ਚੰਡੀਗੜ੍ਹ: ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਮਿਸ਼ਨ 2017 ਨੂੰ ਧਿਆਨ ਵਿਚ ਰੱਖਦਿਆਂ ਪੂਰੀ ਤਰ੍ਹਾਂ ਚੋਣ ਮੂਡ ਵਿਚ ਆ ਗਈ ਹੈ। ਹਰ ਰੋਜ਼ ਹੀ ਕੈਬਨਿਟ ਮੀਟਿੰਗਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਦੇ ਤਰ੍ਹਾਂ-ਤਰ੍ਹਾਂ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਜੋ ਕੰਮ ਪਿਛਲੇ ਸਾਢੇ ਨੌਂ ਸਾਲ ਵਿਚ ਸਰਕਾਰ ਨੇ ਲਟਕਾਈ ਰੱਖੇ ਹਨ, ਉਹਨਾਂ ਨੂੰ ਹੁਣ ‘‘ਆਈ ਜੰਨ ਵਿੰਨੋ ਕੁੜੀ ਦੇ ਕੰਨ’’ ਦੀ ਕਹਾਵਤ ਵਾਂਗ ਹੁਣ ਉਹਨਾਂ ਨੂੰ ਦਿਨਾਂ ਅਤੇ ਘੰਟਿਆਂ ਵਿਚ ਹੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਵੇਰੇ ਆਪਣੀ ਰਿਹਾਇਸ਼ ’ਤੇ ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਲਈ ਲੜੀਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਸੱਤ ਲੱਖ ਪਰਿਵਾਰ ਹੋਰ ਆਟਾ-ਦਾਲ ਸਕੀਮ ਦੇ ਘੇਰੇ ਹੇਠ ਲਿਆਉਣ ਦੀ ਪ੍ਰਕ੍ਰਿਆ ਤੁਰੰਤ ਸ਼ੁਰੂ ਕਰਨ ਲਈ ਆਖਿਆ।
ਸੱਤ ਲੱਖ ਪਰਿਵਾਰਾਂ ਨੂੰ ਆਟਾ-ਦਾਲ ਅਤੇ ਸਕੂਲੀ ਵਿਦਿਆਰਥਣਾਂ ਨੂੰ 75,000 ਸਾਈਕਲ ਵੰਡਣ ਦੀ ਬਣਾਈ ਸਕੀਮ
ਜ਼ਿਕਰਯੋਗ ਹੈ ਕਿ 28 ਲੱਖ ਪਰਿਵਾਰਾਂ ਨੂੰ ਪਹਿਲਾਂ ਹੀ ਇਸ ਸਕੀਮ ਹੇਠ ਲਿਆਂਦਾ ਜਾ ਚੁੱਕਾ ਹੈ। ਹੁਣ ਤੱਕ ਇਸ ਸਕੀਮ ਅਧੀਨ 1.13 ਕਰੋੜ ਲੋਕ ਹਨ ਅਤੇ ਹੋਰ ਸੱਤ ਲੱਖ ਪਰਿਵਾਰ ਸ਼ਾਮਲ ਕਰਨ ਨਾਲ ਲਾਭਪਾਤਰੀਆਂ ਦੀ ਕੁੱਲ ਗਿਣਤੀ 1.41 ਕਰੋੜ ਲੋਕ ਹੋ ਜਾਵੇਗੀ ਜਿਸ ਨਾਲ ਸੂਬੇ ਦੀ ਅੱਧੀ ਆਬਾਦੀ ਇਸ ਸਕੀਮ ਦੀ ਲਾਭਪਾਤਰੀ ਹੋ ਜਾਵੇਗੀ।

ਇਕ ਖੇਤੀ ਪ੍ਰਧਾਨ ਸੂਬੇ ਦੀ ਇੰਨੀ ਵੱਡੀ ਆਬਾਦੀ ਨੂੰ ਸਸਤੀ ਆਟਾ-ਦਾਲ ਸਕੀਮ ਤਹਿਤ ਭੋਜਨ ਮੁਹੱਈਆ ਕਰਵਾਉਣ ਦੀ ਇਹ ਸਕੀਮ ਆਪਣੇ ਆਪ ਵਿਚ ਕਿੰਨੀ ਹਾਸੋਹੀਣੀ ਜਾਪ ਰਹੀ ਹੈ ਕਿ ਜੋ ਰਾਜ ਪੂਰੇ ਦੇਸ਼ ਦਾ ਅੰਨਦਾਤਾ ਅਖਵਾਉਂਦਾ ਹੈ ਅਤੇ ਲਗਭਗ ਪੌਣੇ ਹਿੰਦੁਸਤਾਨ ਦਾ ਢਿੱਡ ਭਰਦਾ ਹੈ, ਉਸ ਦੀ ਆਪਣੀ ਇੰਨੀ ਵੱਡੀ ਆਬਾਦੀ ਸਰਕਾਰ ਦੀ ਖ਼ੈਰਾਤ ਉਤੇ ਭੋਜਨ ਪ੍ਰਾਪਤ ਕਰ ਰਹੀ ਹੈ।
ਇਸੇ ਤਰ੍ਹਾਂ ਇਕ ਹੋਰ ਚੋਣਾਵੀਂ ਪੱਤਾ ਖੇਡਦਿਆਂ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੀਆਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 22 ਕਰੋੜ ਰੁਪਏ ਦੀ ਲਾਗਤ ਨਾਲ 75,000 ਸਾਈਕਲ ਵੰਡਣ ਦਾ ਅਗਲਾ ਪੜਾਅ 15 ਅਗਸਤ, 2016 ਨੂੰ ਆਰੰਭ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਉਤੇ ਹੁਣ ਤੱਕ ਪੰਜਾਬ ਦੇ ਖ਼ਜ਼ਾਨੇ ਦਾ 40 ਕਰੋੜ ਰੁਪਿਆ ਉਡਾਇਆ ਜਾ ਚੁੱਕਾ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਥਾਵਾਂ ਉਤੇ ਵਿਦਿਆਰਥਣਾਂ ਨੇ ਮੁੱਖ ਮੰਤਰੀ ਬਾਦਲ ਦੀ ਫੋਟੋ ਵਾਲੇ ਸਾਇਕਲ ਲੈਣ ਤੋਂ ਨਾਂਹ ਕਰਨ ਦੀਆਂ ਖਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ। ਇਕ ਸਰਕਾਰੀ ਅਨੁਮਾਨ ਅਨੁਸਾਰ ਸੂਬਾ ਸਰਕਾਰ ਵੱਲੋਂ ਸਾਲ 2015-16 ਦੌਰਾਨ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਹੁਣ ਤੱਕ 1,44,324 ਸਾਈਕਲ ਵੰਡੇ ਜਾ ਚੁੱਕੇ ਹਨ।