ਤਰਨਤਾਰਨ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਪੰਜਾਬ ਵਿੱਚ ਵੱਖੋ ਵੱਖ ਥਾਵਾਂ ‘ਤੇ ਸਿੱਖ ਸੰਗਤਾਂ ਵੱਲੋਂ ਧਰਨੇ ਲਾ ਕੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ।ਪਿਛਲੇ ਦਿਨੀਂ ਤਰਨਤਾਰਨ ਜਿਲ੍ਹੇ ਦੇ ਪਿੰਡ ਬਾਠ ਵਿਖੇ ਕਿਸੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਅੱਜ ਹਲਕਾ ਖੰਡੂਰ ਸਾਹਿਬ ਦੇ ਕਾਂਗਰਸ ਪਾਰਟੀ ਵੱਲੋਂ ਜਿੱਤੇ ਐਮ.ਐਲ.ਏ ਸ.ਰਮਨਜੀਤ ਸਿੰਘ ਸਿੱਕੀ ਵੱਲੋਂ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।

ਸਿੱਕੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੇ ਗਏ ਅਸਤੀਫੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਅਤੇ ਮੇਰੇ ਹਲੇ ਦੇ ਪਿੰਡ ਬਾਠ ਵਿੱਚ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਅਤੇ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਏ ਮੈਂ ਇਹਨਾਂ ਹਾਲਾਤਾਂ ਨੂੰ ਸੋਧਨ ਵਿੱਚ ਆਪਣੇ ਆਪ ਨੂੰ ਬੇਬੱਸ ਪਾ ਰਿਹਾ ਹਾਂ। ਇਹਨਾਂ ਕਾਰਨਾਂ ਕਰਕੇ ਮੈਂ ਇਸ ਝੂਠੀ ਸਰਕਾਰ ਤੇ ਵਿਧਾਨ ਸਭਾ ਦਾ ਹਿੱਸਾ ਬਣ ਕੇ ਨਹੀਂ ਰਹਿਣਾ ਚਾਹੁੰਦਾ।ਇਸ ਲਈ ਮੈਂ ਇੱਕ ਸੱਚਾ ਗੁਰੂ ਦਾ ਸਿੱਖ ਹੁੰਦਿਆਂ ਤੇ ਨੈਤਿਕ ਜਿੰਮੇਵਾਰੀ ਸਮਝਦਿਆਂ ਆਪਣੀ ਵਿਧਾਨ ਸਭਾ ਦੀ ਸੀਟ ਤੋਂ ਅਸਤੀਫਾ ਦਿੰਦਾ ਹਾਂ।ਕ੍ਰਿਪਾ ਕਰਕੇ ਮੇਰਾ ਅਸਤੀਫਾ ਕਬੂਲ ਕੀਤਾ ਜਾਵੇ।”
ਐਸ.ਜੀ.ਪੀ.ਸੀ, ਸ਼੍ਰੋਮਣੀ ਅਕਾਲੀ ਦਲ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰਾਂ ਵੱਲੋਂ ਆ ਰਹੇ ਅਸਤੀਫਿਆਂ ਤੋਂ ਬਾਅਦ ਇਹ ਕਿਸੇ ਐਮ.ਐਲ.ਏ ਵੱਲੋਂ ਦਿੱਤਾ ਗਿਆ ਪਹਿਲਾ ਅਸਤੀਫਾ ਹੈ।ਇਹਨਾਂ ਅਸਤੀਫਿਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਰੋਹ ਕਿਸ ਹੱਦ ਤੱਕ ਵੱਧ ਚੁੱਕਾ ਹੈ ਅਤੇ ਜੇ ਸਰਕਾਰ ਵੱਲੋਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਰੋਹ ਹੋਰ ਤਿੱਖਾ ਰੂਪ ਧਾਰਨ ਕਰ ਸਕਦਾ ਹੈ।