ਸਿਰਸਾ (2 ਅਪ੍ਰੈਲ, 2016): ਸਰਸੇ ਦੇ ਸਰਚਿਤ ਸਾਧ ਗੁਰਮੀਤ ਰਾਮ ਹਰੀਮ ਨੇ ਅੱਜ ਕਤਲ ਤੇ ਜਬਰ ਜਨਾਹ ਕੇਸ ‘ਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀ ਭੁਗਤੀ ਗਈ । ਪੇਸ਼ੀ ਦੌਰਾਨ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ । ਸਿਰਸਾ ਦੀ ਅਦਾਲਤ ਅਤੇ ਡੇਰੇ ਨੂੰ ਜਾਣ ਵਾਲੇ ਰਾਹਾਂ ‘ਤੇ ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ ।

ਜਾਣਕਾਰੀ ਅਨੁਸਾਰ ਸਾਧ ਗੁਰਮੀਤ ਰਾਮ ਹਰੀਮ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਤੋਂ ਇਲਾਵਾ ਸਾਧਵੀ ਜਬਰ ਜਨਾਹ ਦੇ ਕੇਸ ਵਿੱਚ ਅੱਜ ਸੀ.ਬੀ.ਆਈ. ਦੀ ਪੰਚਕੂਲਾ ਵਿਖੇ ਅਦਾਲਤ ਵਿੱਚ ਪੇਸ਼ ਹੋਏ ।
ਚੇਤੇ ਰਹੇ ਕਿ ਸੀ.ਬੀ.ਆਈ. ਨੇ ਆਪਣੀ ਜਾਂਚ ਉਪਰੰਤ ਸਾਧ ਗੁਰਮੀਤ ਰਾਮ ਹਰੀਮ ‘ਤੇ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ ਕਰਕੇ ਅਦਾਲਤ ਵਿੱਚ ਚਾਲਾਨ ਪੇਸ਼ ਕੀਤਾ ਸੀ, ਜਿਸ ਦੀ ਹੁਣ ਸੀ.ਬੀ.ਆਈ. ਦੀ ਪੰਚਕੂਲਾ ਵਿਖੇ ਵਿਸ਼ੇਸ਼ ਅਦਾਲਤ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ । ਸੂਤਰਾਂ ਅਨੁਸਾਰ ਤਿੰਨਾਂ ਕੇਸਾਂ ਦੀ ਅਗਲੀ ਤਾਰੀਖ਼ 16 ਅਪ੍ਰੈਲ ਤੈਅ ਕੀਤੀ ਗਈ ਹੈ ।