ਮੁੰਬਈ (30 ਸਤੰਬਰ, 2015): ਮੁੰਬਈ ਵਿਚ ਲੋਕਲ ਰੇਲ ਗੱਡੀਆਂ ਵਿਚ ਸਾਲ 2006 ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ 9 ਸਾਲ ਬਾਅਦ ਵਿਸ਼ੇਸ਼ ਮਕੋਕਾ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ 12 ਦੋਸ਼ੀਆਂ ਵਿਚੋਂ 5 ਨੂੰ ਮੌਤ ਦੀ ਸਜ਼ਾ ਅਤੇ ਬਾਕੀ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਬੰਬ ਧਮਾਕਿਆਂ ਵਿਚ 189 ਲੋਕ ਮਾਰੇ ਗਏ ਸਨ ਤੇ 800 ਜ਼ਖ਼ਮੀ ਹੋਏ ਸਨ।

ਫ਼ੈਸਲਾ ਸੁਣਾਉਂਦਿਆਂ ਵਿਸ਼ੇਸ਼ ਅਦਾਲਤ ਦੇ ਜੱਜ ਯਤੀਨ ਡੀ. ਸ਼ਿੰਦੇ ਨੇ ਕਮਾਲ ਅਹਿਮਦ ਅੰਸਾਰੀ (37), ਮੁਹੰਮਦ ਫੈਜ਼ਲ ਸ਼ੇਖ (36), ਏਹਤੇਸ਼ਾਮ ਸਦੀਕੀ (30), ਨਵੀਦ ਹੁਸੈਨ ਖਾਨ (30) ਅਤੇ ਆਸਿਫ ਖਾਨ (38) ਨੂੰ ਮੌਤ ਦੀ ਸਜ਼ਾ ਸੁਣਾਈ। ਇਨ੍ਹਾਂ ਪੰਜਾਂ ਨੇ ਬੰਬ ਲਗਾਏ ਸਨ। ਇਸ ਦੇ ਇਲਾਵਾ ਤਨਵੀਰ ਅਹਿਮਦ ਅੰਸਾਰੀ (37), ਮੁਹੰਮਦ ਮਜੀਦ ਸ਼ਫੀ (32), ਸ਼ੇਖ ਅਲਾਮ ਸ਼ੇਖ (41), ਮੁਹੰਮਦ ਸਾਜਿਦ ਅੰਸਾਰੀ (34), ਮੁਜ਼ਾਮੀ ਸ਼ੇਖ (27), ਸੁਹੇਲ ਮੁਹੰਮਦ ਸ਼ੇਖ (43) ਅਤੇ ਜ਼ਮੀਰ ਅਹਿਮਦ ਸ਼ੇਖ (36) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਬਾਅਦ ਸੁਣਵਾਈ ਪ੍ਰਕਿਰਿਆ ਨੂੰ ਪੂਰਾ ਕੀਤਾ ਸੀ। ਅਦਾਲਤ ਨੇ 23 ਸਤੰਬਰ ਨੂੰ ਫ਼ੈਸਲਾ ਅੱਜ ਲਈ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ 13 ‘ਚੋਂ 12 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦਕਿ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ।
ਅਦਾਲਤ ਨੇ ਸਾਰੇ 12 ਦੋਸ਼ੀਆਂ ਨੂੰ ਮਕੋਕਾ ਦੀ ਧਾਰਾ 3 (1) ਤਹਿਤ ਵੀ ਦੋਸ਼ੀ ਪਾਇਆ ਜਿਸ ਤਹਿਤ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਨ੍ਹਾਂ ਦੋਸ਼ੀਆਂ ਨੂੰ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਦੀ ਜਾਂਚ ਅਨੁਸਾਰ ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਦੇ ਮੈਂਬਰ ਆਜ਼ਮ ਚੀਮਾ ਸਮੇਤ 13 ਪਾਕਿਸਤਾਨੀ ਨਾਗਰਿਕ ਇਸ ਮਾਮਲੇ ਵਿਚ ਫਰਾਰ ਹਨ।
ਜ਼ਿਕਰਯੋਗ ਹੈ ਕਿ ਮੁੰਬਈ ਵਿਚ 11 ਜੁਲਾਈ, 2006 ਨੂੰ ਪੱਛਮੀ ਰੇਲਵੇ ਦੀਆਂ ਉਪ-ਨਗਰੀ ਰੇਲ ਗੱਡੀਆਂ ਦੀਆਂ 7 ਬੋਗੀਆਂ ਵਿਚ ਸ਼ਾਮ 6.23 ਵਜੇ ਤੋਂ 11 ਮਿੰਟ ਦੌਰਾਨ 7 ਲੜੀਵਾਰ ਆਰ.ਡੀ.ਐਕਸ. ਬੰਬ ਧਮਾਕੇ ਕੀਤੇ ਗਏ ਸਨ ਜਿਸ ਕਾਰਨ 189 ਯਾਤਰੀਆਂ ਦੀ ਜਾਨ ਚੱਲੀ ਗਈ ਸੀ ਜਦਕਿ 817 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।
8 ਸਾਲ ਤੱਕ ਚੱਲੀ ਸੁਣਵਾਈ ਦੌਰਾਨ ਸਰਕਾਰੀ ਪੱਖ ਨੇ ਕਰੀਬ 5500 ਸਫ਼ਿਆਂ ਦੇ ਬਿਆਨ ਨਾਲ ਹੀ ਯਾਤਰੀਆਂ, ਧਮਾਕਿਆਂ ਵਿਚ ਵਾਲ-ਵਾਲ ਬਚੇ ਲੋਕਾਂ, ਚਕਿਸਤਕਾ, ਪੁਲਿਸ ਵਾਲਿਆਂ ਤੇ ਹੋਰ ਲੋਕਾਂ ਸਮੇਤ 188 ਗਵਾਹ ਪੇਸ਼ ਕੀਤੇ।