ ਸਾਢੇ ਸੱਤ ਸੌ ਸਾਥੀਆਂ ਸਮੇਤ, ਗ੍ਰਿਫਤਾਰ ਕੀਤਾ ਗਿਆ।

ਬਾਬਾ ਬਿਨੋਦ ਸਿੰਘ ਨੇ ਕਈ ਵਾਰ ਬਾਬਾ ਬੰਦਾ ਸਿੰਘ ਨੂੰ ਕਿਹਾ ਕਿ ਰਾਤ ਨੂੰ ਇੱਕ ਹੱਲਾ ਕਰਕੇ ਦੌੜ ਜਾਈਏ ਪਰ ਬੰਦਾ ਸਿੰਘ ਨਹੀਂ ਮੰਨਿਆ। ਇੱਕ ਵਾਰ ਤਾਂ ਦੋਹਾਂ ਦਾ ਤਕਰਾਰ ਏਨਾ ਵਧ ਗਿਆ ਸੀ ਕਿ ਬਿਨੋਦ ਸਿੰਘ ਨੇ ਤਲਵਾਰ ਮਿਆਨ ਵਿਚੋਂ ਕੱਢ ਲਈ ਸੀ। ਤਦ ਬਾਬਾ ਸਿੰਘ ਨੇ ਕਿਹਾ ਆਪਾਂ ਨੂੰ ਲੜਨਾ ਸ਼ੋਭਦਾ ਨਹੀਂ। ਤੁਸੀਂ ਚਲੇ ਜਾਓ। ਮੈਂ ਨਹੀਂ ਜਾਵਾਂਗਾ। ਬਿਨੋਦ ਸਿੰਘ ਦੁਸ਼ਮਣ ਸਫਾਂ ਚੀਰਦਾ ਹੋਇਆ ਸੁਰੱਖਿਅਤ ਆਪਣੇ ਸਾਥੀਆਂ ਸਮੇਤ ਦੌੜ ਗਿਆ। ਬੰਦਾ ਸਿੰਘ ਅੱਗੇ ਕਈ ਵਾਰ ਦੌੜ ਜਾਇਆ ਕਰਦਾ ਸੀ । ਪਰ ਇਸ ਵਾਰੀ ਉਸਨੇ ਕਿਉਂ ਉੱਥੇ ਹੀ ਟਿਕਣ ਦਾ ਫੈਸਲਾ ਕਰ ਲਿਆ ਇਸ ਗੱਲ ਦਾ ਕੋਈ ਪਤਾ ਨਹੀਂ ਲਗਦਾ।

ਜਦੋਂ ਮੁਗਲ ਤਲਵਾਰਾਂ ਧੂਹ ਕੇ ਕਿਲੇ ਅੰਦਰ ਵੜੇ ਤਾਂ ਮੁਕਾਬਲਾ ਕਿਸਨੇ ਕਰਨਾ ਸੀ ? ਸਿੱਖ ਭੁੱਖ ਨਾਲ ਅਧਮਰੇ ਪਏ ਸਨ। ਉਹਨਾਂ ਨੇ ਆਪਣੇ ਪਸ਼ੂ ਮਾਰ ਮਾਰ ਕੇ ਖਾ ਲਏ ਸਨ। ਬਾਲਣ ਨਹੀਂ ਬਚਿਆ ਸੀ ਤਾਂ ਕੱਚਾ ਮਾਸ ਖਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਖੂਨ ਦੇ ਦਸਤ ਲੱਗ ਕੇ ਕਈ ਸਿੰਘ ਦਮ ਤੋੜ ਗਏ ਸਨ ਮੁਗਲਾਂ ਨੇ ਬਹੁਤ ਸਾਰੇ ਸਿੱਖਾਂ ਦੇ ਪੇਟ ਤਲਵਾਰਾਂ ਨਾਲ ਇਸ ਲਈ ਚੀਰ ਦਿੱਤੇ ਕਿ ਸ਼ਾਇਦ ਇਹਨਾਂ ਨੇ ਮੁਹਰਾਂ ਨਿਗਲ ਰੱਖੀਆਂ ਹੋਣ। ਗੜ੍ਹੀ ਵਿਚੋਂ ਕੁਲ 600 ਰੁਪਏ, 23 ਸੋਨੇ ਦੀਆਂ ਮੁਹਰਾਂ ਤੇ ਥੋੜ੍ਹੇ ਜਿਹੇ ਹਥਿਆਰ ਪ੍ਰਾਪਤ ਹੋਏ।

ਅਬਦੁੱਸਮਦਖਾਨ ਗਵਰਨਰ ਲਾਹੌਰ ਖੁਦ ਦਿੱਲੀ ਬੰਦਾ ਸਿੰਘ ਨੂੰ ਲੈ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਨ ਦਾ ਮਾਣ ਪ੍ਰਾਪਤ ਕਰਨਾ ਚਾਹੁੰਦਾ ਸੀ ਪਰ ਬਾਦਸ਼ਾਹ ਨੇ ਕਿਹਾ ਕਿ ਤੁਸੀਂ ਲਾਹੌਰ ਹੀ ਰਹੋ ਤੇ ਆਪਣੇ ਬੇਟੇ ਨੂੰ ਭੇਜ ਦਿਓ। ਤਦ ਉਸਦਾ ਬੇਟਾ ਜ਼ਕਰੀਆ ਖਾਨ 740 ਬੰਦੀਆਂ ਅਤੇ ਦੋ ਸੌ ਸਿਰਾਂ ਸਮੇਤ ਦਿੱਲੀ ਵੱਲ ਨੂੰ ਚਲ ਪਿਆ। ਉਸਨੇ ਸੋਚਿਆ ਕਿ ਦੋ ਸੌ ਸਿਰ ਲੈ ਕੇ ਜਾਣਾ ਕੋਈ ਖਾਸ ਸੂਰਮਗਤੀ ਨਹੀਂ ਲਗਦੀ। ਇਸ ਲਈ ਉਸਨੇ ਸਖਤ ਹੁਕਮ ਚਾੜ ਦਿਤੋ ਕਿ ਜਿਵੇਂ ਮਰਜ਼ੀ ਕਰੋ ਜਿਥੋਂ ਮਰਜ਼ੀ ਲਿਆਓ ਹੋਰ ਸਿਰ ਵੱਢੋ। ਮਾਸੂਮ ਲੋਕਾਂ ਦਾ ਕਤਲੇਆਮ ਕਰਕੇ ਸੱਤ ਸੋ ਗੱਡੇ ਸਿਰਾਂ ਦੇ ਭਰੇ ਗਏ ਤੇ ਦਿੱਲੀ ਕੂਚ ਕੀਤਾ।

ਬਾਬਾ ਬੰਦਾ ਸਿੰਘ ਲੋਹੇ ਦੀਆਂ ਜੰਜ਼ੀਰਾਂ ਵਿੱਚ ਜਕੜ ਕੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਿਠਾਇਆ ਗਿਆ ਤਾਂ ਕਿ ਜੰਜੀਰਾਂ ਤੇ ਪਿੰਜਰਾ ਤੋੜ ਕੇ ਬੰਦਾ ਸਿੰਘ ਦੌੜਨ ਦਾ ਯਤਨ ਕਰੇ ਤਾਂ ਉਸਨੂੰ ਕਤਲ ਕਰ ਦਿੱਤਾ ਜਾਏ। ਉਸ ਦੇ ਹਾਸੋਹੀਣੇ ਕੱਪੜੇ ਪੁਆਏ ਗਏ ਸਨ ਤੇ ਸਿਰ ‘ਤੇ ਟੋਪੀ ਦਿੱਤੀ ਹੋਈ ਸੀ, ਇਵੇਂ ਹੀ ਬਾਕੀ ਕੈਦੀ ਜੰਜ਼ੀਰਾਂ ਵਿੱਚ ਬੰਨ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਦੋ ਦੋ ਦੀ ਗਿਣਤੀ ਵਿੱਚ ਬਿਨਾਂ ਕਾਠੀ ਉਠਾਂ ‘ਤੇ ਬਿਠਾਏ ਗਏ। ਭੇਡਾਂ ਦੀਆਂ ਖੱਲਾਂ ਦੇ ਕੋਟ ਪਹਿਨਾਏ ਤੇ ਸਿਰਾਂ ਤੇ ਰੰਗ ਬਰੰਗੀਆਂ ਟੋਪੀਆਂ ਦਿੱਤੀਆਂ ਹੋਈਆਂ ਸਨ। 29 ਫਰਵਰੀ 1716 ਨੂੰ ਵੱਡੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਾਲ ਕਿਲੇ ਕੋਲ ਦੀ ਲੰਘਾਏ ਗਏ। ਲੱਖਾਂ ਮਰਦ ਔਰਦਾਂ ਇਹ ਤਮਾਸ਼ਾ ਦੇਖਣ ਲਈ ਕਤਾਰਾਂ ਵਿੱਚ ਖਲੋਤੇ ਸਨ।

ਇਸ ਸਮੇਂ ਬਹੁਤ ਸਾਰੇ ਮੁਸਲਮਾਨ ਅਤੇ ਕੁਝ ਈਸਾਈ ਇਤਿਹਾਸਕਾਰ ਚਸ਼ਮਦੀਦ ਗਵਾਹ ਦਸਦੇ ਸਨ ਕਿ ਉਹਨਾਂ ਨੇ ਕਿਸੇ ਇੱਕ ਵੀ ਸਿੱਖ ਨੂੰ ਉਦਾਸ ਨਹੀਂ ਦੇਖਿਆ। ਉਹ ਸ਼ਬਦ ਗਾਉਂਦੇ ਪੂਰੇ ਜਾਹੋ ਜਲਾਲ ਵਿੱਚ ਜਾ ਰਹੇ ਸਨ। ਇਹਨਾਂ ਅਣਖੀਲੇ ਯੋਧਿਆਂ ਦੀ ਸ਼ਾਨ ਨਿਰਾਲੀ ਸੀ। ਜਕਰੀਆਂ ਖਾਨ ਨੂੰ ਬਾਦਸ਼ਾਹ ਫਰੁੱਖਸੀਅਰ ਨੇ ਖਾਸ ਖਿੱਲਤ ਹੀਰੇ ਜੜੀ ਕਲਗੀ, ਘੋੜਾ ਅੜੈ ਹਾਥੀ ਇਨਾਮ ਵਜੋਂ ਦਿੱਤੇ।ਇਰਵਿਨ ਨੇ ਫੜੇ ਗਏ ਹਥਿਆਰਾਂ ਦੀ ਛੋਟੀ ਜਿਹੀ | ਸੂਚੀ ਦਿੰਦਿਆਂ ਲਿਖਿਆ ਹੈਰਾਨੀ ਹੁੰਦੀ ਹੈ ਕਿ ਏਨੇ ਕੁ ਸਾਮਾਨ ਨਾਲ ਉਹਨਾਂ ਨੇ ਭਾਰਤ ਦੀ ਸ਼ਕਤੀਸ਼ਾਲੀ ਹਕੂਮਤ ਨਾਲ ਕੇਵਲ ਟੱਕਰ ਹੀ ਨਹੀਂ ਲਈ ਸਗੋਂ ਇਸ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਹਰ ਰੋਜ਼ ਸੌ-ਸੌ ਦੀ ਗਿਣਤੀ ਵਿੱਚ ਆਮ ਲੋਕਾਂ ਦੇ ਸਾਹਮਣੇ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਤੇ ਇਹ ਕਤਲੇਆਮ ਇੱਕ ਹਫ਼ਤਾ ਚਲਦਾ ਰਿਹਾ। 12 ਮਾਰਚ 1716 ਨੂੰ ਸਾਰੇ ਸਿੱਖ ਬੰਦੀ ਮੁਕਾ ਦਿੱਤੇ ਗਏ । ਹਰੇਕ ਨੂੰ ਪੁੱਛਿਆ ਜਾਂਦਾ ਸੀ ਕਿ ਜੇ ਇਸਲਾਮ ਧਰਮ ਧਾਰਨ ਕਰ ਲਵੋ ਤਾਂ ਜਾਨ ਬਚ ਸਕਦੀ ਹੈ, ਕਿਸੇ ਇੱਕ ਵੀ ਸਿੱਖ ਨੇ ਧਰਮ ਨਹੀਂ ਬਦਲਿਆ। ਬੰਦਾ ਸਿੰਘ ਨੂੰ ਜੂਨ ਤਕ ਤਸੀਹੇ ਦੇ ਦੇ ਕੇ ਪੁੱਛਿਆ ਜਾਂਦਾ ਰਿਹਾ ਕਿ ਖਜ਼ਾਨਾ ਕਿਥੇ ਦੱਬਿਆ ਹੋਇਆ ਹੈ। ਉਸਨੇ ਕੀ ਦੱਸਣਾ ਸੀ ਕਿਉਂ ਜੁ ਖਜ਼ਾਨਾ ਉਸਨੇ ਕਦੀ ਦੱਬਿਆ ਹੀ ਨਹੀਂ ਸੀ। ਜੋ ਕੁਝ ਉਸ ਪਾਸ ਹੁੰਦਾ ਉਹ ਸਿੰਘਾਂ ਵਿੱਚ ਵੰਡ ਦਿੰਦਾ ਸੀ।

ਆਖਰ 9 ਜੂਨ 1716 ਨੂੰ ਬੰਦਾ ਸਿੰਘ ਨੂੰ ਸ਼ਹੀਦ ਕਰਨ ਦਾ ਫੈਸਲਾ ਹੋਇਆ। ਉਸ ਨਾਲ 26 ਸਿੱਖ ਜਰਨੈਲ ਹੋਰ ਸਨ ਤੇ ਇਹਨਾਂ ਸਭਨਾਂ ਨੂੰ ਪਹਿਲਾਂ ਵਾਂਗ ਹੀ ਜਲੂਸ ਦੀ ਸ਼ਕਲ ਵਿੱਚ ਕੁਤਬਮੀਨਾਰ ਲਾਗੇ ਲਿਜਾਇਆ ਗਿਆ। ਬੰਦਾ ਸਿੰਘ ਨੂੰ ਵੀ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰਨਾ ਹੈ ਕਿ ਮੌਤ ਤਾਂ ਬੰਦਾ ਸਿੰਘ ਨੇ ਕਿਹਾ ਮੌਤ। ਉਸ ਦਾ ਚਾਰ ਸਾਲਾਂ ਦਾ ਬੇਟਾ ਅਜੈਪਾਲ ਸਿੰਘ ਉਸ ਦੀ ਗੋਦ ਵਿੱਚ ਬਿਠਾਇਆ ਗਿਆ ਤੇ ਹੱਥ ਵਿੱਚ ਛੁਰਾ ਫੜਾ ਕੇ ਹੁਕਮ ਦਿੱਤਾ ਇਸਨੂੰ ਕਤਲ ਕਰ। ਬੰਦਾ ਸਿੰਘ ਨੇ ਅਜਿਹਾ ਕਰਨੋ ਇਨਕਾਰ ਕਰ ਦਿੱਤਾ। ਉਸਦੇ ਸਾਹਮਣੇ ਜਲਾਦ ਨੇ ਉਸਦੀ ਛਾਤੀ ਵਿੱਚ ਛੁਰਾ ਮਾਰ ਕੇ ਉਸਦਾ ਤੜਪਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੁੰਹ ਵਿੱਚ ਤੁੰਨਣ ਦਾ ਯਤਨ ਕੀਤਾ। ਉਸ ਦੇ ਵਾਲ ਉੱਪਰ ਪਿੰਜਰੇ ਨਾਲ ਬੰਨ ਕੇ ਉਸਦਾ ਮਾਸ ਜਮੂਰਾਂ ਨਾਲ ਤੋੜਿਆ ਗਿਆ ਤੇ ਗਰਮ ਸਲਾਖਾਂ ਖਭੋਈਆਂ ਗਈਆਂ । ਉਹ ਅਹਿਲ ਅਡੋਲ ਤੇ ਸ਼ਾਂਤਚਿਤ ਖਲੋਤਾ ਰਿਹਾ । ਉਸਦੇ ਹੋਠਾਂ ‘ਤੇ ਸਿਰਫ ਵਾਹਿਗੁਰੂ ਸ਼ਬਦ ਦੀ ਧੁਨੀ ਸੀ।

ਪ੍ਰਧਾਨ ਮੰਤਰੀ ਅਮੀਨ ਖਾਨ ਇਸ ਕਾਫਰ ਦੀ ਸ਼ਹਾਦਤ ਅੱਖੀਂ ਦੇਖਣ ਲਈ ਕਤਲਗਾਹ ਵਿੱਚ ਪੁੱਜਾ। ਉਹ ਬੰਦਾ ਸਿੰਘ ਦੇ ਚਿਹਰੇ ਦਾ ਜਲਾਲ ਦੇਖ ਕੇ ਦੰਗ ਰਹਿ ਗਿਆ ਤੇ ਪੁੱਛਿਆ – ਇੱਕ ਫਕੀਰ ਲਈ ਕੀਇਹ ਉਚਿਤ ਸੀ ਕਿ ਇਹੋ ਜਿਹਾ ਕਤਲੇਆਮ ਮਚਾਉਂਦਾ ? ਬੰਦਾ ਸਿੰਘ ਨੇ ਕਿਹਾ ਜਦੋਂ ਤੇਰੋ ਜਿਹੇ ਲੋਕ ਜੁਲਮ ਦੀ ਅੱਤ ਚੁੱਕਣ ਤਾਂ ਮੇਰਾ ਗੁਰੂ ਮੇਰੇ ਜਿਹਿਆਂ ਨੂੰ ਥਾਪੜਾ ਦੇ ਕੇ ਤੋਰ ਦਿੰਦਾ ਹੈ ਕਿ ਜ਼ੁਲਮ ਖਤਮ ਕਰੋ । ਪਰ ਮੇਰੇ ਜਿਹਾ ਵੀ ਕੋਈ ਜੋ ਵਧੀਕੀਆਂ ਕਰੇ ਤਾਂ ਮੇਰਾ ਗੁਰੂ ਮੇਰੇ ਜਿਹਿਆਂ ਨੂੰ ਫਿਰ ਤੇਰੇ ਜਿਹਿਆਂ ਦੇ ਹਵਾਲੇ ਕਰ ਦਿੰਦਾ ਹੈ। ਅਮੀਨ ਖਾਨ ਨੇ ਫਿਰ ਪੁੱਛਿਆ ਪਰ ਤੁਸੀਂ ਕਹਿੰਦੇ ਹੋ ਤੁਹਾਡਾ ਗੁਰੂ ਸਰਬ ਸਮਰੱਥ ਤੇ ਮਦਦਗਾਰ ਹੈ। ਫਿਰ ਇਸ ਸੰਕਟ ਦੀ ਘੜੀ ਉਹ ਤੈਨੂੰ ਕਿਉਂ ਨਹੀਂ ਬਚਾਉਂਦਾ ? ਬੰਦਾ ਸਿੰਘ ਨੇ ਕਿਹਾ ਮੇਰਾ ਗੁਰੂ ਮਿਹਰਬਾਨ ਹੈ। ਉਹ ਮੈਨੂੰ ਆਪਣੇ ਚਰਨਾਂ ਵਿੱਚ ਬਿਠਾ ਕੇ ਰੱਖਣ ਦਾ ਇਛੁੱਕ ਹੈ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ। ਮੇਰੇ ਕੀਤੇ ਪਾਪਾਂ ਦੀ ਸਜ਼ਾ ਉਹ ਧਰਤੀ ਉੱਪਰ ਹੀ ਦੇ ਕੇ ਫਿਰ ਆਪਣੇ ਪਾਸ ਰੱਖੇਗਾ। ਉਹ ਅਨੰਤ ਸ਼ਾਨਾ ਦਾ ਮਾਲਕ, ਕਲਗੀਧਰ ਪਿਤਾ ਅਦੁੱਤੀ ਵਿਹਾਰ ਕਰਦਾ ਹੈ।

ਜਲਾਦ ਨੇ ਪਹਿਲਾਂ ਉਸਦੀ ਸੱਜੀ ਅੱਖ ਕੱਢੀ ਫਿਰ ਖੱਬੀ ਫਿਰ ਉਸਦਾ ਖੱਬਾ ਪੈਰ ਵੱਢ ਦਿੱਤਾ ਗਿਆ ਤੇ ਇਸ ਤੋਂ ਬਾਅਦ ਦੋਵੇਂ ਹੱਥ ਕੱਟ ਦਿੱਤੇ ਗਏ। ਬੇਅੰਤ ਖੂਨ ਵਹਿ ਜਾਣ ਕਾਰਨ ਉਹ ਬੇਹੋਸ਼ ਹੋ ਗਿਆ ਤਾਂ ਉਸਦਾ ਸਿਰ ਕੱਟ ਦਿੱਤਾ ਗਿਆ। ਫਿਰ ਉਸਦੇ ਸਾਰੇ ਜਿਸਮ ਦੀ ਬੋਟੀ ਬੋਟੀ ਕਰਕੇ ਕਾਵਾਂ ਕੁੱਤਿਆਂ ਦੇ ਖਾਣ ਵਾਸਤੇ ਖਲਾਰ ਦਿੱਤੀ ਗਈ।

ਇਹੋ ਜਿਹੇ ਲਾਸਾਨੀ ਸ਼ਹੀਦ ਇਤਿਹਾਸ ਵਿੱਚ ਬੜੇ ਘੱਟ ਪਰ ਸਿੱਖਾਂ ਵਿੱਚ ਬਹੁਤ ਹੋਏ ਹਨ। ਬਾਕੀ ਦੇ ਸਾਥੀਆਂ ਨੂੰ ਵੀ ਇਸੇ ਢੰਗ ਨਾਲ ਕਤਲ ਕੀਤਾ ਗਿਆ। ਜਿਸ ਕਿਸੇ ਨੇ ਵੀ ਇਹ ਦ੍ਰਿਸ਼ ਦੇਖੇ ਚਾਹੇ ਮੁਸਲਮਾਨ, ਚਾਹੇ ਹਿੰਦੂ ਜਾਂ ਈਸਾਈ ਸਭਨਾਂ ਨੇ ਬੰਦਾ ਸਿੰਘ ਦੀ ਸ਼ਹਾਦਤ ਨੂੰ ਗੈਬੀ ਵਰਤਾਰੇ ਵਾਲੀ ਮੰਨਿਆ ਹੈ। ਇਹ ਘਟਨਾ ਕੋਈ ਆਮ ਨਹੀਂ ਸੀ। ਖਾਲਸਾ ਪੰਥ ਦਾ ਇੱਕ ਆਮ ਸਿੱਖ ਜਦੋਂ ਸ਼ਹੀਦ ਹੋਇਆ ਤਾਂ ਕੇਵਲ ਅੱਠ ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਉਹ ਕੌਮੀ ਹੀਰੋ ਬਣ ਗਿਆ।

ਬੇਸ਼ਕ ਉਹ ਸ਼ਹੀਦ ਹੋ ਗਿਆ ਤੇ ਬੜਾ ਘੱਟ ਸਮਾਂ ਉਸ ਨੂੰ ਹਕੂਮਤ ਕਰਨ ਦਾ ਮਿਲਿਆ ਪਰ ਪੰਜਾਬ ਦੇ ਲਤਾੜੇ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਉਸ ਨੇ ਸਵੈਮਾਣ ਅਤੇ ਆਜ਼ਾਦੀ ਦੇ ਚਰਾਗ ਬਾਲ ਦਿੱਤੇ। ਹਿੰਦੁਸਤਾਨ ਵਿੱਚ ਇਹ ਪਹਿਲੀ ਵਾਰ ਪੰਜਾਬ ਵਿੱਚ ਬੰਦਾ ਸਿੰਘ ਨੇ ਕੀਤਾ ਸੀ ਕਿ ਗੁਲਾਮ ਕਿਸਾਨ ਜਿਹੜੇ ਕਿ ਮੁਜਾਰੇ ਸਨ ਤੇ ਜ਼ਮੀਨ ਵੱਡੇ ਜਿਮੀਂਦਾਰਾਂ ਦੀ ਸੀ, ਇਸ ਜ਼ਮੀਨ ਦੇ ਮਾਲਕ ਬਣਾ ਦਿੱਤੇ। ਬੰਦਾ ਸਿੰਘ ਦਾ ਐਲਾਨ ਸੀ ਜ਼ਮੀਨ ਉਸੇ ਦੀ ਹੈ ਜਿਹੜਾ ਇਸ ਨੂੰ ਵਾਹ ਰਿਹਾ ਹੈ। ਬੰਦਾ ਸਿੰਘ ਤਾਂ ਸ਼ਹੀਦ ਹੋ ਗਿਆ ਪਰ ਕਿਸਾਨਾਂ ਤੋਂ ਜ਼ਮੀਨ ਦੀ ਮਾਲਕੀ ਦਾ ਹੱਕ ਹਕੂਮਤ ਬਾਅਦ ਵਿੱਚ ਵੀ ਨਾ ਖੋਹ ਸਕੀ।

ਸਿੱਖ ਬੀਆਬਾਨ ਜੰਗਲਾਂ ਵਿੱਚ ਵਸਦੇ ਸਨ ਜੋ ਕੋਈ ਗਰੀਬ ਪਿੰਡ ਵਿੱਚ ਰਹਿੰਦਾ ਸੀ ਤਾਂ ਉਹ ਨੀਵੀਂ ਜਾਤ ਦਾ ਵਿਰਲਾ ਟਾਵਾਂ ਹੁੰਦਾ ਜਿਸ ਤੋਂ ਕੇਵਲ ਗੰਦਗੀ ਦੀ ਸਫਾਈ ਦਾ ਕੰਮ ਮੁਸਲਮਾਨ ਲੈਂਦੇ। ਜਾਂ ਫਿਰ ਕੁਝ ਕੁ ਸਿੱਖ ਚਮਾਰ ਸਨ ਜਿਹੜੇ ਖੱਲਾਂ ਲਾਹੁਣ ਤੇ ਚਮੜਾ ਰੰਗਣ ਦਾ ਕੰਮ ਕਰਦੇ। ਇਹੋ ਜਿਹੇ ਗੁਲਾਮ ਗਰੀਬ ਸਿੱਖ ਜਦੋਂ ਬੰਦਾ ਸਿੰਘ ਪਾਸ ਜਾ ਹਾਜ਼ਰ ਹੁੰਦੇ ਤਾਂ ਉਹ ਉਹਨਾਂ ਨੂੰ ਆਪਣਾ ਹੁਕਮਨਾਮਾ ਨਿਸ਼ਾਨ ਤੇ ਉਸ ਪਿੰਡ ਦੀ ਮਾਲਕੀ ਦਾ ਅਖਤਿਆਰ ਦੇ ਕੇ ਵਾਪਸ ਭੇਜਦਾ ਤਾਂ ਪਿੰਡ ਦੇ ਇੱਜ਼ਤਦਾਰ ਤੋਂ ਵੱਡੇ ਖਾਨਦਾਨੀ ਮੁਸਲਮਾਨ ਕਤਾਰ ਬੰਨ੍ਹ ਕੇ ਉਸਦੇ ਸਵਾਗਤ ਲਈ ਖਲੋਤੇ ਹੁੰਦੇ। ਉਹ ਯੋਧੇ ਜਿਹੜੇ ਜੰਗ ਵਿੱਚ ਜਾਨਾਂ ਵਾਰਨ ਲਈ ਨਿਕਲ ਤੁਰਦੇ ਸਨ ਹੁਕਮ ਦੇ ਤਾਬਿਆਦਾਰ ਹੋ ਜਾਂਦੇ। ਅੱਠ ਸਾਲ ਦੇ ਸੰਖੇਪ ਸਮੇਂ ਵਿੱਚ ਉਸ ਨੇ ਜਿਹੜੀਆਂ ਕਰਾਮਾਤਾਂ ਵਰਤਾਈਆਂ ਉਹਨਾਂ ਨੂੰ ਵੀ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅੱਗੇ ਤੋਰਿਆ ਤੋਂ ਇਹਨਾਂ ਸੂਰਬੀਰਾਂ ਦੀਆਂ ਵਾਹੀਆਂ ਹੋਈਆਂ ਤੇਗਾਂ ਸਦਕਾ 1669 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਹੇਠ ਲਾਹੌਰ ਦੇ ਕਿਲੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਕੇ ਸਰਕਾਰ ਖਾਲਸਾ ਦੀ ਸਥਾਪਨਾ ਕੀਤੀ।

♣ ਡਾ. ਹਰੀ ਰਾਮ ਗੁਪਤਾ ਲਿਖਦੇ ਹਨ – ਉਹ ਨਾ ਇਸਲਾਮ ਦਾ ਵਿਰੋਧੀ ਸੀ ਨਾ ਮੁਸਲਮਾਨਾਂ ਦਾ। ਉਸਨੇ ਕਲਾਨੌਰ ਵਿੱਚ 5000 ਮੁਸਲਮਾਨ ਭਰਤੀ ਕੀਤੇ ਤੇ ਉਹਨਾਂ ਨੂੰ ਬਾਂਗ ਨਮਾਜ਼ ਦੀ ਆਜ਼ਾਦੀ ਸੀ । ਉਸਨੂੰ ਜੇ ਗੁੱਸਾ ਸੀ ਤਾਂ ਕੇਵਲ ਜ਼ਾਲਮਾਂ ਵਿਰੁੱਧ। ਮੁਗਲਾਂ ਦੀ ਨਜ਼ਰ ਵਿੱਚ ਉਹ ਸਿਰੇ ਦਾ ਲਹੁਤਿਹਾਇਆ ਰਾਖਸ਼ ਸੀ, ਹਿੰਦੂਆਂ ਲਈ ਸ਼੍ਰੋਮਣੀ ਨਾਇਕ ਅਤੇ ਸਿੱਖਾਂ ਲਈ ਉਹ ਪਹਿਲਾ ਬਾਦਸ਼ਾਹ ਸੀ। ਉਹ ਰੂਹਾਨੀ ਸਿਆਸੀ ਅਤੇ ਯੁੱਧਨੀਤੀ ਦੇ ਅਮਲ ਦਾ ਜੀਨੀਅਸ ਸੀ। ਚਾਹੇ ਕੋਈ ਸੈਤਾਨ ਕਹੇ ਚਾਹੇ ਫਕੀਰ ਕਹੇ ਉਹ ਆਪਣੀ ਮਿਸਾਲ ਆਪ ਸੀ। ਵਿਸ਼ਵ ਇਤਿਹਾਸ ਵਿੱਚ ਉਸਦਾ ਰੁਤਬਾ ਸਿਕੰਦਰ, ਨਾਦਰਸ਼ਾਹ, ਅਬਦਾਲੀ ਅਤੇ ਨੈਪੋਲੀਅਨ ਤੋਂ ਘੱਟ ਨਹੀਂ।

♠ ਪ੍ਰੋ. ਪੂਰਨ ਸਿੰਘ ਆਪਣੇ ਨਿਬੰਧ ਬੀਰਤਾ ਵਿੱਚ ਲਿਖਦੇ ਹਨ- ਯੋਧਾ ਪਤਲੀ ਟੀਨ ਦਾ ਪੀਪਾ ਨਹੀਂ ਹੁੰਦਾ ਕਿ ਜ਼ਰਾ ਕੁ ਸੋਕ ਲੱਗਾ ਤਾਂ ਵਿਚਲਾ ਘਿਓ ਪੰਘਰ ਗਿਆ ਤੇ ਰਤਾ ਕੁ ਠੰਢਾ ਬੁੱਲਾ ਆਇਆ ਤਾਂ ਜੰਮ ਗਿਆ। ਯੋਧੇ ਨੂੰ ਜਲਦੀ ਕੀਤਿਆ ਗੁੱਸਾ ਨਹੀਂ ਆਉਂਦਾ। ਉਸਨੂੰ ਗੁੱਸੇ ਕਰਨ ਵਾਸਤੇ ਕਈ ਸਦੀਆਂ ਲਗਦੀਆਂ ਹਨ। ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾਂ ਨੇ ਬੰਦਾ ਸਿੰਘ ਨੂੰ ਗੁੱਸੇ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿੱਚ ਆ ਜਾਣ ਤਦ ਉਹਨਾਂ ਦਾ ਗੁੱਸਾ ਉਤਰਨ ਵਿੱਚ ਵੀ ਕਈ ਸਦੀਆਂ ਲਗਦੀਆਂ ਹਨ।


ਉਪਰੋਕਤ ਲਿਖਤ ਪਹਿਲਾਂ 24 ਜੂਨ 2020ਨੂੰ ਛਾਪੀ ਗਈ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,