ਲੁਧਿਆਣਾ: ਜਮਹੂਰੀਅਤ ਦੀ ਖੂਬੀ ਇਹੀ ਹੈ ਕਿ ਇੱਥੇ ਸਾਰਿਆਂ ਨੂੰ ਆਪੋ-ਆਪਣੇ ਧਰਮ ’ਤੇ ਚੱਲਣ ਦੀ ਪੂਰੀ ਆਜ਼ਾਦੀ ਹੈ। ਫਿਰਕਾਪ੍ਰਸਤ ਤਾਕਤਾਂ ਘੱਟ ਗਿਣਤੀਆਂ ਦੇ ਧਰਮ ਵਿੱਚ ਸੱਤਾ ਦੇ ਬਲ ’ਤੇ ਦਖ਼ਲਅੰਦਾਜ਼ੀ ਕਰਨਾ ਚਾਹੁੰਦੀਆਂ ਹਨ, ਜੋ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਬੀਤੇ ਦੋ ਦਿਨਾਂ ਵਿੱਚ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਅਤੇ ਯੋਗੀ ਅਦਿਤਿਆ ਨਾਥ ਨੇ ਇਸਲਾਮ ਧਰਮ ਖ਼ਿਲਾਫ਼ ਜੋ ਟਿੱਪਣੀਆਂ ਕੀਤੀਆਂ ਹਨ, ਉਹ ਨਿੰਦਣਯੋਗ ਹਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਇਸ ਗੱਲ ਪਤਾ ਨਹੀਂ ਕਿ ਇਸਲਾਮ ਧਰਮ ਨੇ 1400 ਸਾਲ ਪਹਿਲਾ ਹੀ ਧੀ ਨੂੰ ਖ਼ੁਦਾ ਦੀ ਰਹਿਮਤ ਦੱਸਦੇ ਹੋਏ ਉਸ ਨੂੰ ਨਾ ਸਿਰਫ਼ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿੱਤਾ, ਸਗੋਂ ਬਾਪ ਦੀ ਜਾਇਦਾਦ ਵਿੱਚ ਵੀ ਹੱਕਦਾਰ ਬਣਾਇਆ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਲੋਕ ਮੁਸਲਿਮ ਔਰਤਾਂ ਦੇ ਹੱਕ ਦੀ ਗੱਲ ਕਰਦੇ ਹਨ, ਜੋ ਖ਼ੁਦ ਸਮਾਜ ਵਿੱਚ ਛੂਆ-ਛੂਤ ਦੇ ਸੂਤਰਧਾਰ ਹਨ ਅਤੇ ਇਨਸਾਨਾਂ ਨੂੰ ਵੀ ਬਰਾਬਰੀ ਦਾ ਦਰਜਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹਿ ਕੇ ਘੱਟ ਗਿਣਤੀਆਂ ਨੂੰ ਧਮਕੀਆਂ ਦੇਣਾ ਬਹਾਦਰੀ ਨਹੀਂ ਬੁਜ਼ਦਿਲੀ ਹੈ ਅਤੇ ਇਨ੍ਹਾਂ ਸੰਸਦ ਮੈਂਬਰਾਂ ਦੀਆਂ ਇਹ ਗੱਲਾਂ ਕੇਂਦਰ ਦੀ ਭਾਜਪਾ ਸਰਕਾਰ ਲਈ ਸ਼ਰਮ ਦੀ ਗੱਲ ਹੈ।
ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਮੁਸਲਮਾਨ ਹਮੇਸ਼ਾ ਆਪਣਾ ਜੀਵਨ ਇਸਲਾਮ ਧਰਮ ’ਤੇ ਆਧਾਰਤ ਜਿਊਂਦੇ ਆਏ ਹਨ ਅਤੇ ਮੁਸਲਿਮ ਪਰਸਨਲ ਲਾਅ ਬੋਰਡ ਵਿੱਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਮੁਸਲਮਾਨ, ਹਿੰਦੂ ਅਤੇ ਸਿੱਖ ਸਭ ਨੇ ਮਿਲ ਕੇ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ। ਇਹ ਦੇਸ਼ ਸਾਰਿਆਂ ਦਾ ਹੈ। ਘੱਟ ਗਿਣਤੀਆਂ ਇੱਥੇ ਕਿਰਾਏਦਾਰ ਨਹੀਂ ਕਿ ਸੱਤਾਧਾਰੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਰਹਿਣ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਦੁਨੀਆ ਦੀ ਕੋਈ ਤਾਕਤ ਸਾਨੂੰ ਸਾਡੇ ਧਰਮ ਤੋਂ ਹਟਾ ਨਹੀਂ ਸਕਦੀ। ਇਸ ਮੌਕੇ ਕਾਰੀ ਮੁਹੰਮਦ ਮੋਹਤਰਮ, ਗੁਲਾਮ ਹਸਨ ਕੈਸਰ, ਸ਼ਾਹ ਨਵਾਜ ਹੁਸੈਨ, ਮੁਫ਼ਤੀ ਜਮਾਲੂਦੀਨ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਮੌਜੂਦ ਸਨ।