ਚੰਡੀਗੜ੍ਹ: ‘ਆਪ’ ਵਿਧਾਇਕ ਖ਼ਿਲਾਫ਼ ਛੇੜਛਾੜ ਦੇ ਗੰਭੀਰ ਦੋਸ਼ ਲੱਗਣ ਉਤੇ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਬਾਹਰ ਧਰਨਾ ਮਾਰਨ ਉਪਰ ਸਵਾਲ ਖੜ੍ਹਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤਾਂ ’ਤੇ ਭਰੋਸਾ ਕਿਉਂ ਨਹੀਂ ਹੈ?

ਉਨ੍ਹਾਂ ਪਾਰਟੀ ਦੀਆਂ ਅੰਦੋਲਨ ਅਤੇ ਬਲੈਕਮੇਲ ਕਰਨ ਸਬੰਧੀ ਹਰਕਤਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਕ ਔਰਤ ਨਾਲ ਛੇੜਛਾੜ ਤੇ ਇਕ ਬਜ਼ੁਰਗ ਨੂੰ ਚਪੇੜ ਮਾਰਨ ਦੇ ਮਾਮਲੇ ਵਿੱਚ ਆਪਣੇ ਇਕ ਵਿਧਾਇਕ ਦੀ ਗ੍ਰਿਫ਼ਤਾਰੀ ਉਪਰ ਇਸ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਦੋਹਰੇ ਮਾਪਦੰਡਾਂ ਤੇ ਸਿਆਸੀ ਬਲੈਕਮੇਲ ਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਭੇਜੇ ਨੋਟਿਸ ਦਾ ਸਮਰਥਨ ਕੀਤਾ ਸੀ, ਹੁਣ ਉਹ ਆਪਣੇ ਮਾਮਲੇ ਨੂੰ ਸਿਆਸੀ ਦੁਸ਼ਮਣੀ ਦੱਸਦੀ ਹੈ।